ਭੈਣਾਂ ਨੇ ਸਿਹਰਾ ਸਜਾ ਵਿੱਕੀ ਗੌਂਡਰ ਨੂੰ ਕੀਤਾ ਵਿਦਾ

ਸਖ਼ਤ ਪੁਲਿਸ ਪ੍ਰਬੰਧਾਂ ‘ਚ ਹੋਇਆ ਵਿੱਕੀ ਗੌਂਡਰ ਦਾ ਅੰਤਿਮ ਸਸਕਾਰ

  • ਪਿਤਾ ਨੇ ਦਿੱਤੀ ਮ੍ਰਿਤਕ ਦੇਹ ਨੂੰ ਅਗਨੀ

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਰਾਜਸਥਾਨ ਦੇ ਪਿੰਡ ਪੱਕੀ ਦੇ ਕੋਲ ਢਾਣੀ ‘ਚ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦਾ ਉਸਦੇ ਪਿੰਡ ਸਰਾਂਵਾ ਬੋਦਲਾ ‘ਚ ਐਤਵਾਰ ਦੀ ਦੁਪਹਿਰ ਭਾਰੀ ਪੁਲਿਸ ਬਲ ਦੀ ਮੌਜ਼ੂਦਗੀ ‘ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾ ਭੈਣਾਂ ਨੇ ਉਸਦੇ ਮੱਥੇ ‘ਤੇ ਸਿਹਰਾ ਸਜਾ ਕੇ ਉਸਨੂੰ ਵਿਦਾ ਕੀਤਾ। ਪੁਲਿਸ ਨੇ ਪਿੰਡ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕੀਤਾ ਹੋਇਆ ਸੀ ਅਤੇ ਕਿਸੇ ਨੂੰ ਵੀ ਬਿਨਾਂ ਜਾਂਚ ਅੰਦਰ ਜਾਣ ਦੀ ਆਗਿਆ ਨਹੀਂ ਸੀ। ਪਿੰਡ ਦੇ ਲੋਕ ਸਵੇਰੇ 9 ਵਜੇ ਵਿੱਕੀ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਸਨ। ਬਾਹਰ ਤੋਂ ਰਿਸ਼ਤੇਦਾਰ ਵੀ ਪਹੁੰਚ ਰਹੇ ਸਨ। ਹਰ ਇੱਕ ਵਿਅਕਤੀ ਦੀ ਤਲਾਸ਼ੀ ਲੈ ਕੇ ਹੀ ਅੱਗੇ ਜਾਣ ਦਿੱਤਾ ਗਿਆ।

ਵਿੱਕੀ ਗੌਂਡਰ ਨੂੰ ਸਵੇਰੇ 11 ਵਜੇ ਨੁਹਾਇਆ ਗਿਆ ਜਿਸ ਤੋਂ ਬਾਅਦ ਗੌਂਡਰ ਦੀ ਭੈਣ ਸਰਬੀ ਨੇ ਉਸਦੇ ਸਿਰ ‘ਤੇ ਸਿਹਰਾ ਸਜਾਇਆ, ਗਲੇ ‘ਚ ਹਾਰ ਪਾਏ ਅਤੇ ਉਸਦਾ ਮੱਥਾ ਚੁੰਮਿਆ। ਵਿਰਲਾਪ ਕਰਦੀਆਂ ਹੋਈ ਭੈਣਾਂ ਕਹਿ ਰਹੀਆਂ ਸਨ ਕਿ ‘ਐਨਾ ਇਕੱਠ ਤਾਂ ਤੇਰੇ ਵਿਆਹ ‘ਤੇ ਹੋਣਾ ਸੀ, ਤੇਰੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸੀ, ਚਲ ਕੋਈ ਨੀ ‘ਕੱਠ ਹੋਇਆ ਸਾਨੂੰ ਤਾਂ ਹੁਣ ਵੀ ਇੰਜ ਲਗਦੈ ਬਈ ਤੇਰਾ ਵਿਆਹ ਐ। ਅਸੀਂ ਤਾਂ ਚਾਅ ਪੂਰੇ ਕਰਾਂਗੇ।’ ਘਰ ‘ਚ ਰਸਮ ਪੂਰੀ ਕਰਨ ਉਪਰੰਤ 11:25 ‘ਤੇ ਮ੍ਰਿਤਕ ਦੇਹ ਨੂੰ ਲੈ ਕੇ ਘਰੋਂ ਰਵਾਨਾ ਹੋਏ। ਪਿੰਡ ਦਾ ਇੱਕ ਵੀ ਅਜਿਹਾ ਵਿਅਕਤੀ ਨਹੀਂ ਸੀ ਜੋ ਸ਼ਮਸ਼ਾਨਘਾਟ ‘ਚ ਨਾ ਪਹੁੰਚਿਆ ਹੋਵੇ। 12:05 ‘ਤੇ ਉਸਦੀ ਲਾਸ਼ ਨੂੰ ਪਿਤਾ ਮਹਿਲ ਸਿੰਘ ਨੇ ਅਗਨੀ ਭੇਂਟ ਕੀਤੀ।

ਹਾਲਾਂਕਿ ਵਿੱਕੀ ਦੇ ਅੰਤਿਮ ਸਸਕਾਰ ਮੌਕੇ ਦੋ ਹਜ਼ਾਰ ਦੇ ਕਰੀਬ ਪੁਲਿਸ ਕਰਮਚਾਰੀ ਤੈਨਾਤ ਸਨ। ਇਸ ਦੌਰਾਨ ਐਸਪੀ (ਡੀ) ਬਲਜੀਤ ਸਿੰਘ ਸਿੱਧੂ, ਐਸਪੀ ਮਲੋਟ ਇਕਬਾਲ ਸਿੰਘ, ਡੀਐਸਪੀ ਸਮੇਤ ਥਾਨਾ ਮੁਖੀ ਹਾਜ਼ਰ ਰਹੇ। ਪੁਲਿਸ ਨੇ ਪਿੰਡ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਆਉਣ ਜਾਣ ਵਾਲੇ ਹਰ ਵਹੀਕਲ ਦੀ ਜਾਂਚ ਹੋ ਰਹੀ ਸੀ। ਪਿੰਡ ਦੇ ਲੋਕਾਂ ਦੇ ਪਹਿਚਾਣ ਪੱਤਰ ਦੇਖ ਕੇ ਭੇਜਿਆ ਜਾ ਰਿਹਾ ਸੀ ਤੇ ਬਾਹਰ ਤੋਂ ਆਏ ਲੋਕਾਂ ਦੇ ਵਹੀਕਲ ਦੇ ਕਾਗਜਾਤ ਪੂਰੇ ਹੋਣ ‘ਤੇ ਵੀ ਚਲਾਨ ਕੱਟੇ ਜਾ ਰਹੇ ਸਨ। ਇਸ ਦੌਰਾਨ ਕਰੀਬ 45 ਵਾਹਨਾਂ ਦੇ ਚਲਾਨ ਕੱਟੇ ਗਏ। ਜਿਸ ‘ਤੇ ਪਰਿਵਾਰ ਨੇ ਗੁੱਸਾ ਵੀ ਜਾਹਿਰ ਕੀਤਾ, ਪਰ ਪੁਲਿਸ ਨੇ ਆਪਣੀ ਕਾਰਵਾਈ ਜਾਰੀ ਰੱਖੀ।