ਅਦਾਲਤੀ ਹੁਕਮਾਂ ਨੂੰ ਟਿੱਚ ਸਮਝ ਰਹੀ ਹੈ ਪੰਜਾਬ ਪੁਲਿਸ ਦੀ ਸਿਟ

Punjab Police SIT Sachkahoon

ਜੁਡੀਸ਼ੀਅਲ ਰਿਮਾਂਡ ’ਤੇ ਚੱਲ ਰਹੇ ਵਿਅਕਤੀਆਂ ਨੂੰ ਬਿਨ੍ਹਾਂ ਇਜਾਜਤ ਲਿਆਂਦਾ ਥਾਣੇ

  • ਮਾਣਯੋਗ ਅਦਾਲਤ ਨੇ 31 ਮਈ ਤੱਕ ਮੰਗਿਆ ਜਵਾਬ

  • ਰਣਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਵੀ ਭੇਜਿਆ 10 ਜੂਨ ਤੱਕ ਜੁਡੀਸ਼ੀਅਲ ਰਿਮਾਂਡ ’ਤੇ

ਫਰੀਦਕੋਟ, (ਸੱਚ ਕਹੂੰ ਨਿਊਜ਼)। ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਦੀ ਭੂਮਿਕਾ ’ਤੇ ਇੱਕ ਹੋਰ ਵੱਡਾ ਸੁਆਲ ਉੱਠਿਆ ਹੈ ਪੰਜਾਬ ਪੁਲਿਸ ਦੀ ਸਿਟ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਸਿਟ ਟੀਮ ਵੱਲੋਂ ਜੁਡੀਸ਼ੀਅਲ ਰਿਮਾਂਡ ਤੇ ਕੋਰੋਨਾ ਕਾਰਨ ਹਸਪਤਾਲ ’ਚ ਦਾਖਲ ਸੁਖਜਿੰਦਰ ਸਿੰਘ ਸੰਨੀ ਤੇ ਬਲਜੀਤ ਸਿੰਘ ਨੂੰ ਅਦਾਲਤੀ ਹੁਕਮਾਂ ਤੋਂ ਬਿਨ੍ਹਾਂ ਹੀ ਹਸਪਤਾਲ ’ਚੋਂ ਲਿਆ ਕੇ ਰਾਤ ਭਰ ਥਾਣਾ ਬਾਜਾਖਾਨਾ ’ਚ ਰੱਖਿਆ ਗਿਆ।

ਪੁਲਿਸ ਦੀ ਇਸ ਕਾਰਵਾਈ ਖਿਲਾਫ਼ ਡੇਰਾ ਸ਼ਰਧਾਲੂਆਂ ਵੱਲੋਂ ਮਾਣਯੋਗ ਅਦਾਲਤ ’ਚ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ ਜਿਸ ਤੇ ਸਿਟ ਤੋਂ 31 ਮਈ ਤੱਕ ਜਵਾਬ ਮੰਗਿਆ ਗਿਆ ਹੈ। ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਵਿਨੋਦ ਮੋਂਗਾ, ਬਸੰਤ ਸਿੰਘ ਸਿੱਧੂ ਤੇ ਵਿਵੇਕ ਗੁਲਬਧਰ ਨੇ ਗੱਲਬਾਤ ਦੌਰਾਨ ਸਾਂਝੇ ਤੌਰ ’ਤੇ ਦੱਸਿਆ ਕਿ ਥਾਣਾ ਬਾਜਾਖਾਨਾ ਵਿਖੇ ਦਰਜ਼ ਮੁਕੱਦਮਾ ਨੰਬਰ 128 ’ਚ ਗ੍ਰਿਫ਼ਤਾਰ ਕੀਤੇ ਗਏ ਛੇ ਡੇਰਾ ਸ਼ਰਧਾਲੂਆਂ ’ਚ ਸ਼ਾਮਿਲ ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਕੋਰੋਨਾ ਪੀੜ੍ਹਤ ਹੋਣ ਕਾਰਨ ਉਨ੍ਹਾਂ ਨੂੰ ਮਾਣਯੋਗ ਅਦਾਲਤ ਨੇ ਫਰੀਦਕੋਟ ਦੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ 1 ਜੂਨ ਤੱਕ ਜੁਡੀਸ਼ੀਅਲ ਰਿਮਾਂਡ ਤਹਿਤ ਇਲਾਜ ਲਈ ਭੇਜਿਆ ਸੀ। ਇਸੇ ਦੌਰਾਨ ਬੀਤੀ ਰਾਤ ਸਿਟ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਨੂੰ ਹਸਪਤਾਲ ’ਚੋਂ ਥਾਣਾ ਬਾਜਾਖਾਨਾ ਵਿਖੇ ਲੈ ਆਈ।

ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਪੁਲਿਸ ਦੀ ਇਸ ਕਾਰਵਾਈ ’ਤੇ ਉਨ੍ਹਾਂ ਨੇ ਸਖਤ ਇਤਰਾਜ ਪ੍ਰਗਟਾਉਂਦਿਆਂ ਅੱਜ ਮਾਣਯੋਗ ਅਦਾਲਤ ’ਚ ਅਰਜ਼ੀ ਦੇ ਦਿੱਤੀ ਜਿਸ ’ਤੇ ਅਦਾਲਤ ਨੇ ਸਿਟ ਤੋਂ 31 ਮਈ ਤੱਕ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 117 ’ਚ ਪੁਲਿਸ ਰਿਮਾਂਡ ’ਤੇ ਚੱਲ ਰਹੇ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਵੀ ਅੱਜ ਪੁਲਿਸ ਰਿਮਾਂਡ ਖਤਮ ਹੋਣ ’ਤੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਕਤ ਦੋਵਾਂ ਨੂੰ 10 ਜੂਨ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਸਿਟ ਵੱਲੋਂ ਬੇਅਦਬੀ ਦੇ ਮਾਮਲਿਆਂ ’ਚ 16 ਮਈ ਨੂੰ ਡੇਰਾ ਸ਼ਰਧਾਲੂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਮੁਕੱਦਮਾ ਨੰਬਰ 128 ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਸੀ। ਇਸੇ ਦੌਰਾਨ ਤਿੰਨ ਜਣਿਆਂ ਸੁਖਜਿੰਦਰ ਸਿੰਘ ਸੰਨੀ, ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਦੀ ਕੋਰੋਨਾ ਰਿਪੋਰਟ ਪੌਜਟਿਵ ਆਉਣ ਕਾਰਨ ਉਨ੍ਹਾਂ ਨੂੰ 1 ਜੂਨ ਤੱਕ ਇਲਾਜ ਦੌਰਾਨ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਸੀ।

24 ਮਈ ਨੂੰ ਮਾਣਯੋਗ ਅਦਾਲਤ ਨੇ ਰਣਜੀਤ ਸਿੰਘ, ਸ਼ਕਤੀ ਸਿੰਘ ਤੇ ਪ੍ਰਦੀਪ ਸਿੰਘ ਨੂੰ ਵੀ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦਾ ਫੈਸਲਾ ਸੁਣਾ ਦਿੱਤਾ ਸੀ ਪਰ ਬਾਜਾਖਾਨਾ ਪੁਲਿਸ ਨੇ ਉਸੇ ਦਿਨ ਹੀ ਮੁਕੱਦਮਾ ਨੰਬਰ 117 ’ਚ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਦੀ ਅਦਾਲਤ ਰਾਹੀਂ ਗ੍ਰਿਫ਼ਤਾਰੀ ਪਾ ਦਿੱਤੀ ਗਈ ਸੀ। ਅੱਜ ਮਾਣਯੋਗ ਅਦਾਲਤ ਨੇ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਵੀ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।