India-Sri Lanka ਦਰਮਿਆਨ ਦੂਜਾ ਮੁਕਾਬਲਾ ਅੱਜ
ਮੀਂਹ ਕਾਰਨ ਰੱਦ ਹੋ ਗਿਆ ਸੀ ਪਹਿਲਾ ਮੁਕਾਬਲਾ
ਇੰਦੌਰ, ਏਜੰਸੀ। ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਅੱਜ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜੇਤੂ ਅਭਿਆਨ ਲਈ ਉਤਰੇਗੀ। ਗੁਹਾਟੀ ‘ਚ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਮੀਂਹ ਅਤੇ ਗਿੱਲੀ ਪਿੱਚ ਕਾਰਨ ਰੱਦ ਕਰਨਾ ਪਿਆ ਸੀ, ਜਿਸ ਤੋਂ ਬਾਅਦ ਹੁਣ ਦੂਜਾ ਮੈਚ ਲੜੀ ਜਿੱਤਣ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਗਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਕੋਲ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਅਤੇ ਟੀਮ ‘ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਿਹਾਜ ਨਾਲ ਵੀ ਇਨ੍ਹਾਂ ਮੈਚਾਂ ਦੀ ਅਹਿਮੀਅਤ ਕਿਤੇ ਵਧ ਗਈ ਹੈ।
ਸੱਟ ਕਾਰਨ ਲੰਮੇ ਸਮੇਂ ਤੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ‘ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹਨ ਜਿਨ੍ਹਾਂ ਦੀ ਉਡੀਕ ਕੁਝ ਲੰਮੀ ਹੋ ਗਈ ਹੈ ਅਤੇ ਹੁਣ ਹੋਲਕਰ ਸਟੇਡੀਅਮ ‘ਚ ਉਨ੍ਹਾਂ ਤੋਂ ਟੀਮ ਦੀ ਜਿੱਤ ‘ਚ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਧਵਨ ਅਤੇ ਲੋਕੇਸ਼ ਰਾਹੁਲ ਦੀ ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ।
ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਭਾਰਤ ਲਈ ਵੱਡੀ ਚੁਣੌਤੀ
ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ‘ਚ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਟੀਮ ਲਈ ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਕਰਨਾ ਵੱਡੀ ਚੁਣੌਤੀ ਹੈ।ਦੂਜੇ ਪਾਸੇ ਸ੍ਰੀਲੰਕਾਈ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ ਜੋ 16 ਮਹੀਨੇ ਬਾਅਦ ਵਾਪਸੀ ਕਰ ਰਹੇ ਹਨ। ਮੈਥਿਊਜ਼ ਨੇ ਦੱਖਣੀ ਅਫਰੀਕਾ ਖਿਲਾਫ ਅਗਸਤ 2018 ‘ਚ ਆਖਰੀ ਟੀ-20 ਖੇਡਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।