ਫੈਕਟਰੀ ਦੇ ਕਿੰਗ ਪਿੰਨ ਤੱਕ ਨਹੀਂ ਪੁੱਜ ਸਕੀ ਪੁਲਿਸ
ਵਿਰੋਧੀ ਵੱਲੋਂ ਲਾਏ ਧਰਨੇ ਵੀ ਸਿਆਸੀ ਪੁਸਤਪਨਾਹੀ ਨੂੰ ਨਹੀਂ ਤੋੜ ਸਕੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਫੜੀ ਗਈ ਸ਼ਰਾਬ ਫੈਕਟਰੀ ਦਾ ਮਾਮਲਾ ਲਗਭਗ ਢਾਈ ਮਹੀਨੇ ਬੀਤਣ ਦੇ ਬਾਵਜੂਦ ਕਿਸੇ ਤਣ-ਪੱਤਣ ਨਹੀਂ ਲੱਗਾ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਜੇ ਤੱਕ ਆਪਣੇ ਘਰ ਵਿੱਚ ਜ਼ਹਿਰ ਵੰਡਣ ਵਾਲੀ ਇਸ ਫੈਕਟਰੀ ਦੇ ਕਿੰਗ ਪਿੰਨ ਦਾ ਪਤਾ ਨਹੀਂ ਲਗਾ ਸਕੇ। ਇੱਧਰ ਵਿਰੋਧੀ ਧਿਰਾਂ ਵੱਲੋਂ ਸ਼ਰੇਆਮ ਆਖਿਆ ਜਾ ਰਿਹਾ ਹੈ ਕਿ ਇਸ ਸ਼ਰਾਬ ਦੇ ਧੰਦੇ ਵਿੱਚ ਖੁਦ ਮੁੱਖ ਮੰਤਰੀ ਲਿਪਤ ਹਨ, ਜਿਸ ਕਾਰਨ ਹੀ ਸੂਬੇ ਅੰਦਰ ਸ਼ਰਾਬ ਮਾਫੀਆ ਕਿਸੇ ਦੀ ਪਰਵਾਹ ਨਹੀਂ ਮੰਨ ਰਿਹਾ। ਇੱਧਰ ਈਡੀ ਵੱਲੋਂ ਸ਼ਰਾਬ ਦੇ ਇਸ ਕਾਲੇ ਕਾਰੋਬਾਰ ਨੂੰ ਖਗੋਲਣ ਦਾ ਬੀੜਾ ਚੁੱਕਿਆ ਗਿਆ ਸੀ, ਪਰ ਪਟਿਆਲਾ ਪੁਲਿਸ ਵੱਲੋਂ ਈਡੀ ਨੂੰ ਕਾਗਜਾਤ ਹੀ ਮੁਹੱਈਆ ਕਰਵਾਉਣ ਤੋਂ ਆਨਾਕਾਨੀ ਕੀਤੀ ਗਈ।
ਦੱਸਣਯੋਗ ਹੈ ਕਿ 14 ਮਈ ਨੂੰ ਪਟਿਆਲਾ ਪੁਲਿਸ ਵੱਲੋਂ ਘਨੌਰ ਦੇ ਪਿੰਡ ਖੇੜੀ ਗੰਡਿਆ ਦੇ ਕੋਲਡ ਸਟੋਰ ਤੋਂ ਨਜਾਇਜ਼ ਤੌਰ ‘ਤੇ ਚੱਲ ਰਹੀ ਸ਼ਰਾਬ ਫੈਕਟਰੀ ਦਾ ਪਰਦਾਫਾਸ ਹੋਇਆ ਸੀ। ਇਸ ਮਾਮਲੇ ਵਿੱਚ ਅਮਰੀਕ ਸਿੰਘ ਨਾਮ ਦੇ ਵਿਅਕਤੀ ਸਮੇਤ ਅੱਧੀ ਦਰਜ਼ਨ ਤੋਂ ਵੱਧ ਲੋਕਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਅਮਰੀਕ ਸਿੰਘ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਨੇੜਲਿਆਂ ਵਿੱਚੋਂ ਸੀ, ਜਿਸ ਸਬੰਧੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਸਿੱਧਾ ਘਨੌਰ ਦੇ ਵਿਧਾਇਕ ‘ਤੇ ਕਥਿਤ ਦੋਸ਼ ਲਗਾਏ ਗਏ ਸਨ ਕਿ ਇਹ ਫੈਕਟਰੀ ਸਿਆਸੀ ਪੁਸਤਪਨਾਹੀ ਹੇਠ ਹੀ ਜ਼ਹਿਰ ਵੰਡ ਰਹੀ ਸੀ।
ਹੋਰ ਤਾਂ ਹੋਰ ਵਿਰੋਧੀ ਧਿਰਾਂ ਵੱਲੋਂ ਲਾਕਡਾਊਨ ਦੌਰਾਨ ਇਸ ਫੈਕਟਰੀ ਵੱਲੋਂ 200 ਕਰੋੜ ਤੋਂ ਵੱਧ ਦੀ ਸ਼ਰਾਬ ਵੇਚੇ ਜਾਣ ਦੇ ਸੰਗੀਨ ਆਰੋਪ ਵੀ ਲਗਾਏ ਗਏ। ਮਾਮਲੇ ‘ਤੇ ਸਿਆਸੀ ਘਮਸਾਨ ਨੂੰ ਦੇਖਦਿਆਂ ਸਰਕਾਰ ਵੱਲੋਂ ਇਸ ‘ਤੇ ਤਿੰਨ ਮੈਂਬਰੀ ਸਿੱਟ ਬਣਾਈ ਗਈ, ਜਿਸ ਵਿੱਚ ਐਸਪੀਡੀ, ਐਸਪੀ ਸਿਟੀ ਅਤੇ ਡੀਐਸਪੀ ਘਨੌਰ ਸ਼ਾਮਲ ਸਨ, ਪਰ ਇਸ ਸਿੱਟ ਵੱਲੋਂ ਵੀ ਫੈਕਟਰੀ ਦੇ ਕਿੰਗ ਪਿੰਨ ਤੱਕ ਪੁੱਜਣ ਦੀ ਬਜਾਏ ਜਿਹਨਾਂ ਵਿਅਕਤੀਆਂ ‘ਤੇ ਮਾਮਲੇ ਦਰਜ਼ ਕੀਤੇ ਗਏ ਸਨ, ਉਨ੍ਹਾਂ ਖਿਲਾਫ਼ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਅਮਰੀਕ ਸਿੰਘ ਸਮੇਤ ਹੋਰਨਾਂ ਦੀ ਇਸ ਮਾਮਲੇ ਵਿੱਚੋਂ ਜ਼ਮਾਨਤ ਵੀ ਕਦੋਂ ਦੀ ਹੋ ਚੁੱਕੀ ਹੈ।
ਸਿੱਟ ਵੱਲੋਂ ਨਾ ਇਹ ਜਾਂਚ ਕੀਤੀ ਗਈ ਕਿ ਇਹ ਫੈਕਟਰੀ ਕਿਸ ਦੀ ਸਹਿ ‘ਤੇ ਚੱਲ ਰਹੀ ਸੀ, ਹੁਣ ਤੱਕ ਇੱਥੋਂ ਕਿੰਨੀ ਸ਼ਰਾਬ ਸਪਲਾਈ ਹੋਈ ਹੈ ਅਤੇ ਕਦੋਂ ਤੋਂ ਇਹ ਕਾਲਾ ਕਾਰੋਬਾਰ ਕਰ ਰਹੀ ਸੀ, ਅਜਿਹੇ ਕੋਈ ਵੀ ਤੱਥ ਸਾਹਮਣੇ ਨਹੀਂ ਆਏ। ਜੇਕਰ ਪੁਲਿਸ ਇਸ ਫੈਕਟਰੀ ਦੇ ਅਸਲ ਗੁਨਾਹਗਾਰਾਂ ਤੱਕ ਪੁੱਜ ਜਾਂਦੀ ਤਾਂ ਅੱਜ ਮਾਝੇ ਦੇ ਜ਼ਿਲ੍ਹਿਆਂ ਵਿੱਚ ਹੋਈਆਂ ਮੌਤਾਂ ਦਾ ਬਚਾਅ ਹੋ ਸਕਦਾ ਸੀ। ਇੱਧਰ ਸ਼ਰਾਬ ਫੈਕਟਰੀ ਦੇ ਇਸ ਮਾਮਲੇ ‘ਤੇ ਈਡੀ ਵੱਲੋਂ ਨੋਟਿਸ ਲੈ ਕੇ ਇਸ ਕਾਲੇ ਕਾਰੋਬਾਰ ਨਾਲ ਜੁੜੇ ਮੁਲਜ਼ਮਾਂ ਦੀਆਂ ਜਾਇਦਾਦਾਂ ਅਤੇ ਵਹੀ ਖਾਤਿਆਂ ਨੂੰ ਫਰੋਲਣ ਦਾ ਬੀੜਾ ਚੁੱਕਿਆ ਗਿਆ ਸੀ,
ਪਰ ਪਟਿਆਲਾ ਪੁਲਿਸ ਵੱਲੋਂ ਈਡੀ ਨੂੰ ਇਸ ਕੇਸ ਦੀ ਫਾਇਲ ਸਮੇਤ ਹੋਰ ਕਾਗਜਾਤ ਹੀ ਮੁਹੱਈਆ ਨਹੀਂ ਕਰਵਾਏ ਗਏ। ਇੱਥੋਂ ਤੱਕ ਕਿ ਕੁਝ ਦਿਨ ਪਹਿਲਾਂ ਈਡੀ ਦੇ ਅਧਿਕਾਰੀ ਸੰਭੂ ਥਾਣੇ ਅੰਦਰ ਬਿਨਾਂ ਕਾਗਜਾਂ ਤੋਂ ਹੀ ਖਾਲੀ ਹੱਥ ਮੁੜ ਗਏ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰਲੀ ਸ਼ਰਾਬ ਫੈਕਟਰੀ ਰਾਹੀਂ ਕਰੋੜਾਂ ਰੁਪਏ ਛਾਪਣ ਵਾਲੇ ਅਜੇ ਸਿਆਸੀ ਪੁਸਤਪਨਾਹੀ ਦੇ ਚੱਲਦਿਆਂ ਭੇਤ ਬਣੇ ਹੋਏ ਹਨ।
ਚਲਾਨ ਪੇਸ਼ ਕਰਕੇ ਮਾਮਲਾ ਅਦਾਲਤ ‘ਚ: ਐਸਪੀਡੀ
ਇਸ ਸਬੰਧੀ ਜਦੋਂ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਬਣਾਈ ਗਈ ਸਿੱਟ ਦੇ ਮੈਂਬਰ ਐਸਪੀਡੀ ਹਰਮੀਤ ਸਿੰਘ ਹੁੰਦਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ਼ ਚਲਾਨ ਪੇਸ਼ ਕਰ ਦਿੱਤਾ ਗਿਆ ਸੀ ਅਤੇ ਹੁਣ ਮਾਮਲਾ ਅਦਾਲਤ ਹਵਾਲੇ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਜਾਂਚ ਦੌਰਾਨ ਫੈਕਟਰੀ ਬਾਰੇ ਹੋਰ ਕੀ ਕੁਝ ਸਾਹਮਣੇ ਆਇਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਦੱਸਣ ਵਾਲੀ ਕੋਈ ਜਾਣਕਾਰੀ ਨਹੀਂ। ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮਾਂ ਦੀ ਜ਼ਮਾਨਤ ਹੋ ਚੁੱਕੀ ਹੈ।
ਮਾਮਲੇ ਦੀ ਅਜੇ ਜਾਣਕਾਰੀ ਹਾਸਲ ਕਰ ਰਿਹਾ ਹਾਂ: ਐਸਐਸਪੀ
ਮਾਮਲੇ ਸਬੰਧੀ ਜਦੋਂ ਐਸਐਸਪੀ ਵਿਰਕਰਮੀਤ ਸਿੰਘ ਦੁੱਗਲ ਨਾਲ ਕੀਤੀ ਗਈ ਤਾਂ ਅਤੇ ਉਨ੍ਹਾਂ ਤੋਂ ਈਡੀ ਨੂੰ ਦਸਤਾਵੇਜ਼ ਦੇਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਨਵੇਂ ਆਏ ਹਨ ਅਤੇ ਇਸ ਮਾਮਲੇ ਬਾਰੇ ਦੇਖ ਰਹੇ ਹਨ। ਉਂਜ ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀਆਂ ਅਨਸਰਾਂ ਨੂੰ ਉਹ ਸਿਰ ਨਹੀਂ ਚੁੱਕਣ ਦੇਣਗੇ।
ਕੈਪਟਨ ਸਿੱਟਾਂ ਬਣਾਕੇ ਆਪਣਿਆਂ ਨੂੰ ਦੇ ਰਹੇ ਨੇ ਕਲੀਟ ਚਿੱਟਾਂ: ਹਰਪਾਲ ਚੀਮਾ
ਇੱਧਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਕੈਪਟਨ ਸਾਹਬ ਸਿੱਟਾਂ ਬਣਾ ਕੇ ਆਪਣਿਆਂ ਨੂੰ ਕਲੀਨ ਚਿੱਟ ਦੇਣ ‘ਤੇ ਜੋਰ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਫੈਕਟਰੀ ਦੀ ਅਸਲ ਮਾਇਨਿਆਂ ਵਿੱਚ ਜਾਂਚ ਹੁੰਦੀ ਤਾਂ ਇੱਥੋਂ ਬਹੁਤ ਕੁਝ ਸਾਹਮਣੇ ਆ ਸਕਦਾ ਸੀ। ਉਨ੍ਹਾਂ ਕਿਹਾ ਕਿ ਹੁਣ ਈਡੀ ਨੂੰ ਵੀ ਕਾਗਜ ਪੱਤਰ ਮੁਹੱਈਆਂ ਨਾ ਕਰਵਾਕੇ ਜਾਂਚ ਤੋਂ ਇੱਕ ਤਰ੍ਹਾਂ ਨਾਲ ਰੋਕਣ ਦਾ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਏ ਵਿੱਚ ਮੁੱਖ ਮੰਤਰੀ ਸਮੇਤ ਇਨ੍ਹਾਂ ਦੇ ਆਪਣੇ ਰਲੇ ਹੋਏ ਹਨ, ਜਿਸ ਕਾਰਨ ਹੀ ਪੜਤਾਲ ਹੋਣ ਦੀ ਬਜਾਏ ਮਾਮਲੇ ਠੱਪ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਬਦਲੀ ਵੀ ਇਸੇ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅੰਦਰ ਸ਼ਰਾਬ ਮਾਫੀਆਂ ਅਤੇ ਕਾਲੇ ਕਾਰੋਬਾਰਾਂ ਖਿਲਾਫ਼ ਚੁੱਪ ਨਹੀਂ ਬੈਠੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ