ਰਾਜਪਾਲ ਦਫ਼ਤਰ ਪੁੱਜੇ ਸਿੱਖ ਗੁਰਦੁਆਰਾ (ਸੋਧ) ਬਿੱਲ ਅਤੇ ਪੰਜਾਬ ਪੁਲਿਸ (ਸੋਧ) ਬਿੱਲ, ਕਾਨੂੰਨੀ ਸਲਾਹ ਲੈਣਗੇ ਰਾਜਪਾਲ

ਬਿਨਾਂ ਕਾਨੂੰਨੀ ਸਲਾਹ ਤੋਂ ਨਹੀਂ ਕੀਤਾ ਜਾਵੇਗਾ ਪਾਸ, ਕਈ ਪੱਖਾਂ ਤੋਂ ਐਕਟ ਨੂੰ ਚੈੱਕ ਕਰਨ ਦੀ ਤਿਆਰੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਿਛਲੇ ਕੁਝ ਦਿਨਾਂ ਤੋਂ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣੇ ਹੋਏ ਸਿੱਖ ਗੁਰਦੁਆਰਾ (ਸੋਧ) ਬਿਲ ਅਤੇ ਪੰਜਾਬ ਪੁਲਿਸ ਸੋਧ ਬਿਲ (Amendment Bill) ਹੁਣ ਪੰਜਾਬ ਦੇ ਰਾਜਪਾਲ ਦਫ਼ਤਰ ਵਿਖੇ ਪੁੱਜ ਗਏ ਹਨ। ਰਾਜਪਾਲ ਦਫ਼ਤਰ ਵੱਲੋਂ ਇਨ੍ਹਾਂ ਬਿੱਲ ਨੂੰ ਚੈੱਕ ਕਰਦੇ ਹੋਏ ਅੱਜ-ਭਲਕ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪੇਸ਼ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਰਾਜਪਾਲ ਦਫ਼ਤਰ ਦੇ ਅਧਿਕਾਰੀ ਇਨ੍ਹਾਂ ਬਿੱਲਾਂ ਨੂੰ ਆਪਣੇ ਪੱਧਰ ’ਤੇ ਵੀ ਘੋਖ ਰਹੇ ਹਨ ਤਾਂ ਕਿ ਇਨ੍ਹਾਂ ਬਿੱਲਾਂ ਸਬੰਧੀ ਕਾਨੂੰਨੀ ਮਾਨਤਾ ਦਾ ਉਨ੍ਹਾਂ ਵੀ ਪਤਾ ਹੋਵੇ।

ਇਹ ਵੀ ਪੜ੍ਹੋ : Weather Update Today: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇੱਥੇ ਗਰਜ ਤੇ ਮੀਂਹ ਨਾਲ ਹੋਵੇਗੀ ਗੜੇਮਾਰੀ

ਦੋਵਾਂ ਬਿੱਲਾਂ ਦਾ ਪਿਛਲੇ ਕੁਝ ਦਿਨਾਂ ਤੋਂ ਰਾਜਪਾਲ ਦਫ਼ਤਰ ਵੀ ਇੰਤਜ਼ਾਰ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਨ੍ਹਾਂ ਬਿੱਲਾਂ ਨੂੰ ਲੈ ਕੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨਗੇ। ਰਾਜਪਾਲ ਦਫ਼ਤਰ ਬਾਕੀ ਰਹਿੰਦੇ 3 ਬਿੱਲਾਂ ਦਾ ਵੀ ਇੰਤਜ਼ਾਰ ਕਰ ਰਿਹਾ ਹੈ, ਜਿਸ ਵਿੱਚੋਂ ਚਾਂਸਲਰ ਦੇ ਅਹੁਦੇ ਤੋਂ ਰਾਜਪਾਲ ਨੂੰ ਹਟਾਉਣ ਵਾਲੇ ਬਿੱਲ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਦੋਵੇ ਬਿੱਲਾਂ ਤੋਂ ਇਲਾਵਾ ਹੁਣ ਬਾਕੀ ਰਹਿੰਦੇ 3 ਬਿੱਲਾਂ ਦਾ ਵੀ ਰਾਜਪਾਲ ਦਫ਼ਤਰ ਕਰ ਰਿਹਾ ਐ ਇੰਤਜ਼ਾਰ

ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 19 ਅਤੇ 20 ਜੂਨ ਨੂੰ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦ ਕੇ ਇੱਕ ਮਤੇ ਨੂੰ ਪਾਸ ਕਰਨ ਦੇ ਨਾਲ ਹੀ 5 ਅਹਿਮ ਬਿਲਾ ਨੂੰ ਵੀ ਪਾਸ ਕੀਤਾ ਗਿਆ ਸੀ, ਜਿਸ ਵਿੱਚੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਸਬੰਧੀ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ (ਸੋਧ) ਬਿੱਲ 2023 ਅਤੇ ਪੰਜਾਬ ਦੇ ਡੀਜੀਪੀ ਨੂੰ ਲਾਉਣ ਦਾ ਫੈਸਲਾ ਸੂਬਾ ਸਰਕਾਰ ਕੋਲ ਰੱਖਣ ਲਈ ਪੰਜਾਬ ਪੁਲਿਸ (ਸੋਧ) ਬਿੱਲ 2023 ਪੰਜਾਬ ਦੇ ਰਾਜਪਾਲ ਕੋਲ ਭੇਜ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਬਿੱਲ ਨੂੰ ਭੇਜਣ ਵਿੱਚ 7 ਦਿਨਾਂ ਦਾ ਸਮਾਂ ਲਗਾਇਆ ਹੈ ਤਾਂ ਇਨ੍ਹਾਂ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦਫ਼ਤਰ ਵੱਲੋਂ ਵੀ ਕੋਈ ਕਾਹਲੀ ਨਹੀਂ ਦਿਖਾਈ ਜਾਵੇਗੀ, ਸਗੋਂ ਅਰਾਮ ਨਾਲ ਇਨ੍ਹਾਂ ਬਿੱਲਾਂ ਨੂੰ ਲੈ ਕੇ ਹਰ ਪੱਖ ਘੋਖਿਆ ਜਾਵੇਗਾ।

ਲੀਗਲ ਟੀਮ ਕੋਲ ਜਾਵੇਗਾ ਬਿੱਲ, ਕਈ ਸੁਆਲਾਂ ਦਾ ਜੁਆਬ ਆਏਗਾ ਵਾਪਸ!

ਰਾਜਪਾਲ ਦਫ਼ਤਰ ਦੇ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਬਿੱਲਾਂ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦਿਖਾਉਂਦੇ ਹੋਏ ਲੀਗਲ ਟੀਮ ਕੋਲ ਭੇਜ ਦਿੱਤਾ ਜਾਵੇਗਾ। ਇਸ ਨਾਲ ਹੀ ਜੇਕਰ ਲੀਗਲ ਟੀਮ ਪੂਰੀ ਤਰਾਂ ਸੰਤੁਸ਼ਟ ਨਹੀਂ ਹੁੰਦੀ ਤਾਂ ਇਨ੍ਹਾਂ ਬਿੱਲਾਂ ਨੂੰ ਲੈ ਕੇ ਕਈ ਸੁਆਲ ਵਾਪਸ ਪੰਜਾਬ ਸਰਕਾਰ ਨੂੰ ਭੇਜੇ ਜਾ ਸਕਦੇ ਹਨ ਤਾਂ ਕਿ ਉਨ੍ਹਾਂ ਦੇ ਜੁਆਬ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇ। ਦੋਵਾਂ ਬਿੱਲਾਂ ਵਿੱਚੋਂ ਸਿੱਖ ਗੁਰਦੁਆਰਾ ਬਿੱਲ ਨੂੰ ਲੈ ਕੇ ਕਾਫ਼ੀ ਜ਼ਿਆਦਾ ਪੜਤਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। Amendment Bill