ਸਾਦਗੀ

Intestine

ਆਈਨਸਟਾਈਨ ਹੱਦ ਦਰਜੇ ਦਾ ਸਾਊ ਅਤੇ ਸਾਦਾ ਵਿਅਕਤੀ ਸੀ। ਇੱਕ ਵਾਰ ਬੈਲਜ਼ੀਅਮ ਦੀ ਮਹਾਰਾਣੀ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਆਉਣ ਦਾ ਸੱਦਾ-ਪੱਤਰ ਭੇਜਿਆ। ਆਈਨਸਟਾਈਨ ਨੇ ਉੱਥੇ ਜਾਣ ਦਾ ਸੱਦਾ ਪ੍ਰਵਾਨ ਕਰ ਲਿਆ। ਬੈਲਜ਼ੀਅਮ ਵਿੱਚ ਉਸ ਦੀ ਆਓ-ਭਗਤ ਦੀਆਂ ਤਿਆਰੀਆਂ ਹੋਣ ਲੱਗੀਆਂ। ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਇੱਕ ਸਵਾਗਤੀ ਕਮੇਟੀ ਬਣਾਈ ਗਈ।

ਜਿਸ ਦਿਨ ਆਈਨਸਟਾਈਨ ਨੇ ਬੈਲਜ਼ੀਅਮ ਪਹੁੰਚਣਾ ਸੀ, ਸਵਾਗਤੀ ਕਮੇਟੀ ਵਾਲੇ ਉਸ ਨੂੰ ਸਟੇਸ਼ਨ ’ਤੇ ਲੈਣ ਖਾਤਰ ਗਏ। ਉਹ ਕਾਫੀ ਦੇਰ ਤੱਕ ਸਟੇਸ਼ਨ ’ਤੇ ਆਈਨਸਟਾਈਨ ਦਾ ਇੰਤਜ਼ਾਰ ਕਰਦੇ ਰਹੇ, ਪਰ ਉਹ ਕਿਧਰੇ ਦਿਖਾਈ ਨਾ ਦਿੱਤਾ। ਸਵਾਗਤੀ ਕਮੇਟੀ ਵਾਲੇ ਨਿਰਾਸ਼ ਹੋ ਕੇ ਵਾਪਸ ਪਰਤ ਆਏ। ਜਦੋਂ ਉਹ ਰਾਣੀ ਦੇ ਮਹਿਲ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਬਜ਼ੁਰਗ ਹੱਥ ਵਿੱਚ ਸੂਟਕੇਸ ਫੜੀ ਮਹਿਲ ਦੇ ਮੁੱਖ ਦੁਆਰ ਵੱਲ ਤੁਰਿਆ ਆ ਰਿਹਾ ਸੀ। ਉਹ ਬਜ਼ੁਰਗ ਕੋਈ ਹੋਰ ਨਹੀਂ ਐਲਬਰਟ ਆਈਨਸਟਾਈਨ ਹੀ ਸੀ।

ਬਜ਼ੁਰਗ ਦੇ ਮਹਿਲ ਵਿਚ ਪੁੱਜ ਜਾਣ ’ਤੇ ਰਾਣੀ ਨੇ ਪੁੱਛਿਆ, ‘‘ਤੁਹਾਨੂੰ ਲੈ ਕੇ ਆਉਣ ਲਈ ਮੈਂ ਕਾਰ ਭੇਜੀ ਸੀ, ਉਸ ਵਿੱਚ ਕਿਉਂ ਨਹੀਂ ਆਏ?’’ ‘‘ਰਾਣੀ ਸਾਹਿਬਾ, ਮੈਨੂੰ ਪੈਦਲ ਤੁਰ ਕੇ ਬੜਾ ਅਨੰਦ ਆਉਂਦਾ ਹੈ।’’ ਉੱਤਰ ’ਚ ਆਈਨਸਟਾਈਨ ਨੇ ਕਿਹਾ। ਬੈਲਜ਼ੀਅਮ ਦੀ ਮਹਾਰਾਣੀ ਦੀਆਂ ਨਜ਼ਰਾਂ ਵਿੱਚ ਉਸ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ