ਮਾਮਲਾ ਮੀਡੀਆਂ ’ਚ ਆਉਣ ਤੋ ਬਾਅਦ ਪੁਲਿਸ ਨੇ ਲਿਆ ਐਕਸ਼ਨ
(ਅਮਿਤ ਗਰਗ) ਰਾਮਪੁਰਾ ਫੂਲ। ਨੇੜਲੇ ਪਿੰਡ ਮਹਿਰਾਜ ’ਚ ਤੀਜੀ ਜਮਾਤ ’ਚ ਪੜ੍ਹਦੇ 9 ਸਾਲ ਦੇ ਮਾਸੂਮ ਬੱਚੇ ਨੂੰ ਪੱਖੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਮਹਿਰਾਜ ਦੇ ਵਾਸੀ ਜਸਵਿੰਦਰ ਸਿੰਘ ਦਾ 9 ਸਾਲ ਦਾ ਪੁੱਤਰ ਜੋ ਕਿ ਪਿੰਡ ਦੇ ਹੀ ਸਕੂਲ ’ਚ ਤੀਜੀ ਜਮਾਤ ਦਾ ਵਿਦਿਆਰਥੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਬੱਚੇ ਦੀ ਮਾਤਾ ਵੀਰਪਾਲ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮਹਿਰਾਜ ਖੁਰਦ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਅਨਪੜ੍ਹ ਹੈ। ਉਸਨੇ ਦੱਸਿਆ ਕਿ ਉਸਦਾ ਇੱਕ ਲੜਕਾ ਬਾਬਾ ਕਾਲਾ ਪਬਲਿਕ ਸਕੂਲ ਮਹਿਰਾਜ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਸਕੂਲ ਤੋਂ ਬਾਅਦ ਪਿੰਡ ਵਿੱਚ ਹੀ ਲਖਵਿੰਦਰ ਕੌਰ ਉਰਫ ਰੀਟਾ ਮੈਡਮ ਕੋਲ ਟਿਊਸ਼ਨ ਪੜ੍ਹਨ ਲਈ ਜਾਂਦਾ ਹੈ ।
ਬੀਤੀ ਚਾਰ ਅਕੂਤਬਰ ਨੂੰ ਏਕਮਵੀਰ ਸਕੂਲ਼ ਤੋਂ ਬਾਅਦ ਟਿਊਸ਼ਨ ਚਲਾ ਗਿਆ ਲਗਪਗ ਅੱਧੇ ਘੰਟੇ ਬਾਅਦ ਉਕਤ ਮੈਡਮ ਦਾ ਘਰਵਾਲਾ ਏਕਮਵੀਰ ਨੂੰ ਲੈ ਕੇ ਘਰ ਆਇਆ ਤੇ ਕਹਿਣ ਲੱਗਾ ਕਿ ਸਕੂਲ ਵਾਲਿਆਂ ਨੇ ਏਕਮਵੀਰ ਦੀ ਕਾਫੀ ਕੁੱਟਮਾਰ ਕੀਤੀ ਹੈ। ਮੋਢਿਆਂ ਅਤੇ ਪਿੱਠ ’ਚ ਜਿਆਦਾ ਸੱਟਾਂ ਹੋਣ ਕਾਰਨ ਅਸੀਂ ਆਪਣੇ ਬੱਚੇ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਮੈਡਮ ਦੇ ਘਰਵਾਲਾ ਬਿੰਦਰ ਸਿੰਘ ਨਾਲ ਹੋਣ ਕਾਰਨ ਏਕਮਵੀਰ ਨੇ ਡਰਦੇ ਹੋਏ ਕੁੱਟਮਾਰ ਕਰਨ ਬਾਰੇ ਨਾ ਦੱਸਿਆ।
ਬਿੰਦਰ ਸਿੰਘ ਦੇ ਜਾਣ ਤੋਂ ਬਾਅਦ ਬੱਚੇ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਟਿਊਸ਼ਨ ਨਹੀਂ ਸੀ ਗਿਆ ਕਿਸੇ ਦੇ ਘਰ ਖੜ੍ਹ ਗਿਆ ਸੀ ਜਿੱਥੋਂ ਬਿੰਦਰ ਸਿੰਘ ਉਸ ਨੂੰ ਡੰਡੇ ਨਾਲ ਕੱੁਟਦਾ ਆਪਣੇ ਘਰ ਲੈ ਗਿਆ ਅਤੇ ਘਰ ਜਾ ਕੇ ਰੀਟਾ ਮੈਡਮ ਦੇ ਸਾਹਮਣੇ ਵੀ ਉਸਦੀਆਂ ਦੋਵੇਂ ਲੱਤਾਂ ਨੂੰ ਚੁੰਨੀ ਨਾਲ ਬੰਨ ਛੱਤ ਵਾਲੇ ਪੱਖੇ ਨਾਲ ਪੁੱਠਾ ਲਮਕਾ ਕੇ ਡੰਡੇ ਨਾਲ ਕੁੱਟਿਆ ਅਤੇ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਫਿਰ ਕੁੱਟਾਂਗਾ । ਇਸ ਸਬੰਧੀ ਥਾਣਾ ਸਿਟੀ ਰਾਮਪੁਰਾ ਦੇ ਥਾਣਾ ਮੁਖੀ ਅੰਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਬੱਚੇ ਏਕਮਵੀਰ ਦੀ ਮਾਤਾ ਵੀਰਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਰਾਮਪੁਰਾ ’ਚ ਬਿੰਦਰ ਸਿੰਘ ’ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ