ਕਾਲੇ ਝੰਡਿਆਂ ਤੇ ਕਾਲੇ ਚੋਲਿਆਂ ਨਾਲ ਕਰਾਂਗੇ ਰੋਸ ਵਿਖਾਵਾ: ਅਧਿਆਪਕ
ਬਠਿੰਡਾ, (ਅਸ਼ੋਕ ਵਰਮਾ) ਸਿੱਖਿਆ ਮਹਿਕਮੇ ਦੇ ਅੜਬ ਪੈਂਤੜੇ ਨੇ ਸਾਂਝੇ ਅਧਿਆਪਕ ਮੋਰਚੇ ਨੂੰ ਕਾਲੀ ਦੀਵਾਲੀ ਮਨਾਉਣ ਦੇ ਰਾਹ ਪਾ ਦਿੱਤਾ ਹੈ ਮੋਰਚੇ ਦੇ ਆਗੂਆਂ ਨੇ ਬਠਿੰਡਾ ‘ਚ ਜੋਨ ਪੱਧਰੀ ਰੋਸ ਜਤਾਉਣ ਦਾ ਫੈਸਲਾ ਲਿਆ ਹੈ ਇਸ ਪ੍ਰੋਗਰਾਮ ‘ਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ, ਮੋਗਾ ਅਤੇ ਫਰੀਦਕੋਟ ਜਿਲ੍ਹਿਆਂ ਦੇ ਅਧਿਆਪਕ ਕਾਲੇ ਚੋਲਿਆਂ ਤੇ ਕਾਲੇ ਝੰਡਿਆਂ ਨਾਲ ਸ਼ਾਮਲ ਹੋਣਗੇ ਮੀਟਿੰਗ ਰੱਦ ਕਰਨ ਉਪਰੰਤ ਅਧਿਆਪਕਾਂ ਦੇ ਰੋਹ ਦਾ ਇਹ ਨਵਾਂ ਰੰਗ ਵੀ ਨਜ਼ਰ ਆਇਆ ਹੈ ਬਠਿੰਡਾ ਜ਼ਿਲ੍ਹੇ ਦੇ ਕਰੀਬ 24 ਅਧਿਆਪਕ ਦੂਰ-ਦੁਰਾਡੇ ਬਦਲੇ ਦਿੱਤੇ ਗਏ ਹਨ ਜਦੋਂ ਕਿ ਮਾਨਸਾ ਜ਼ਿਲ੍ਹੇ ਦੇ ਵੀ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਅਜਿਹਾ ਝਟਕਾ ਦਿੱਤਾ ਗਿਆ ਹੈ ਬਦਲੀਆਂ ਦੀ ਮਾਰ ਹੇਠ ਮੋਗਾ ਜਿਲ੍ਹੇ ਦੇ ਅਧਿਆਪਕ ਵੀ ਆਏ ਹਨ।
ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਵੱਲ 14 ਅਧਿਆਪਕਾਂ ਨੂੰ ਜਨਤਕ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਦੇਣ ਲਈ ਵੀ ਕਿਹਾ ਗਿਆ ਹੈ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ਪੇਸ਼ ਨਾ ਹੋਏ ਤਾਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਇਨ੍ਹਾਂ ਨੋਟਿਸ ਵਾਲਿਆਂ ‘ਚ ਬਠਿੰਡਾ ਜ਼ਿਲ੍ਹੇ ਦੇ ਪੰਜ ਅਧਿਆਪਕ ਵੀ ਸ਼ਾਮਲ ਹਨ ਦੇਖਿਆ ਜਾਏ ਤਾਂ ‘ਪਟਿਆਲਾ ਮੋਰਚਾ’ ਹੁਣ ਪੰਜਾਬ ਵਿਚ ਪੈਰ ਪਸਾਰਨ ਲੱਗਿਆ ਹੈ ਸਾਂਝੇ ਅਧਿਆਪਕ ਮੋਰਚੇ ਦੇ ਨੇਤਾ ਰੇਸ਼ਮ ਸਿੰਘ ਦਾ ਕਹਿਣਾ ਸੀ ਕਿ ਨਾਦਰਸ਼ਾਹੀ ਫ਼ੁਰਮਾਨ ਰਾਹੀਂ ਅਧਿਆਪਕਾਂ ਦੇ ਕੀਤੇ ਤਬਾਦਲੇ ਤੇ ਪਟਿਆਲਾ ‘ਚ ਭੁੱਖ ਹੜਤਾਲ ‘ਤੇ ਬੈਠੇ ਅਧਿਆਪਕਾਂ ਨਾਲ ਮੀਟਿੰਗ ਰੱਦ ਹੋਣ ਕਰਕੇ ਸਮੁੱਚੇ ਅਧਿਆਪਕ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਐਸਐਸਏ ਰਮਸਾ ਅਧਿਆਪਕਾਂ ਦੀ 65 ਫੀਸਦੀ ਤਨਖਾਹ ਕਟੌਤੀ ਅਤੇ ਅਧਿਆਪਕਾਂ ਦੇ ਤਬਾਦਲਿਆਂ ਅਤੇ ਮੁਅੱਤਲੀਆਂ ਦੇ ਰੋਸ ਵਜੋਂ ਸਮੁੱਚਾ ਅਧਿਆਪਕ ਵਰਗ ਇਸ ਵਾਰ ਕਾਲੀ ਦੀਵਾਲੀ ਮਨਾਏਗਾ ਡੀਟੀਐਫ ਆਗੂ ਗੁਰਮੁਖ ਸਿੰਘ ਨਥਾਣਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਧਿਆਪਕਾਂ ਦੀ ਹਰ ਮੰਗ ਨੂੰ ਜਾਇਜ਼ ਦੱਸਣ ਵਾਲੀ ਕਾਂਗਰਸ ਨੇ ਸੱਤਾ ‘ਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ ਹੈ।
ਉਨ੍ਹਾਂ ਦੋਸ਼ ਲਾਏ ਕਿ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਹੁਣ ਰੁਜ਼ਗਾਰ ਖੋਹਣ ਵਾਲੀਆਂ ਤਨਾਸ਼ਾਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਅਧਿਆਪਕ ਕਦੇ ਵੀ ਮਨਜੂਰ ਨਹੀਂ ਕਰਨਗੇ ਉਨ੍ਹਾਂ ਸਿੱਖਿਆ ਸਕੱਤਰ ‘ਤੇ ਗਲਤ ਅੰਕੜੇ ਪੇਸ਼ ਕਰਕੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਤੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦੀ ਗੱਲ ਵੀ ਆਖੀ ਅਧਿਆਪਕ ਆਗੂ ਬਲਜਿੰਦਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਅਤੇ ਮੁਲਾਜ਼ਮ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਰਨ ਹੀ ਅੱਜ ਹਰੇਕ ਵਰਗ ‘ਚ ਸਰਕਾਰ ਪ੍ਰਤੀ ਰੋਸ ਹੈ ਜਿਸ ਦੇ ਸਿੱਟੇ ਵਜੋਂ ਮੁਲਾਜ਼ਮ, ਕਿਸਾਨ, ਮਜ਼ਦੂਰ ਤੇ ਲੋਕ ਪੱਖੀ ਧਿਰਾਂ ਅਧਿਆਪਕ ਮੋਰਚੇ ‘ਚ ਸ਼ਮੂਲੀਅਤ ਕਰ ਰਹੀਆਂ ਹਨ।
ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਮਾਮਲਾ ਕਾਲੀ ਦੀਵਾਲੀ ਤੱਕ ਸੀਮਤ ਨਹੀਂ ਰਹੇਗਾ ਬਲਕਿ ਸਿੱਖਿਆ ਮੰਤਰੀ ਦੇ ਸ਼ਹਿਰ ਅੰਮ੍ਰਿਤਸਰ ਦੇ ਨਾਲ-ਨਾਲ ਪੂਰੇ ਪੰਜਾਬ ‘ਚ ਕਾਂਗਰਸ ਦੇ ਕਥਿਤ ਅੱਤਿਆਚਾਰੀ ਪ੍ਰਬੰਧ ਖ਼ਿਲਾਫ਼ ਮਾਤਮੀ ਪ੍ਰੋਗਰਾਮ ਕਰਾਏ ਜਾਣਗੇ ਉਨ੍ਹਾਂ ਅਧਿਆਪਕਾਂ ਨੂੰ ਕਾਂਗਰਸ ਸਰਕਾਰ ਦੇ ਤੁਗਲਕੀ ਫੈਸਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸੰਘਰਸ਼ ਨੂੰ ਤੇਜ਼ ਕਰਨ ਅਤੇ ਜਥੇਬੰਦਕ ਮਜ਼ਬੂਤੀ ਦਾ ਸੱਦਾ ਦਿੱਤਾ।
ਜ਼ਿਆਦਤੀ ਬਰਦਾਸ਼ਤ ਨਹੀਂ: ਸਹੋਤਾ
ਅਧਿਆਪਕ ਆਗੂ ਜਗਸੀਰ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਸਰਕਾਰ ਅੜੀਅਲ ਵਤੀਰਾ ਅਖ਼ਤਿਆਰ ਕਰਕੇ ਪੰਜਾਬ ਦੇ ਵਿੱਦਿਅਕ ਮਾਹੌਲ ਨੂੰ ਖ਼ਰਾਬ ਕਰਨ ਦੇ ਰਾਹ ਪਈ ਹੈ ਉਨ੍ਹਾਂ ਆਖਿਆ ਕਿ ਅਧਿਆਪਕ ਕਿਸੇ ਤਰ੍ਹਾਂ ਦੀ ਜ਼ਿਆਦਤੀ ਬਰਦਾਸ਼ਤ ਨਹੀਂ ਕਰਨਗੇ ਅਤੇ ਸੰਘਰਸ਼ ਜਾਰੀ ਰੱਖਿਆ ਜਾਏਗਾ।
5178 ਅਧਿਆਪਕਾਂ ਨੂੰ ਵੀ ਅੰਗੂਠਾ
ਪੰਜਾਬ ਸਰਕਾਰ ਨੇ 5178 ਅਧਿਆਪਕਾਂ ਨੂੰ ਵੀ ਅੰਗੂਠਾ ਦਿਖਾ ਦਿੱਤਾ ਹੈ ਜਿਸ ਕਰਕੇ ਉਹ ਵੀ ਕਾਲੀ ਦੀਵਾਲੀ ਦੇ ਰਾਹ ਪਏ ਹੋਏ ਹਨ 5178 ਮਾਸਟਰ ਕਾਡਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਨਵੰਬਰ 2017 ਤੋਂ ਪੂਰੀ ਤਨਖਾਹ ‘ਤੇ ਰੈਗੂਲਰ ਕਰਨਾ ਸੀ ਪਰ ਅਪਰੈਲ 2019 ‘ਚ ਦਿੱਤੇ ਬੇਤੁਕੇ ਬਿਆਨ ਕਾਰਨ ਉਹ ਰੋਹ ਨਾਲ ਭਰੇ ਪੀਤੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਇਸ ਵਾਰ ਅੱਠਵੀਂ ਦੀਵਾਲੀ ਕਾਲੀ ਮਨਾਉਣ ਦਾ ਫੈਸਲਾ ਕੀਤਾ ਹੈ।