ਸਾਡੇ ਨਾਲ ਸ਼ਾਮਲ

Follow us

32.7 C
Chandigarh
Saturday, March 14, 2026
More
    Home Breaking News Story: ਸੱਚੀ ਖ...

    Story: ਸੱਚੀ ਖੁਸ਼ੀ ਦੀ ਭਾਲ

    Story: ਸਕੂਲੋਂ ਘਰ ਪਹੁੰਚੇ ਰਮਨ ਅਤੇ ਪੂਜਾ ਬਹੁਤ ਖੁਸ਼ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿਆਰ ਕਰਦਿਆਂ ਰਮਨ ਅਤੇ ਪੂਜਾ ਤੋਂ ਖੁਸ਼ ਹੋਣ ਦਾ ਕਾਰਨ ਪੁੱਛਿਆ, ਤਾਂ ਰਮਨ ਅਤੇ ਪੂਜਾ ਇਕੱਠੇ ਬੋਲੇ, ‘‘ਦਾਦਾ ਜੀ, ਦੀਵਾਲੀ ਦੀਆਂ ਤਿੰਨ ਛੁੱਟੀਆਂ ਹਨ, ਖੁਸ਼ ਤਾਂ ਹੋਣਾ ਹੀ ਹੈ, ਮਠਿਆਈਆਂ ਖਾਵਾਂਗੇ, ਗੁਲਗੁਲੇ ਪਕਾਵਾਂਗੇ ਅਤੇ ਪਟਾਕੇ ਚਲਾਵਾਂਗੇ।’’ ਰਮਨ ਅਤੇ ਪੂਜਾ ਦੀ ਗੱਲ ਸੁਣ ਕੇ ਦਾਦਾ ਜੀ ਬੋਲੇ, ‘‘ਬੇਟਾ ਸਕੂਲ ਨਾ ਜਾਣ ਦੀ ਖੁਸ਼ੀ, ਸੁੰਦਰ ਕੱਪੜੇ ਪਾਉਣਾ, ਪਟਾਕੇ ਚਲਾਉਣਾ ਇਹ ਤਾਂ ਉਹ ਖੁਸ਼ੀਆਂ ਹਨ ਜੋ ਕੁੱਝ ਪਲ ਦੀਆਂ ਮਹਿਮਾਨ ਹੁੰਦੀਆਂ ਹਨ, ਜੇਕਰ ਲੱਭਣਾ ਹੀ ਚਾਹੁੰਦੇ ਹੋ ਤਾਂ ਸੱਚੀ ਖੁਸ਼ੀ ਦੀ ਭਾਲ ਕਰੋ ਜੋ ਸਦੀਵੀ ਸਾਡੇ ਮਨ ਨੂੰ ਸ਼ਾਂਤੀ ਦਿੰਦੀ ਰਹੀ।’’ ‘‘ਸੱਚੀ ਖੁਸ਼ੀ! ਇਹ ਕੀ ਹੁੰਦੀ ਆ? ਕਿਵੇਂ ਮਿਲੂਗੀ ਸਾਨੂੰ?’’ ਰਮਨ ਇੱਕੋਦਮ ਬੋਲਿਆ। ‘‘ਕਾਹਲੀ ਨਾ ਕਰੋ ਬੇਟਾ! ਸਮਾਂ ਆਉਣ ਦਿਓ ਤੁਹਾਨੂੰ ਦੱਸਾਂਗਾ ਕਿ ਸੱਚੀ ਖੁਸ਼ੀ ਕਿਵੇਂ ਪ੍ਰਾਪਤ ਹੁੰਦੀ ਹੈ।’’

    ਦੀਵਾਲੀ ਦੀ ਖਰੀਦਦਾਰੀ ਲਈ ਰਮਨ ਤੇ ਪੂਜਾ ਦਾਦਾ ਜੀ ਨਾਲ ਬਾਜ਼ਾਰ ਗਏ। ਸਭ ਤੋਂ ਪਹਿਲਾਂ ਸੜਕ ਕਿਨਾਰੇ ਤਰਪਾਲ ਵਿਛਾਈ ਬੈਠੇ ਇੱਕ ਦੁਕਾਨਦਾਰ ਤੋਂ ਦਾਦਾ ਜੀ ਨੇ ਮਿੱਟੀ ਦੇ ਬਣੇ ਦੀਵੇ ਖ਼ਰੀਦੇ, ਉਸ ਤੋਂ ਬਾਅਦ ਕੱਪੜੇ ਅਤੇ ਮਠਿਆਈਆਂ ਖ਼ਰੀਦੀਆਂ, ਰਮਨ ਅਤੇ ਪੂਜਾ ਦਾਦਾ ਜੀ ਨਾਲ ਬਹੁਤ ਨਾਰਾਜ਼ ਸਨ ਕਿਉਂਕਿ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜ਼ੂਦ ਵੀ ਦਾਦਾ ਜੀ ਨੇ ਇਸ ਵਾਰ ਪਟਾਕੇ ਨਹੀਂ ਖ਼ਰੀਦੇ ਪਰੰਤੂ ਰਮਨ ਅਤੇ ਪੂਜਾ ਨੂੰ ਮਿਲੇ ਮਨਪਸੰਦ ਕੱਪੜੇ ਅਤੇ ਖਿਡੌਣਿਆਂ ਦੇ ਚਾਅ ਵਿੱਚ ਪਟਾਕੇ ਨਾ ਮਿਲਣ ਦਾ ਰੋਸ ਭੁੱਲ ਗਿਆ। Story

    Read Also : ਮਾਰਚ ’ਚ ਹੀ ਲੱਗੇ ਬਿਜਲੀ ਕੱਟ, ਲੋਕ ਕਹਿੰਦੇ ਜੂਨ-ਜੁਲਾਈ ’ਚ ਕੀ ਬਣੂੰ

    ਸਾਮਾਨ ਦੀ ਖਰੀਦਦਾਰੀ ਕਰਨ ਤੋਂ ਬਾਅਦ ਦਾਦਾ ਜੀ ਰਮਨ ਅਤੇ ਪੂਜਾ ਨੂੰ ਗੁਆਂਢ ਵਿੱਚ ਰਹਿੰਦੇ ਕਿਸ਼ੋਰੀ ਲਾਲ ਦੇ ਘਰ ਲੈ ਕੇ ਗਏ। ਕਿਸ਼ੋਰੀ ਲਾਲ ਬੜਾ ਮਿਹਨਤੀ ਵਿਅਕਤੀ ਸੀ ਪਰੰਤੂ ਇੱਕ ਐਕਸੀਡੈਂਟ ਨੇ ਉਸ ਨੂੰ ਨਕਾਰਾ ਬਣਾ ਕੇ ਮੰਜੇ ਨਾਲ ਲਾ ਦਿੱਤਾ, ਹੁਣ ਉਹਦੇ ਘਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਕਿਸ਼ੋਰੀ ਲਾਲ ਦਾ ਬੇਟਾ ਰਾਹੁਲ ਪੂਜਾ ਅਤੇ ਰਮਨ ਦਾ ਜਮਾਤੀ ਸੀ। ਕਿਸ਼ੋਰੀ ਲਾਲ ਦੀ ਪਤਨੀ ਸੀਮਾ ਰਾਣੀ ਰਮਨ ਦੇ ਘਰ ਦੇ ਨਾਲ-ਨਾਲ ਹੋਰ ਘਰਾਂ ਵਿੱਚ ਝਾੜੂ-ਪੋਚੇ ਅਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਰਮਨ ਅਤੇ ਪੂਜਾ ਦਾਦਾ ਜੀ ਨਾਲ ਕਿਸ਼ੋਰੀ ਲਾਲ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਸੀਤਾ ਰਾਣੀ ਨੇ ਖੋਲ੍ਹਿਆ।

    ਸੀਤਾ ਦੇਖ ਕੇ ਹੈਰਾਨ ਹੋਈ ਕਿ ਅੱਜ ਮਾਲਕ ਉਸ ਦੇ ਘਰ ਕਿਵੇਂ ਆ ਗਏ? ਕਿਸ਼ੋਰੀ ਲਾਲ ਦਾ ਹਾਲ-ਚਾਲ ਪੁੱਛਦਿਆਂ ਦਾਦਾ ਜੀ ਨੇ ਸਾਮਾਨ ਵਾਲੇ ਝੋਲੇ ਵਿੱਚੋਂ ਕੁੱਝ ਕੱਪੜੇ, ਮਠਿਆਈ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਲਈ ਖਿਡੌਣੇ ਫੜਾਉਂਦਿਆਂ ਕਿਹਾ, ‘‘ਭੈਣ ਸੀਤਾ ਦੀਵਾਲੀ ਮੁਬਾਰਕ!’’ ਝਿਜਕਦੇ ਹੋਏ ਸਾਮਾਨ ਫੜਦਿਆਂ ਸੀਤਾ ਬੋਲੀ, ‘‘ਸਾਹਿਬ ਜੀ ਆਪ ਕੋ ਭੀ ਦੀਵਾਲੀ ਮੁਬਾਰਕ ਹੋ, ਭਗਵਾਨ ਆਪਕਾ ਭਲਾ ਕਰੇ, ਅਗਰ ਆਪ ਹਮਾਰੀ ਮਦਦ ਨਾ ਕਰਤੇ, ਤੋ ਹੋ ਸਕਤਾ ਹਮ ਜ਼ਿੰਦਾ ਹੀ ਨਾ ਬਚਤੇ, ਆਪ ਨੇ ਹਮ ਬੇਸਹਾਰੋਂ ਕੋ ਸਹਾਰਾ ਦਿਆ, ਆਪ ਕੀ ਹੀ ਕਿਰਪਾ ਸੇ ਰਾਹੁਲ ਸਕੂਲ ਮੇਂ ਪੜ੍ਹ ਰਹਾ ਹੈ, ਭਗਵਾਨ ਆਪਕੋ ਲੰਮੀ ਆਯੂ ਔਰ ਆਪਕੇ ਪਰਿਵਾਰ ਕੋ ਅੱਛੀ ਸਿਹਤ ਔਰ ਢੇਰ ਸਾਰੀ ਖੁਸ਼ੀਆਂ ਦੇ, ਆਪਕਾ ਬਹੁਤ ਬਹੁਤ ਧੰਨਿਆਵਾਦ।’’ ਸੀਤਾ ਨੇ ਨਮ ਅੱਖਾਂ ਨਾਲ ਦੁਆਵਾਂ ਦੀ ਝੜੀ ਲਾ ਦਿੱਤੀ।

    ਕਿਸ਼ੋਰੀ ਲਾਲ ਦੇ ਘਰੋਂ ਇਜ਼ਾਜਤ ਲੈ ਕੇ ਜਦੋਂ ਰਮਨ, ਪੂਜਾ ਤੇ ਦਾਦਾ ਜੀ ਘਰ ਪਹੁੰਚੇ ਤਾਂ ਰਮਨ ਨੇ ਫ਼ਿਰ ਸਵਾਲ ਕੀਤਾ, ‘‘ਦਾਦਾ ਜੀ ਸੱਚੀ ਖੁਸ਼ੀ ਮਿਲਣ ਬਾਰੇ ਤਾਂ ਦੱਸੋ’’ ‘‘ਬੇਟਾ ਰਮਨ, ਬੇਟਾ ਪੂਜਾ ਇੱਧਰ ਆਓ!’’ ਦੋਵੇਂ ਦਾਦਾ ਜੀ ਕੋਲ ਆਏ, ਦੋਵਾਂ ਨੂੰ ਦੁਲਾਰਦਿਆਂ ਦਾਦਾ ਜੀ ਬੋਲੇ, ‘‘ਬੇਟਾ ਕਿਸੇ ਲੋੜਵੰਦ ਦੀ ਮੱਦਦ ਕਰਕੇ ਜੋ ਖੁਸ਼ੀ ਮਿਲਦੀ ਹੈ ਉਹ ਹੁੰਦੀ ਹੈ ਸੱਚੀ ਖੁਸ਼ੀ। ਜ਼ੇਕਰ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਕਿਸੇ ਲੋੜਵੰਦ ਦੀ ਮੱਦਦ ਕਰਕੇ ਦੇਖੋ ਕਿਉਂਕਿ ਅਮੀਰੀ ਦਿਲ ਦੀ ਹੁੰਦੀ ਹੈ ਪੈਸਿਆਂ ਦੀ ਨਹੀਂ। ਪੈਸੇ ਨਾਲ ਐਸ਼ੋ-ਆਰਾਮ ਦੀਆਂ ਵਸਤਾਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰੰਤੂ ਖੁਸ਼ੀਆਂ ਨਹੀਂ, ਜੇਕਰ ਪੈਸੇ ਨਾਲ ਹੀ ਖੁਸ਼ੀਆਂ ਖਰੀਦੀਆਂ ਜਾਂਦੀਆਂ ਤਾਂ ਜਿਨ੍ਹਾਂ ਕੋਲ ਅਰਬਾਂ ਰੁਪਏ ਹਨ ਉਹ ਤਾਂ ਖੁਸ਼ ਹੀ ਹੁੰਦੇ, ਪਰੰਤੂ ਨਹੀਂ, ਉਹ ਵੀ ਦੁਖੀ ਹਨ, ਸੱਚੀ ਖੁਸ਼ੀ ਦੀ ਭਾਲ ਕਰਨਾ ਬਹੁਤ ਸੌਖਾ ਹੈ, ਲੋੜ ਹੈ ਕਿਸੇ ਲੋੜਵੰਦ ਵੱਲ ਹੱਥ ਵਧਾਉਣ ਦੀ। ਸਮਝ ਗਏ ਨਾ ਮੇਰੇ ਬੱਚਿਓ!’’ ‘‘ਹਾਂ ਜੀ ਦਾਦਾ ਜੀ!’’ ਰਮਨ ਅਤੇ ਪੂਜਾ ਦੋਵਾਂ ਨੇ ਹਾਂ ਕਹਿੰਦਿਆਂ ਦਾਦਾ ਜੀ ਦੀ ਗੱਲ ਨੂੰ ਹਮੇਸ਼ਾ ਪੱਲੇ ਬੰਨ੍ਹਣ ਦਾ ਵਚਨ ਦਿੱਤਾ।

    ਰਜਵਿੰਦਰ ਪਾਲ ਸ਼ਰਮਾ,
    ਕਾਲਝਰਾਣੀ, ਬਠਿੰਡਾ
    ਮੋ. 70873-67969