ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ, ਸਿੱਖਿਆ ਮੰਤਰੀ ਦੇ ਭਰੋਸੇ ਨੂੰ ਨਕਾਰਿਆ
ਪੂਰੀ ਤਨਖਾਹ ਦਾ ਮਸਲਾ ਹੱਲ ਨਾ ਹੋਣ ਤੱਕ ਜਾਰੀ ਰਹੇਗਾ ਧਰਨਾ
ਪਟਿਆਲਾ| ਸਿੱਖਿਆ ਮੰਤਰੀ ਵੱਲੋਂ ਅਜੇ ਇੱਕ ਦਿਨ ਪਹਿਲਾਂ ਸਾਂਝਾ ਅਧਿਆਪਕ ਮੋਰਚਾ ਦੇ ਧਰਨੇ ਵਿੱਚ ਪੁੱਜ ਕੇ ਮੁੱਖ ਮੰਤਰੀ ਦੇ ਸ਼ਹਿਰ ‘ਚੋਂ ਧਰਨਾ ਚੁਕਾਇਆ ਗਿਆ ਸੀ ਕਿ ਅੱਜ ਪਟਿਆਲਾ ਤੋਂ ਕੁਝ ਦੂਰ ਪਿੰਡ ਮਹਿਮਦਪੁਰ ਦੀ ਮੰਡੀ ਵਿੱਚ ਐਸਐਸਏ ਰਮਸਾ ਅਤੇ ਮਾਡਲ ਤੇ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਪੰਜਾਬ ਸਮੇਤ ਹੋਰ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਉਂਜ ਅੱਜ ਇਨ੍ਹਾਂ ਜਥੇਬੰਦੀਆਂ ਵੱਲੋਂ ਪਟਿਆਲਾ ਅੰਦਰ ਪੁੱਜਣਾ ਸੀ, ਪਰ ਭਾਰੀ ਗਿਣਤੀ ਵਿੱਚ ਪੁੱਜੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਅੱਗੇ ਵਧਣ ਨਾ ਦਿੱਤਾ ਗਿਆ ਅਤੇ ਇਨ੍ਹਾਂ ਵੱਲੋਂ ਇੱਥੇ ਮੰਡੀ ਵਿੱਚ ਹੀ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।
ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ 2 ਦਸੰਬਰ ਨੂੰ ਪਟਿਆਲਾ ਵਿਖੇ ਜੋ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਉਸ ਸੱਦੇ ਤਹਿਤ ਹੀ ਅੱਜ ਇੱਥੇ ਆਪਣਾ ਰੋਸ ਪ੍ਰਗਟਾਵਾ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਹਰਜੀਤ ਸਿੰਘ ਜੀਦਾ, ਤਲਵਿੰਦਰ ਸਿੰਘ ਖਰੌੜ, ਰਾਜਵੀਰ ਸਿੰਘ ਸਮਰਾਲਾ ਤੇ ਰਮੇਸ਼ ਮਾਕੜ ਨੇ ਕਿਹਾ ਕਿ ਕੱਲ੍ਹ ਸਿੱਖਿਆ ਮੰਤਰੀ ਵੱਲੋਂ ਧਰਨੇ ‘ਚ ਆ ਕੇ ਮੰਗਾਂ ਬਾਰੇ ਕੀਤਾ ਵਾਅਦਾ ਨਿਗੂਣਾ ਹੈ ਤੇ ਉਸ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਮੀਟਿੰਗਾਂ ਰੱਖ ਕੇ ਹਕੂਮਤ ਵੱਲੋਂ ਮੁੱਕਰਿਆ ਜਾ ਚੁੱਕਾ ਹੈ ਇਸ ਲਈ ਸਾਰੀਆਂ ਮੰਗਾਂ ਦੀ ਪ੍ਰਾਪਤੀ ਖਾਤਰ ਤੇ ਨਿਗੂਣੇ ਭਰੋਸੇ ਨੂੰ ਅਮਲੀ ਜਾਮਾ ਪਹਿਨਾਉਣ ਖ਼ਾਤਰ ਸੰਘਰਸ਼ ਦਾ ਝੰਡਾ ਬੁਲੰਦ ਰੱਖਣਾ ਲਾਜ਼ਮੀ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ 21 ਸੂਤਰੀ ਮੰਗ ਪੱਤਰ ‘ਚ ਸਿਰਫ 5178 ਅਧਿਆਪਕਾਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀਆਂ ਵਲੰਟੀਅਰ ਕੈਟਾਗਿਰੀਆਂ ਦੇ ਭੱਤੇ ਵਿੱਚ ਮਾਮੂਲੀ ਵਾਧਾ ਕਰਨਾ, ਵਿਕਟੇਮਾਈਜੇਸ਼ਨਾਂ ਰੱਦ ਕਰਨ ਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ ਬਾਰੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਦਾ ਜ਼ੁਬਾਨੀ ਕਲਾਮੀ ਐਲਾਨ ਕੀਤਾ ਹੈ ਜਦਕਿ ਮੋਰਚੇ ਦੀਆਂ ਬਾਕੀ ਸਭਨਾਂ ਮੰਗਾਂ ‘ਤੇ ਚੁੱਪ ਵੱਟੀ ਹੋਈ ਹੈ ਉਨ੍ਹਾਂ ਕਿਹਾ ਕਿ ਜੇਕਰ ਅਜੇ ਮੰਤਰੀ ਨੇ ਮੁੱਖ ਮੰਤਰੀ ਨੂੰ ਬੇਨਤੀ ਹੀ ਕਰਨੀ ਹੈ ਤੇ ਸਾਰਾ ਕੁਝ ਮੁੱਖ ਮੰਤਰੀ ਦੇ ਰਹਿਮੋ-ਕਰਮ ਤੇ ਹੀ ਹੈ ਤਾਂ ਫਿਰ ਮੰਤਰੀ ਦੇ ਕਹਿਣ ‘ਤੇ ਸੰਘਰਸ਼ ਵਾਪਸੀ ਦਾ ਕੋਈ ਅਧਾਰ ਨਹੀਂ ਬਣਦਾ
ਇੱਧਰ ਅੱਜ ਸਵੇਰੇ ਮੋਰਚੇ ਦੇ ਸੂਬਾ ਆਗੂਆਂ ਦੀਦਾਰ ਸਿੰਘ ਮੁੱਦਕੀ ਅਤੇ ਹਰਜੀਤ ਸਿੰਘ ਜੀਦਾ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਦਾ ਮੰਗਾਂ ਬਾਰੇ ਰਵੱਈਆ ਤਾਂ ਇਸੇ ਤੋਂ ਹੀ ਜੱਗ ਜ਼ਾਹਿਰ ਹੁੰਦਾ ਹੈ ਕਿ ਦਾਣਾ ਮੰਡੀ ਚ ਇਕੱਠੇ ਹੋਣ ਤੋਂ ਵੀ ਰੋਕਣ ਲਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਮਗਰੋਂ ਲੋਕਾਂ ਦੇ ਇਕੱਠ ਦੇ ਦਬਾਅ ਕਾਰਨ ਛੱਡਣਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ