ਜਿਸ ਥਾਰ ’ਚ ਬੈਠੇ ਦਾ ਹੋਇਆ ਸੀ ਮੂਸੇਵਾਲਾ ਦਾ ਕਤਲ ਪੁੱਜੀ ਉਸਦੀ ਹਵੇਲੀ

Moosewala
ਮਾਨਸਾ: ਹਵੇਲੀ ਲਿਆਂਦੀ ਥਾਰ ਨੂੰ ਦੇਖਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ।

 ਗੱਡੀ ਨੂੰ ਦੇਖਕੇ ਭਾਵੁਕ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ

(ਸੁਖਜੀਤ ਮਾਨ) ਮਾਨਸਾ। ਇਸੇ ਵਰ੍ਹੇ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਜਿਸ ਥਾਰ ਗੱਡੀ ਵਿੱਚ ਸਫ਼ਰ ਕਰ ਰਹੇ ਗਾਇਕ ਸਿੱਧੂ ਮੂਸੇਵਾਲਾ ( Moosewala) ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕੀਤਾ ਗਿਆ ਸੀ, ਉਹ ਥਾਰ ਅੱਜ ਮੂਸੇਵਾਲਾ ਦੀ ਹਵੇਲੀ ਪੁੱਜ ਗਈ। ਘਰ ਪੁੱਜੀ ਗੋਲੀਆਂ ਨਾਲ ਵਿੰਨੀ ਥਾਰ ਨੂੰ ਸਿੱਧੂ ਦੇ ਪਿਤਾ ਨਮ ਅੱਖਾਂ ਨਾਲ ਤੱਕਦੇ ਰਹੇ।

ਵੇਰਵਿਆਂ ਮੁਤਾਬਿਕ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਆਪਣੇ ਪਿੰਡ ਦੇ ਦੋ ਸਾਥੀਆਂ ਨਾਲ ਜਦੋਂ ਥਾਰ ਗੱਡੀ ਵਿੱਚ ਸਵਾਰ ਹੋ ਕੇ ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਜਵਾਹਰਕੇ ਵਿੱਚੋਂ ਲੰਘ ਰਿਹਾ ਸੀ ਤਾਂ ਪਹਿਲਾਂ ਹੀ ਰੇਕੀ ਕਰਕੇ ਹਮਲੇ ਲਈ ਤਿਆਰ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸਿੱਧੂ (Moosewala) ਦਾ ਕਤਲ ਕਰ ਦਿੱਤਾ ਸੀ, ਜਦੋਂਕਿ ਉਸਦੇ ਨਾਲ ਦੇ ਦੋਵੇਂ ਸਾਥੀ ਜ਼ਖ਼ਮੀ ਹੋ ਗਏ ਸੀ। ਕਰੀਬ 7 ਮਹੀਨਿਆਂ ਬਾਅਦ ਜਦੋਂ ਅੱਜ ਸਿੱਧੂ ਮੂਸੇਵਾਲਾ ਦਾ ਆਖਰੀ ਸਫ਼ਰ ਬਣੀ ਥਾਰ ਉਸਦੇ ਪਿੰਡ ਮੂਸਾ ਸਥਿਤ ਉਹਨਾਂ ਦੀ ਹਵੇਲੀ ਪੁੱਜੀ ਤਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਗੱਡੀ ਨੂੰ ਦੇਖਕੇ ਕਾਫੀ ਭਾਵੁਕ ਹੋ ਗਏ। ਹਮਲੇ ਸਮੇਂ ਸਿੱਧੂ ਦਾ ਵਹਿਆ ਖੂਨ ਹਾਲੇ ਵੀ ਗੱਡੀ ਨੂੰ ਲੱਗਿਆ ਹੋਇਆ ਹੈ ਤੇ ਸਿੱਧੂ ਦੇ ਪਹਿਨੀਆਂ ਚੱਪਲਾਂ ਵਿੱਚੋਂ ਇੱਕ ਚੱਪਲ ਵੀ ਵਿੱਚ ਹੀ ਪਈ ਹੈ ।

ਹਮਲੇ ਤੋਂ ਬਾਅਦ ਥਾਰ ਨੂੰ ਮਾਨਸਾ ਥਾਣੇ ਦੀ ਸਿਟੀ-1 ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਸੀ, ਜੋ ਉਸ ਦਿਨ ਤੋਂ ਥਾਣੇ ਵਿੱਚ ਹੀ ਖੜ੍ਹੀ ਸੀ। ਹੁਣ ਮੂਸੇਵਾਲਾ ਦੇ ਮਾਪਿਆਂ ਵੱਲੋਂ ਥਾਰ ਨੂੰ ਘਰ ਲਿਆਂਦਾ ਗਿਆ ਹੈ । ਗੱਡੀ ਨੂੰ ਸਾਫ ਕਰਕੇ ਘਰ ਹੀ ਖੜ੍ਹਾਇਆ ਜਾਵੇਗਾ ਕਿਉਂਕਿ ਹਰ ਐਤਵਾਰ ਸਿੱਧੂ ਦੇ ਪ੍ਰਸੰਸਕ ਉਸਦੇ ਘਰ ਪੁੱਜਦੇ ਹਨ, ਉਹ ਹੁਣ ਸਿੱਧੂ ਦੇ ਆਖਰੀ ਸਫ਼ਰ ਵਾਲੀ ਥਾਰ ਨੂੰ ਵੀ ਦੇਖ ਸਕਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ