ਨਸ਼ੇ ਦਾ ਕਹਿਰ: ਹੰਝੂ ਭਰੀਆਂ ਅੱਖਾਂ ਨਾਲ 64 ਸਾਲਾ ਦਰਸ਼ਨਾ ਦੇਵੀ ਨੇ ਬਿਆਨ ਕੀਤੀ ਦਰਦਨਾਕ ਦਾਸਤਾਂ

Drugs Free India
Drugs Free India: ਨਸ਼ੇ ਦਾ ਕਹਿਰ: ਹੰਝੂ ਭਰੀਆਂ ਅੱਖਾਂ ਨਾਲ 64 ਸਾਲਾ ਦਰਸ਼ਨਾ ਦੇਵੀ ਨੇ ਬਿਆਨ ਕੀਤੀ ਦਰਦਨਾਕ ਦਾਸਤਾਂ

ਪਰਿਵਾਰ ਦੀਆਂ ਖੁਸ਼ੀਆਂ ਨਿਗਲ ਗਿਆ ਨਸ਼ਾ, ਘਰੋਂ ਉੱਠੀਆਂ ਤਿੰਨ ਅਰਥੀਆਂ | Drugs Free India

  • 15 ਵਿੱਘਿਆਂ ਦੀ ਮਾਲਕਣ ਹੁਣ ਮੰਜੇ ਬੁਣ ਕੇ ਕਰਦੀ ਐ ਗੁਜ਼ਾਰਾ : Drugs Free India

Drugs Free India: ਔਢਾਂ (ਸਰਸਾ) (ਸੱਚ ਕਹੂੰ ਨਿਊਜ਼/ਰਾਜੂ)। ਜਿਸ ਉਮਰ ਵਿੱਚ ਇੱਕ ਮਾਂ ਨੂੰ ਆਪਣੇ ਬੱਚਿਆਂ ਦੇ ਪਿਆਰ ਅਤੇ ਸੁੱਖ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਜੇਕਰ ਉਸ ਉਮਰ ’ਚ ਉਸ ਨੂੰ ਖੂਨ ਦੇ ਹੰਝੂ ਵਹਾਉਣ ਲਈ ਮਜ਼ਬੂਰ ਹੋ ਜਾਣਾ ਪਵੇ ਤਾਂ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੋ ਸਕਦਾ। ਇਹ ਸਭ ਕੁਝ ਸਮਾਜ ਵਿੱਚ ਨਸ਼ੇ ਦੇ ਫੈਲਾਅ ਕਾਰਨ ਹੋ ਰਿਹਾ ਹੈ। ਇੰਨਾ ਹੀ ਨਹੀਂ ਕਈ ਪਰਿਵਾਰਾਂ ਵਿੱਚ ਹਾਲਾਤ ਅਜਿਹੇ ਹਨ ਕਿ ਇਕਲੌਤਾ ਪੁੱਤਰ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ ਹੈ ਅਤੇ ਮਾਪੇ ਤਰਸਯੋਗ ਜ਼ਿੰਦਗੀ ਜਿਉਣ ਲਈ ਪਿੱਛੇ ਰਹਿ ਗਏ ਹਨ।

ਅਸੀਂ ਪਾਠਕਾਂ ਨੂੰ ਸਰਸਾ ਜ਼ਿਲ੍ਹੇ ਦੇ ਟੱਪੀ ਪਿੰਡ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਦੀ ਦਾਸਤਾਂ ਤੋਂ ਜਾਣੂ ਕਰਵਾ ਰਹੇ ਹਾਂ, ਜਿਸ ਦੇ ਪੂਰੇ ਪਰਿਵਾਰ ਨੂੰ ਨਸ਼ਾ ਨਿਗਲ ਗਿਆ ਬਜ਼ੁਰਗ ਔਰਤ ਨੇ ਰੋਂਦਿਆਂ ਹੋਇਆਂ ਸਿਰਫ਼ ਇਹੀ ਕਿਹਾ ਕਿ ਨਸ਼ਾ ਕਿਸੇ ਦੇ ਘਰ ਨਾ ਵੜੇ। ਇਹ ਪਰਿਵਾਰ ਕਦੇ ਆਪਣੀ ਜ਼ਮੀਨ ’ਤੇ ਖੇਤੀ ਕਰਦਾ ਸੀ। ਅੱਜ ਨਾ ਤਾਂ ਜ਼ਮੀਨ ਬਚੀ ਹੈ ਅਤੇ ਨਾ ਹੀ ਪਤੀ ਅਤੇ ਪੁੱਤਰ। ਨਸ਼ੇ ਨੇ ਸਭ ਕੁਝ ਖੋਹ ਲਿਆ।

Drug Addiction

64 ਸਾਲਾ ਦਰਸ਼ਨਾ ਦੇਵੀ ਕੋਲ ਪਿੰਡ ਸੰਗਤਪੁਰਾ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਵਿੱਚ ਆਪਣਾ ਪਰਿਵਾਰ ਅਤੇ 15 ਵਿੱਘੇ ਜ਼ਮੀਨ ਸੀ। ਉਸ ਦਾ ਪਤੀ ਵਿਜੇ ਕੁਮਾਰ ਹਮੇਸ਼ਾ ਸ਼ਰਾਬ ਦੇ ਨਸ਼ੇ ’ਚ ਰਹਿੰਦਾ ਸੀ। ਇਸ ਨਸ਼ੇ ਕਾਰਨ ਉਸ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ। ਜਿਸ ਤੋਂ ਬਾਅਦ ਦਰਸ਼ਨਾ ਦੇਵੀ, ਆਪਣੇ ਪਤੀ ਅਤੇ ਦੋ ਪੁੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਟੱਪੀ ਲੈ ਆਈ। ਪਰ ਵਿਜੇ ਕੁਮਾਰ ਨੇ ਇੱਥੇ ਵੀ ਸ਼ਰਾਬ ਪੀਣੀ ਨਾ ਛੱਡੀ। ਉਸ ਦੀ ਲਤ ਨੂੰ ਦੇਖ ਕੇ ਉਸ ਦਾ ਵੱਡਾ ਪੁੱਤਰ ਬਿੰਦਰ ਵੀ ਸ਼ਰਾਬ ਦਾ ਆਦੀ ਹੋ ਗਿਆ। ਛੋਟਾ ਪੁੱਤਰ ਸੁਰਿੰਦਰ ਵੀ ਮੈਡੀਕਲ ਨਸ਼ੇ ’ਚ ਪੈ ਗਿਆ। ਇੱਕ ਦਿਨ ਅਜਿਹਾ ਆਇਆ ਜਦੋਂ ਨਸ਼ੇ ਦੀ ਲਤ ਨੇ 25 ਸਾਲਾ ਸੁਰਿੰਦਰ ਦੀ ਜਾਨ ਲੈ ਲਈ, ਜਦੋਂ ਕਿ ਕੁਝ ਸਮੇਂ ਬਾਅਦ 45 ਸਾਲਾ ਬਿੰਦਰ ਅਤੇ ਉਸ ਦਾ ਪਿਤਾ ਵਿਜੇ ਦੀ ਵੀ ਸ਼ਰਾਬ ਦੀ ਲਤ ਕਾਰਨ ਮੌਤ ਹੋ ਗਈ।

Drugs Free India

ਪਹਿਲਾਂ ਘਰ ਦਾ ਛੋਟਾ ਪੁੱਤਰ ਸੁਰਿੰਦਰ, ਫਿਰ ਵੱਡਾ ਪੁੱਤਰ ਬਿੰਦਰ ਅਤੇ ਫਿਰ ਪਿਤਾ ਵਿਜੇ। ਨਸ਼ੇ ਕਾਰਨ ਤਿੰਨੋਂ ਇੱਕ-ਇੱਕ ਕਰਕੇ ਮਰ ਗਏ। ਨਸ਼ੇ ਕਾਰਨ ਇੱਕ ਘਰ ਵਿੱਚੋਂ ਤਿੰਨ ਅਰਥੀਆਂ ਉੱਠੀਆਂ। ਦਰਸ਼ਨਾ ਦੇਵੀ ਆਪਣੇ ਰਿਸ਼ਤੇਦਾਰਾਂ ਦੇ ਜ਼ੋਰ ਦੇਣ ’ਤੇ ਰਾਜਸਥਾਨ ਤੋਂ ਪਿੰਡ ਟੱਪੀ ਆਈ, ਇਹ ਸੋਚ ਕੇ ਕਿ ਸ਼ਾਇਦ ਉਹ ਇੱਥੇ ਆਪਣਾ ਨਸ਼ਾ ਛੱਡ ਦੇਣ ਅਤੇ ਸਭ ਕੁਝ ਠੀਕ ਹੋ ਜਾਵੇਗਾ। ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਵਿਜੇ ਅਤੇ ਉਸ ਦੇ ਪੁੱਤਰਾਂ ਨੂੰ ਘਰ ਦੀ ਹਾਲਤ ਬਾਰੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕਿਸੇ ਦੀ ਇੱਕ ਨਾ ਸੁਣੀ। ਘਰ ਵਿੱਚ 3 ਜੀਆਂ ਦੀ ਮੌਤ ਨੇ ਦਰਸ਼ਨਾ ਦੇਵੀ ਨੂੰ ਸੋਗ ਅਤੇ ਇਕੱਲਤਾ ਵਿੱਚ ਧੱਕ ਦਿੱਤਾ। ਰੋ-ਰੋ ਕੇ ਦਰਸ਼ਨਾ ਦੇਵੀ ਦੀਆਂ ਅੱਖਾਂ ’ਚੋਂ ਹੰਝੂ ਮੰਨੋਂ ਖਤਮ ਹੀ ਹੋ ਗਏ।

Read Also : Pahalgam Attack: ਸੁਰੱਖਿਆ ਬਲਾਂ ਨੇ ਜਾਰੀ ਕੀਤੇ ਅੱਤਵਾਦੀਆਂ ਦੇ ਸਕੈੱਚ ਅਤੇ ਫੋਟੋਆਂ

ਆਪਣੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਤੋਂ ਬਾਅਦ 64 ਸਾਲਾ ਦਰਸ਼ਨਾ ਦੇਵੀ ਪਿਛਲੇ ਕਈ ਸਾਲਾਂ ਤੋਂ ਤਰਸਭਰੀ ਜ਼ਿੰਦਗੀ ਜਿਉਂ ਰਹੀ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ਉਸ ਨੂੰ ਇਸ ਮੋੜ ’ਤੇ ਲੈ ਆਵੇਗੀ। ਘਰ ਵਿੱਚ ਇਕੱਲੀ ਦਰਸ਼ਨਾ ਮੰਜੇ ਬੁਣਨਾ, ਪਲਾਸਟਿਕ ਦੇ ਥੈਲਿਆਂ ਤੋਂ ਚਾਦਰਾਂ ਬਣਾਉਣਾ ਸਮੇਤ ਹੋਰ ਛੋਟੇ-ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਪਿੰਡ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਸ ਨੂੰ ਸਮੇਂ-ਸਮੇਂ ’ਤੇ ਰਾਸ਼ਨ ਦੇ ਕੇ ਉਸ ਦੀ ਮੱਦਦ ਕਰਦੀ ਹੈ।

‘ਇਸ ਨਾਲੋਂ ਤਾਂ ਰੱਬ ਮੈਨੂੰ ਹੀ ਚੱਕ ਲੈਦਾ’

64 ਸਾਲਾ ਦਰਸ਼ਨਾ ਦੇਵੀ ਅੱਜ ਘਰ ਵਿੱਚ ਬਿਲਕੁਲ ਇਕੱਲੀ ਰਹਿ ਗਈ ਹੈ। ਨਸ਼ੇ ਨੇ ਉਸ ਦੇ ਖੁਸ਼ਹਾਲ ਪਰਿਵਾਰ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਕਿ ਉਹ ਚਾਹੁੰਦੀ ਹੋਈ ਵੀ ਕੁਝ ਨਾ ਕਰ ਸਕੀ। ਉਸਦੀਆਂ ਅੱਖਾਂ ਦੇ ਸਾਹਮਣੇ ਉਸ ਦਾ ਪਤੀ ਅਤੇ ਦੋ ਜਵਾਨ ਪੁੱਤ ਨਸ਼ਿਆਂ ਦੇ ਆਦੀ ਹੋ ਗਏ। ਦਰਸ਼ਨਾ ਦੇਵੀ ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਬੀਤੇ ਸਮੇਂ ਨੂੰ ਯਾਦ ਕਰਦੀ ਹੈ। ਦਰਸ਼ਨਾ ਦੇਵੀ ਨੇ ਰੋਂਦੇ ਹੋਏ ਕਿਹਾ, ‘ਇਸ ਨਾਲੋਂ ਤਾ ਰੱਬ ਮੈਨੂੰ ਹੀ ਚੱਕ ਲੈਂਦਾ ਜਿਸ ਦੇ ਘਰੋਂ ਦੋ ਜਵਾਨ ਪੁੱਤਰ ਅਤੇ ਸਿਰ ਦੇ ਸਾਈਂ ਨੂੰ ਨਸ਼ਾ ਖਾ ਗਿਆ, ਓਸ ਔਰਤ ਦਾ ਕੀ ਜਿਉਣਾ ਮੈਨੂੰ ਤਾਂ ਚੰਦਰੀ ਮੌਤ ਵੀ ਨਹੀਂ ਆਉਂਦੀ ਮੈਂ ਦੋਵਾਂ ਪੁੱਤਰਾਂ ਨੂੰ ਬਹੁਤ ਰੋਕਿਆ, ਪਰ ਉਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀ। ਨਸ਼ੇ ਨੇ ਮੇਰਾ ਖੁਸ਼ਹਾਲ ਪਰਿਵਾਰ ਬਰਬਾਦ ਕਰ ਦਿੱਤਾ। ਹੁਣ ਮੈਂ ਜਿਉਂਆਂ ਤਾਂ ਕਿਵੇਂ ਅਤੇ ਕਿਸ ਦੇ ਸਹਾਰੇ’।

ਬੇਰਹਿਮ, ਬੇਦਰਦ ਅਤੇ ਤਬਾਹਕਾਰੀ ਹੈ ਨਸ਼ਾ

ਦਰਸ਼ਨਾ ਦੇਵੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹੋ, ਨਸ਼ਾ ਬੇਰਹਿਮ, ਬੇਦਰਦ ਅਤੇ ਤਬਾਹੀ ਦਾ ਘਰ ਹੈ ਨਸ਼ਾ ਕਰਨਾ ਤਾਂ ਦੂਰ, ਨਸ਼ਾ ਕਰਨ ਵਾਲੇ ਦਾ ਪਰਛਾਵਾਂ ਵੀ ਆਪਣੇ ’ਤੇ ਨਾ ਪੈਣ ਦਿਓ। ਕਿਉਂਕਿ ਸੰਗਤ ਦਾ ਰੰਗ ਜ਼ਰੂਰ ਚੜ੍ਹਦਾ ਹੈ। ਨਸ਼ੇ ਨੇ ਮੇਰਾ ਘਰ ਅਤੇ ਸੁਹਾਗ ਉਜਾੜ ਦਿੱਤਾ। ਦਰਸ਼ਨਾ ਨੇ ਨੌਜਵਾਨਾਂ ਨੂੰ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਮਾਪਿਆਂ ਦਾ ਸਹਾਰਾ ਬਣੋੋ ਮੇਰੀ ਪ੍ਰਭੂ-ਪਰਮਾਤਮਾ ਦੇ ਚਰਨਾਂ ’ਚ ਇਹੋ ਅਰਦਾਸ ਹੈ ਕਿ ਕਿਸੇ ਨੂੰ ਵੀ ਮੇਰੇ ਜਿਹਾ ਸਮਾਂ ਨਾ ਵੇਖਣਾ ਪਵੇ।