ਕੋਰੋਨਾ ਦਾ ਕਹਿਰ: ਮਾਸਕ ਤੇ ਸੈਨੇਟਾਈਜਰਸ ਦੀ ਵਿੱਕਰੀ ਵਧੀ

ਮੰਗ ਵਧਣ ਕਾਰਨ ਕੰਪਨੀਆਂ ਨੇ ਵਧਾਈਆਂ ਕੀਮਤਾਂ

ਰਾਜਪੁਰਾ, (ਜਤਿੰਦਰ ਲੱਕੀ)। ਕੋਰੋਨਾ ਪਾਜ਼ੀਟਿਵ (Coronavirus) ਦੇ ਮਾਮਲੇ ਦੇਸ਼ ਵਿੱਚ ਵੱਧ ਰਹੇ ਹਨ, ਜਿਸ ਕਰਕੇ ਲੋਕ ਜਿੱਥੇ ਕਾਫੀ ਡਰੇ ਹੋਏ ਹਨ ਉੱਥੇ ਇਸ ਤੋਂ ਬਚਾਅ ਲਈ ਕਾਫ਼ੀ ਸੁਚੇਤ ਵੀ ਹੋ ਗਏ ਹਨ ਕੋਰੋਨਾ ਤੋਂ ਆਪਣੇ ਬਚਾਅ ਲਈ ਲੋਕ ਹਰ ਸੰਭਵ ਉਪਰਾਲਾ ਕਰ ਰਹੇ ਹਨ ਤੇ ਸਾਫ ਸਫਾਈ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ ਇਸ ਤੋਂ ਬਚਾਅ ਲਈ ਲੋਕਾਂ ਨੇ ਫੇਸ ਮਾਸਕ ਤੇ ਸੈਨੇਟਾਈਜ਼ਰਜ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ ਜਿਸ ਕਰਕੇ ਮਾਸਕ ਤੇ ਸੈਨੇਟਾਈਜ਼ਰਜ ਦੀ ਵਿੱਕਰੀ ਦੁਕਾਨਾਂ ‘ਤੇ ਵਧ ਗਈ ਹੈ ਮਾਹਿਰ ਡਾਕਟਰਾਂ ਅਨੁਸਾਰ ਸਭ ਤੋਂ ਉੱਚ ਕੁਆਲਿਟੀ ਦਾ ਫੇਸ ਮਾਸਕ ਐੱਨ-95 ਹੈ  ਇਹ ਮਾਸਕ .2 ਮਾਈਕ੍ਰੋਨ ਦਾ ਹੁੰਦਾ ਹੈ ਅਤੇ ਇਸ ਨੂੰ ਲਗਾਉਣ ਤੋਂ ਬਾਅਦ ਕੋਰੋਨਾ ਦੀ ਚਪੇਟ ਵਿੱਚ ਆਉਣ ਦਾ ਖ਼ਤਰਾ ਕਾਫੀ ਘੱਟ ਜਾਂਦਾ ਹੈ ਪਰ ਇਹ ਮਾਸਕ ਮਹਿੰਗਾ ਹੈ ਜਿਸ ਕਰਕੇ ਲੋਕ ਇਸ ਦੇ ਨਾਲ ਦੇ ਮਾਸਕ ਲੈ ਕੇ ਗੁਜ਼ਾਰਾ ਕਰ ਰਹੇ ਹਨ।

ਅੱਜ ਜਦ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਇੱਥੋਂ ਦੀਆਂ ਕੁੱਝ ਦੁਕਾਨਾਂ ‘ਤੇ ਹੀ ਐੱਨ-95 ਫੇਸ ਮਾਸਕ ਮਿਲ ਰਹੇ ਸਨ। ਡਿਮਾਂਡ ਵਧਣ ਕਾਰਨ ਇਸ ਫੇਸ ਮਾਸਕ ਦੀ ਕੀਮਤ ਕੰਪਨੀ ਵੱਲੋਂ ਵਧਾ ਦਿੱਤੀ ਗਈ ਹੈ ਤੇ ਰੋਜ਼ ਦੇ ਰੇਟ ਅਨੁਸਾਰ ਕੈਮਿਸਟ ਸ਼ਾਪ ਵਾਲੇ ਇਸ ਨੂੰ ਵੇਚਦੇ ਹਨ ਤੇ ਬਾਕੀ ਕੈਮਿਸਟ ਸ਼ਾਪ ਵਾਲੇ ਸਾਧਾਰਨ ਸਰਜੀਕਲ ਮਾਸਕ ਵੇਚਦੇ ਹਨ।  ਦੱਸਣਯੋਗ ਹੈ ਕਿ ਜ਼ਿਆਦਾਤਰ ਫੇਸ ਮਾਸਕ ਦੀ ਸਪਲਾਈ ਚੀਨ ਤੋਂ ਹੀ ਹੁੰਦੀ ਹੈ ਪਰ ਹਾਲ ਦੀ ਘੜੀ ਉੱਥੋਂ ਦੀ ਸਪਲਾਈ ਬੰਦ ਹੋ ਚੁੱਕੀ ਹੈ ਭਾਰਤ ਵਿੱਚ ਮਾਸਕ ਦਾ ਉਤਪਾਦਨ ਜ਼ਰੂਰਤ ਅਨੁਸਾਰ ਹੈ ਅਤੇ ਦੇਸੀ ਮਾਸਕਾਂ ਦੀ ਕੀਮਤ ਦੂਸਰੇ ਮਾਸਕ ਨਾਲੋਂ ਘੱਟ ਹੈ ਕੈਮਿਸਟ ਸ਼ਾਪ ‘ਤੇ ਦੋ ਲੇਅਰ ਫੇਸ ਮਾਸਕ 20 ਤੋਂ  40  ਰੁਪਏ ਅਤੇ 3 ਲੇਅਰ ਫੇਸ ਮਾਸਕ 30 ਤੋਂ  60 ਰੁਪਏ ‘ਚ ਵਿਕ ਰਿਹਾ ਹੈ, ਜਿਸ ਦੀ ਲਾਈਫ ਅੱਠ ਤੋਂ ਦਸ ਘੰਟਿਆਂ ਦੀ ਹੁੰਦੀ ਹੈ।  ਫੇਸ ਮਾਸਕ ਦੇ ਨਾਲ ਹੀ ਸੈਨੀਟਾਈਜ਼ਰਸ ਦੀ ਡਿਮਾਡ ਵੀ ਦਿਨੋਂ ਦਿਨ ਵੱਧ ਰਹੀ ਹੈ।

ਫੇਸ ਮਾਸਕ ਲੈਣ ਆਏ ਅਮਿਤ ਕੁਮਾਰ ਤੇ ਮਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਇਲਾਜ ਲਈ ਹਸਪਤਾਲ ਆਉਣਾ ਪੈਂਦਾ ਹੈ ਕੋਰੋਨਾ ਦੇ ਖਤਰੇ ਨੂੰ ਦੇਖਦਿਆਂ  ਰੋਜ਼ ਨਵੀਂ ਕੀਮਤ ਨਾਲ ਫੇਸ ਮਾਸਕ ਲੈਣਾ ਪੈਂਦਾ ਹੈ। ਸ਼ਹਿਰ ਦੀਆਂ ਤਕਰੀਬਨ ਸੱਤ ਅੱਠ ਦੁਕਾਨਾਂ ‘ਤੇ ਐੱਨ-95 ਮਾਸਕ ਲਈ ਪੁੱਛਿਆ ਪਰ ਨਹੀਂ ਮਿਲਿਆ ਜਿੱਥੋਂ ਮਿਲ ਰਿਹਾ ਹੈ, ਉੱਥੇ ਇਸ ਦੀ ਕੀਮਤ ਕਾਫੀ ਜ਼ਿਆਦਾ ਹੈ।

ਸ਼ਹਿਰ ਦੇ ਮਸ਼ਹੂਰ ਕੈਮਿਸਟ ਵਿਕਰੇਤਾ ਨੇ ਦੱਸਿਆ ਕਿ ਸਾਧਾਰਨ ਸਰਜੀਕਲ ਫੇਸ ਮਾਸਕ ਦੀ ਵਿਕਰੀ ਪਹਿਲਾਂ ਨਾਲੋਂ ਵਧੀ ਹੈ, ਪਰ ਜੋ ਚੰਗੇ ਫੇਸ ਮਾਸਕ ਹਨ ਉਸ ਦੀ ਕੀਮਤ ਜ਼ਿਆਦਾ ਹੈ ਤੇ ਨਾਲ ਹੀ ਉਸ ਦੀ ਡਿਮਾਂਡ ਵੀ ਜ਼ਿਆਦਾ ਹੈ। ਡਿਮਾਂਡ ਜਿਆਦਾ ਹੋਣ ਕਰਕੇ ਕੰਪਨੀ ਵੱਲੋਂ ਇਸ ਦੇ ਰੇਟ ਰੋਜ਼ਮਰਾ ਦੇ ਹਿਸਾਬ ਨਾਲ ਲਾਏ ਜਾ ਰਹੇ ਹਨ ਜਿਸ ਕਾਰਨ ਰੇਟ ਵਿੱਚ ਉਤਰਾਅ ਚੜ੍ਹਾਅ ਰਹਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।