ਪੰਜਾਬੀ ਮਾਂ-ਬੋਲੀ ਦੇ ਅਖੌਤੀ ਸੇਵਾਦਾਰ

ਅੱਜ-ਕੱਲ੍ਹ ਹਰ ਪੰਜਾਬੀ ਲਿਖਾਰੀ, ਗਾਇਕ, ਸ਼ਾਇਰ, ਨਾਟਕਕਾਰ, ਐਕਟਰ ਅਤੇ ਨੇਤਾ ਮਾਂ ਬੋਲੀ ਦੀ ਸੇਵਾ ਕਰਨ ਦੇ ਦਮਗਜੇ ਮਾਰ ਰਿਹਾ ਹੈ। ਪਰ ਅਸਲ ਵਿੱਚ ਜ਼ਿਆਦਾ ਕਥਿਤ ਸੇਵਾਦਾਰ ਇਹ ਕਾਰਜ ਸਿਰਫ਼ ਤੇ ਸਿਰਫ਼ ਆਪਣੇ ਸਵਾਰਥ ਲਈ ਕਰ ਰਹੇ ਹਨ। ਅਜਿਹੇ ਨਿਸ਼ਕਾਮ ਸੇਵਕਾਂ ਦੇ ਆਪਣੇ ਬੱਚੇ ਪੰਜਾਬੀ ਸਕੂਲਾਂ ਦੀ ਬਜਾਏ ਕਾਨਵੈਂਟਾਂ ‘ਚ ਪੜ੍ਹਦੇ ਹਨ । ਪਿੱਛੇ ਜਿਹੇ ਖਬਰ ਲੱਗੀ ਸੀ ਕਿ ਇੱਕ ਸੀਨੀਅਰ ਅਧਿਕਾਰੀ ਨੇ ਮਾਂ ਬੋਲੀ ਦੀ ਸੇਵਾ ਕਰਨ ਦੀ ਆੜ ਵਿੱਚ ਇੱਕ ਕਿਤਾਬ ਲਿਖੀ ਅਤੇ ਆਪਣੇ ਮਾਤਹਿੱਤਾਂ ਰਾਹੀਂ ਜਬਰੀ ਵੇਚ ਕੇ ਲੱਖਾਂ ਰੁਪੱਈਆ ਕਮਾ ਲਿਆ। Punjabi mother tongue

ਦੋਵਾਂ ਫਿਰਕਿਆਂ ‘ਚ ਕੋਈ ਜਿਆਦਾ ਮੋਹ ਪਿਆਰ ਜਾਂ ਮੇਲ ਮਿਲਾਪ ਨਹੀਂ

ਪੰਜਾਬੀ ਇੱਕ ਅੱਤ ਪ੍ਰਾਚੀਨ ਅਤੇ ਮਹਾਨ ਬੋਲੀ ਹੈ ਜਿਸ ਨੂੰ ਅਜਿਹੇ ਸੇਵਾਦਾਰਾਂ ਦੀ ਬਹੁਤੀ ਜ਼ਰੂਰਤ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਨੂੰ ਮਿਲਾ ਕੇ 12 ਕਰੋੜ ਦੇ ਕਰੀਬ ਲੋਕ ਪੰਜਾਬੀ ਬੋਲਦੇ ਹਨ । ਇਹ ਪਾਕਿਸਤਾਨ ਦੀ ਅੱਵਲ, ਕੈਨੇਡਾ ਦੀ ਤੀਜੀ, ਇੰਗਲੈਂਡ ਦੀ ਚੌਥੀ, ਭਾਰਤ ਦੀ ਗਿਆਰ੍ਹਵੀਂ ਅਤੇ ਸੰਸਾਰ ਦੀ ਦਸਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਟਲੀ, ਅਮਰੀਕਾ, ਆਸਟਰੇਲੀਆ, ਯੂ.ਏ.ਈ. ਅਤੇ ਸਾਊਦੀ ਅਰਬ ਵਿੱਚ ਪੰਜਾਬੀ ਦੀ ਰੜਕਵੀਂ ਹਾਜ਼ਰੀ ਹੈ। ਉਂਜ ਭਾਰਤ ਪਾਕਿਸਤਾਨ ਵਿੱਚ ਜੇ ਕੋਈ ਕੌਮ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੀ ਹੈ ਤਾਂ ਉਹ ਸਿਰਫ਼ ਪੰਜਾਬੀ ਹਨ। ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੀ ਇੱਕੋ ਬੋਲੀ ਹੋਣ ਦੇ ਬਾਵਜੂਦ ਦੋਵਾਂ ਫਿਰਕਿਆਂ ‘ਚ ਕੋਈ ਜਿਆਦਾ ਮੋਹ ਪਿਆਰ ਜਾਂ ਮੇਲ ਮਿਲਾਪ ਨਹੀਂ ਹੈ। ਪੰਜਾਬੀ ਆਪਣੇ ਸੂਬੇ ਅਤੇ ਬੋਲੀ ਨੂੰ ਐਨਾ ਪਿਆਰ ਕਰਦੇ ਹਨ ਕਿ ਦੋਵਾਂ ਪੰਜਾਬਾਂ ਨੂੰ ਪੂਰਬੀ ਤੇ ਪੱਛਮੀ ਪੰਜਾਬ ਕਹਿਣ ਦੀ ਬਜਾਏ ਪੰਜਾਬ ਹੀ ਕਿਹਾ ਜਾਂਦਾ ਹੈ।

ਪੰਜਾਬੀ ‘ਚ ਹੋਰ ਕਿਸੇ ਵੀ ਭਾਰਤੀ ਭਾਸ਼ਾ ਨਾਲੋਂ ਜ਼ਿਆਦਾ ਅਰਬੀ-ਫਾਰਸੀ ਸ਼ਬਦ ਹਨ

ਉੱਤਰੀ ਭਾਰਤ ਦੀਆਂ ਅਨੇਕਾਂ ਬੋਲੀਆਂ ਵਾਂਗ ਪੰਜਾਬੀ ਵੀ ਵੈਦਿਕ ਕਾਲੀਨ ਇੰਡੋ ਆਰੀਅਨ ਭਾਸ਼ਾ ਹੈ ਜੋ ਸੰਸਕ੍ਰਿਤ ‘ਚੋਂ ਵਿਕਸਿਤ ਹੋਈ ਹੈ। 7ਵੀਂ ਸਦੀ ਤੱਕ ਪੰਜਾਬੀ ਵੱਖਰੀ ਭਾਸ਼ਾ ਦੇ ਰੂਪ ‘ਚ ਉੱਭਰਨ ਲੱਗੀ ਤੇ 10ਵੀਂ ਸਦੀ ਤੱਕ ਪੂਰਨ ਭਾਸ਼ਾ ਬਣ ਗਈ। ਉੱਤਰੀ ਭਾਰਤ ‘ਤੇ ਮੁਸਲਿਮ ਕਬਜ਼ੇ ਤੋਂ ਬਾਦ ਪੰਜਾਬੀ ‘ਚ ਅਰਬੀ ਅਤੇ ਫਾਰਸੀ ਸ਼ਬਦ ਵੀ ਮਿਲਣੇ ਸ਼ੁਰੂ ਹੋ ਗਏ। ਪੰਜਾਬੀ ‘ਚ ਹੋਰ ਕਿਸੇ ਵੀ ਭਾਰਤੀ ਭਾਸ਼ਾ ਨਾਲੋਂ ਜ਼ਿਆਦਾ ਅਰਬੀ-ਫਾਰਸੀ ਸ਼ਬਦ ਹਨ। ਅੰਗਰੇਜ਼ੀ ਸ਼ਾਸਨ ਦੌਰਾਨ ਕੁਝ ਇੰਗਲਿਸ਼ ਸ਼ਬਦ ਵੀ ਇਸ ਵਿੱਚ ਰਲ ਗਏ। 1947 ਤੱਕ ਕਦੇ ਵੀ ਪੰਜਾਬੀ ਪੰਜਾਬ ਦੀ ਸਰਕਾਰੀ ਭਾਸ਼ਾ ਨਹੀਂ ਰਹੀ।

ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਰਕਾਰੀ ਭਾਸ਼ਾ ਫਾਰਸੀ ਹੀ ਸੀ। ਪੰਜਾਬੀ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੀ ਸਰਕਾਰੀ ਭਾਸ਼ਾ 1947 ਤੋਂ ਬਾਦ ਹੀ ਬਣ ਸਕੀ ਹੈ। ਇਹ ਉਦੋਂ ਤੱਕ ਬਿਨਾਂ ਕਿਸੇ ਸਰਕਾਰੀ ਸਰਪ੍ਰਸਤੀ ਦੇ ਸਿਰਫ ਵਿਦਵਾਨਾਂ ਅਤੇ ਲਿਖਾਰੀਆਂ ਦੇ ਸਿਰ ‘ਤੇ ਹੀ ਵਿਕਾਸ ਕਰਦੀ ਰਹੀ। ਇਸ ਕਾਲ ਦੌਰਾਨ ਇਸ ਵਿੱੱਚ ਉੱਚ ਕੋਟੀ ਦਾ ਰੋਮਾਂਟਿਕ, ਇਤਿਹਾਸਕ, ਸਮਾਜਿਕ ਅਤੇ ਧਾਰਮਿਕ ਸਾਹਿਤ ਰਚਿਆ ਗਿਆ।

ਸੋਧੀ ਹੋਈ ਨਾਸਤਾਲਿਕ ਲਿੱਪੀ

ਪੰਜਾਬੀ ਦੀਆਂ ਕਈ ਉੱਪ ਭਾਸ਼ਾਵਾਂ ਹਨ ਜਿਵੇਂ ਸਰਾਇਕੀ, ਪੋਠੋਹਾਰੀ, ਹਿੰਦਕੋ, ਮੁਲਤਾਨੀ, ਸ਼ਾਹਪੁਰੀ, ਧਾਨੀ, ਝਾਂਗਵੀ, ਜਾਂਗਲੀ, ਦੁਆਬੀ, ਮਲਵਈ ਅਤੇ ਪੁਆਧੀ ਆਦਿ। ਪਰ ਲਿਖਣ ਪੜ੍ਹਨ ਲਈ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਬੋਲੀ ਜਾਣ ਵਾਲੀ ਮਾਝੀ ਬੋਲੀ ਨੂੰ ਸਹੀ ਮੰਨਿਆ ਜਾਂਦਾ ਹੈ। ਇਹ ਸੰਸਾਰ ਦੀ ਸ਼ਾਇਦ ਇੱਕੋ ਇੱਕ ਭਾਸ਼ਾ ਹੈ ਜੋ ਦੋ ਲਿੱਪੀਆਂ ਵਿੱਚ ਲਿਖੀ ਜਾਂਦੀ ਹੈ ਅਤੇ ਦੋਵੇਂ ਹੀ ਇੱਕੋ ਜਿੰਨੀਆਂ ਮਕਬੂਲ ਹਨ। ਭਾਰਤੀ ਪੰਜਾਬ ਵਿੱਚ ਗੁਰਮੁਖੀ ਅਤੇ ਪਾਕਿਸਤਾਨੀ ਪੰਜਾਬ ਵਿੱਚ ਫਾਰਸੀ ਦੀ ਸੋਧੀ ਹੋਈ ਨਾਸਤਾਲਿਕ ਲਿੱਪੀ (ਸ਼ਾਹਮੁਖੀ) ਵਰਤੀ ਜਾਂਦੀ ਹੈ। ਗੁਰਮੁਖੀ ਦਾ ਮਤਲਬ ਹੈ ਜੋ ਗੁਰੂ ਦੇ ਮੂੰਹ ਵਿੱਚੋਂ ਨਿੱਕਲੀ ਹੋਵੇ ਤੇ ਸ਼ਾਹਮੁਖੀ ਦਾ ਮਤਲਬ ਹੈ ਜੋ ਬਾਦਸ਼ਾਹ ਦੇ ਮੂੰਹ ‘ਚੋਂ ਨਿੱਕਲੀ ਹੋਵੇ। ਪੰਜਾਬੀ ਦਾ ਸ਼ੁਰੂਆਤੀ ਸਾਹਿਤ ਯੋਗੀ ਨਾਥਾਂ ਨੇ ਲਿਖਿਆ ਸੀ ਜੋ ਹੁਣ ਕਿਤੇ-ਕਿਤੇ ਹੀ ਲੱਭਦਾ ਹੈ।

ਪੰਜਾਬੀ ਦਾ ਸਭ ਤੋਂ ਪਹਿਲਾ ਪ੍ਰਮਾਣਿਕ ਲਿਖਾਰੀ-ਕਵੀ ਸ਼ੇਖ ਫਰੀਦ ਸ਼ਕਰਗੰਜ ਨੂੰ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਹਾਫਿਜ਼ ਬਰਖੁਰਦਾਰ, ਪੀਲੂ, ਸੁਲਤਾਨ ਬਾਹੂ, ਸ਼ਾਹ ਸ਼ਰਫ, ਅਲੀ ਹੈਦਰ, ਸਾਲੇਹ ਮੁਹੰਮਦ ਸਫੂਰੀ ਆਦਿ ਸੂਫੀ ਸੰਤਾਂ ਨੇ ਪੰਜਾਬੀ ਨੂੰ ਅਮੀਰ ਕੀਤਾ। ਸਭ ਤੋਂ ਵੱਧ ਵਾਰਾਂ ਅਤੇ ਕਿੱਸੇ ਵੀ ਪੰਜਾਬੀ ਵਿੱਚ ਹੀ ਲਿਖੇ ਗਏ ਹਨ।

15ਵੀਂ ਸਦੀ ਵਿੱਚ ਸਿੱਖ ਧਰਮ ਦੇ ਉੱਥਾਨ ਨੇ ਪੰਜਾਬੀ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਸਾਰੀ ਗੁਰਬਾਣੀ ਪੰਜਾਬੀ ਵਿੱਚ ਉਚਾਰੀ ਗਈ। ਗੁਰੂ ਗੰ੍ਰਥ ਸਾਹਿਬ ਦੀ ਭਾਸ਼ਾ ਪੰਜਾਬੀ ਹੋਣ ਕਾਰਨ ਇਹ ਸਰਵ ਪ੍ਰਵਾਨਿਤ ਭਾਸ਼ਾ ਬਣ ਗਈ ਹੈ। ਇਸ ਤੋਂ ਬਾਦ ਸ਼ਾਹ ਮੁਹੰਮਦ, ਨਾਨਕ ਸਿੰਘ, ਭਾਈ ਵੀਰ ਸਿੰਘ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਦੀਵਾਨ ਸਿੰਘ ਕਾਲੇਪਾਣੀ, ਸ਼ਿਵ ਬਟਾਲਵੀ, ਸੁਰਜੀਤ ਪਾਤਰ ਅਤੇ ਪਾਸ਼ ਆਦਿ ਨੇ ਮਾਂ ਬੋਲੀ ਦਾ ਵਿਕਾਸ ਕੀਤਾ।

ਮਾਂ ਬੋਲੀ ਦੀ ਸੇਵਾ

ਹੁਣ ਮੇਰੇ ਵਰਗੇ ਜਿਹੜੇ ਮਾਂ ਬੋਲੀ ਦੀ ਸੇਵਾ ਦਾ ਦਮ ਭਰਦੇ ਹਨ ਉਹ ਆਮ ਤੌਰ ‘ਤੇ ਝੂਠ ਹੀ ਬੋਲਦੇ ਹਨ। ਉਹ ਸਿਰਫ ਨਾਂਅ ਜਾਂ ਪੈਸਾ ਕਮਾਉਣ ਲਈ ਹੀ ਇਸ ਧੰਦੇ ਵਿੱਚ ਪਏ ਹੋਏ ਹਨ। ਕਈ ਕਲਾਕਾਰ ਇੰਟਰਵਿਊ ਵਿੱਚ ਬਹੁਤ ਦਾਅਵੇ ਕਰਦੇ ਹਨ ਪਰ ਜੇ ਕਿਤੇ ਕੈਂਸਰ ਪੀੜਤ ਬੱਚਿਆਂ ਦੀ ਭਲਾਈ ਲਈ ਵੀ ਪ੍ਰੋਗਰਾਮ ਪੇਸ਼ ਕਰਨਾ ਹੋਵੇ ਤਾਂ ਫੀਸ ਲਏ ਬਿਨਾ ਸਟੇਜ਼ ‘ਤੇ ਨਹੀਂ ਚੜ੍ਹਦੇ। ਮਾਂ ਬੋਲੀ ਦੀ ਸੇਵਾ ਗੁਰੂ ਸਾਹਿਬਾਨ, ਸ਼ੇਖ ਫਰੀਦ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਵਰਗਿਆਂ ਨੇ ਕੀਤੀ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਲੋਭ ਲਾਲਚ ਜਾਂ ਪੈਸੇ ਕਮਾਉਣ ਦੀ ਲਾਲਸਾ ਦੇ ਸਾਹਿਤ ਰਚਨਾ ਕੀਤੀ। ਹੁਣ ਤਾਂ ਕਿਤਾਬ ਛਪਵਾਉਣ ਤੋਂ ਪਹਿਲਾਂ ਸਾਰੇ ਹਿਸਾਬ ਕਿਤਾਬ ਲਾਏ ਜਾਂਦੇ ਹਨ ਕਿ ਕਿੰਨੇ ਪੈਸੇ ਲੱਗਣਗੇ, ਕਿੰਨੀਆਂ ਕਿਤਾਬਾਂ ਮਿਲਣਗੀਆਂ ਤੇ ਲੱਗੇ ਹੋਏ ਪੈਸੇ ਕਿਵੇਂ ਪੂਰੇ ਕਰਨੇ ਹਨ?

ਅਨੇਕਾਂ ਮਾਂ ਬੋਲੀ ਦੇ ਅਜਿਹੇ ਸਪੂਤ ਵੇਖੇ ਹਨ ਜੋ ਇੱਕ ਲੈਕਚਰ ਦੇਣ ਦਾ ਲੱਖ-ਪੰਜਾਹ ਹਜ਼ਾਰ ਲੈਂਦੇ ਹਨ ਤੇ ਕਿਰਾਇਆ ਵੱਖਰਾ। ਐਨੇ ਪੈਸੇ ਲੈ ਕੇ ਵੀ ਮਾਂ ਬੋਲੀ ਪੰਜਾਬੀ ਦਾ ਮਹਾਨ ਬੇਟਾ ਖਿਤਾਬ ਸਟੇਜ ਤੋਂ ਪੂਰੇ ਢੀਠਪਣੇ ਨਾਲ ਪ੍ਰਾਪਤ ਕਰਦੇ ਹਨ। ਅਜਿਹੇ ਸੂਰਮੇ ਵੀ ਵੇਖੇ ਹਨ ਜੋ ਇੱਕ ਵੀ ਅੱਖਰ ਲਿਖੇ ਬਗੈਰ ਜੁਗਾੜ ਮਾਰ ਕੇ ਕੈਨੇਡਾ-ਅਮਰੀਕਾ ਤੱਕ ਹੁੰਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਹਿੱਸਾ ਲੈ ਆਉਂਦੇ ਹਨ। ਮੈਗਜ਼ੀਨ ਜਾਂ ਅਖਬਾਰ ਜਿੰਨੀ ਮਰਜ਼ੀ ਵਧੀਆ ਹੋਵੇ, ਜੇ ਉਹ ਪੈਸੇ ਨਹੀਂ ਦੇਂਦੇ ਤਾਂ ਆਰਟੀਕਲ ਭੇਜਣਾ ਬੰਦ ਕਰ ਦੇਂਦੇ ਹਨ।

ਕਲਾਕਾਰਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ

ਪੰਜਾਬੀ ਭਾਸ਼ਾ ਸੈਂਕੜੇ ਸਾਲਾਂ ਤੋਂ ਇਸ ਜ਼ਮੀਨ ‘ਤੇ ਪ੍ਰਚੱਲਤ ਹੈ ਅਤੇ ਦੁਨੀਆਂ ਦੇ ਅਖੀਰ ਤੱਕ ਕਾਇਮ ਰਹਿਣੀ ਹੈ। ਜਿੱਥੇ ਜਿੱਥੇ ਵੀ ਪੰਜਾਬੀ ਗਏ ਹਨ, ਉਥੇ ਹੀ ਇਸ ਨੇ ਆਪਣੀ ਮੌਜੂਦਗੀ ਦੇ ਝੰਡੇ ਗੱਡੇ ਹਨ। ਇੰਗਲੈਂਡ ਅਤੇ ਕੈਨੇਡਾ ਵਿੱਚ ਸੜਕਾਂ ਅਤੇ ਏਅਰਪੋਰਟਾਂ ‘ਤੇ ਪੰਜਾਬੀ ਵਿੱਚ ਲੱਗੇ ਬੋਰਡ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਹਰੇਕ ਬੱੱੱੱੁੱਧੀਜੀਵੀ ਨੂੰ ਨਿਸ਼ਕਾਮ ਤਰੀਕੇ ਨਾਲ ਇਸ ਨੂੰ ਅਮੀਰ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਅਜੇ ਪੰਜਾਬੀ ਲਈ ਬਹੁਤ ਕੰਮ ਕਰਨਾ ਬਾਕੀ ਪਿਆ ਹੈ। ਇਹ ਠੀਕ ਹੈ ਕਿ ਕਲਾਕਾਰਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ, ਪਰ ਗਰੀਬਾਂ ਅਤੇ ਬੇਸਹਾਰਿਆਂ ਦੀ ਸੇਵਾ ਲਈ ਵੀ ਕੁਝ ਸਮਾਂ ਕੱਢਣਾ ਚਾਹੀਦਾ ਹੈ। ਸਿਰਫ ਪੈਸੇ ਕਮਾਉਣ ਲਈ ਸਮਾਜ ਅਤੇ ਪੰਜਾਬੀ ਨੂੰ ਬਰਬਾਦ ਕਰਨ ਵਾਲਾ ਸਾਹਿਤ, ਫਿਲਮਾਂ ਅਤੇ ਗਾਣੇ ਨਹੀਂ ਲਿਖਣੇ-ਗਾਉਣੇ ਚਾਹੀਦੇ। ਸ਼ਿਵ ਕੁਮਾਰ ਬਟਾਲਵੀ ਕੋਈ ਅਸ਼ਲੀਲ ਗਾਣੇ ਗਾ ਕੇ ਅਮਰ ਨਹੀਂ ਸੀ ਹੋਇਆ।