ਸੂਚਨਾ ਅਧਿਕਾਰ ਐਕਟ ਰਾਹੀਂ ਜਾਣਕਾਰੀ ਦੇਣ ਤੋਂ ਇਨਕਾਰ, ਪਿਛਲੀਆਂ ਸਰਕਾਰਾਂ ’ਚ ਨਹੀਂ ਸੀ ਰੋਕ
ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਵੱਲੋਂ ਖ਼ਦਸ਼ਾ ਜ਼ਾਹਿਰ ਕਰਨ ਤੋਂ ਬਾਅਦ ਲੱਗੀ ਰੋਕ
(ਅਸ਼ਵਨੀ ਚਾਵਲਾ) ਚੰਡੀਗੜ੍ਹ,। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Maan) ਵੱਲੋਂ ਕੀਤੇ ਜਾਣ ਵਾਲੇ ਹਵਾਈ ਸਫ਼ਰ ਦੀ ਜਾਣਕਾਰੀ ਹੁਣ ਤੋਂ ਬਾਅਦ ਨਹੀਂ ਮਿਲੇਗੀ। ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਅਧਿਕਾਰੀਆਂ ਦੇ ਕਹਿਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਵਿਭਾਗ ਇਸ ਤਰ੍ਹਾਂ ਦੀ ਜਾਣਕਾਰੀ ਸੂਚਨਾ ਅਧਿਕਾਰ ਐਕਟ 2005 ਤਹਿਤ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ। ਪਿਛਲੀਆਂ ਸਰਕਾਰਾਂ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਸੂਚਨਾ ਅਧਿਕਾਰ ਐਕਟ ਵਿੱਚ ਜਾਰੀ ਕਰ ਦਿੱਤੀ ਜਾਂਦੀ ਰਹੀ ਹੈ, ਕਿਉਂਕਿ ਜਿਹੜਾ ਸਫ਼ਰ ਹੋ ਚੁੱਕਿਆ ਹੈ, ਉਸ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਕਦੇ ਵੀ ਵਿਵਾਦ ਨਹੀਂ ਰਿਹਾ ਪਰ ਹੁਣ ਸੁਰੱਖਿਆ ਨੂੰ ਲੈ ਕੇ ਆਰਟੀਆਈ ਐਕਟ ਵਿੱਚ ਜਾਣਕਾਰੀ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ (CM Bhagwant Maan) ਅਤੇ ਹੋਰਨਾਂ ਵੱਲੋਂ ਬੀਤੇ 4 ਮਹੀਨਿਆਂ ਦਰਮਿਆਨ ਕੀਤੇ ਗਏ ਹਵਾਈ ਸਫ਼ਰ ਦੀ ਜਾਣਕਾਰੀ ‘ਸੱਚ ਕਹੰੂ’ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਮੰਗੀ ਗਈ ਸੀ ਪਰ ਪਹਿਲੀ ਵਾਰ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਇਸ ਸਬੰਧੀ ਆਰਟੀਆਈ ਐਕਟ ਤਹਿਤ ਜਾਣਕਾਰੀ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਗਈ। ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਇਸ ਪਿੱਛੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਕਾਰਨ ਦੱਸਦੇ ਹੋਏ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ, ਪਰ ਇੱਥੇ ਇਹ ਸਮਝ ਨਹੀਂ ਆਈ ਕਿ ਜਿਹੜਾ ਸਫ਼ਰ ਹੋ ਚੁੱਕਿਆ ਹੈ, ਉਸ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਨੁਕਸਾਨ ਕਿਵੇਂ ਹੋ ਸਕਦਾ ਹੈ? ਇੱਥੇ ਹੀ ਜਾਣਕਾਰੀ ਮਿਲ ਰਹੀ ਹੈ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਆਰਟੀਆਈ ਐਕਟ ਤਹਿਤ ਇਹ ਜਾਣਕਾਰੀ ਦੇਣ ਤੋਂ ਨਾਂਹ ਆਪਣੇ ਪੱਧਰ ’ਤੇ ਨਹੀਂ ਕੀਤੀ ਗਈ, ਸਗੋਂ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਤਰ੍ਹਾਂ ਦੀ ਜਾਣਕਾਰੀ ਆਰਟੀਆਈ ਐਕਟ 2005 ਰਾਹੀਂ ਦੇਣ ਤੋਂ ਰੋਕਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਅਤੇ ਰਾਜਪਾਲ ਸਣੇ ਕੈਬਨਿਟ ਮੰਤਰੀਆਂ ਦੇ ਸਫ਼ਰ ਲਈ ਆਪਣਾ ਹੀ ਸਰਕਾਰੀ ਹੈਲੀਕਾਪਟਰ ਲੈ ਕੇ ਰੱਖਿਆ ਹੋਇਆ ਹੈ ਤਾਂ ਇਸ ਹੈਲੀਕਾਪਟਰ ਨੂੰ ਉਡਾਉਣ ਲਈ ਪਾਈਲਟ ਵੀ ਰੱਖੇ ਹੋਏ ਹਨ। ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਇਸ ਹੈਲੀਕਾਪਟਰ ’ਤੇ ਸਫ਼ਰ ਮੁੱਖ ਮੰਤਰੀ ਤੋਂ ਇਲਾਵਾ ਕਿਹੜੇ-ਕਿਹੜੇ ਲੋਕਾਂ ਨੇ ਕੀਤਾ ਅਤੇ ਸਫ਼ਰ ਦੌਰਾਨ ਕੁੱਲ ਕਿੰਨਾ ਖ਼ਰਚ ਆਇਆ, ਇਸ ਸਬੰਧੀ ਪਿਛਲੀਆਂ ਸਰਕਾਰਾਂ ਦੌਰਾਨ ਜਾਣਕਾਰੀ ਵੀ ਆਰਟੀਆਈ ਐਕਟ ਤਹਿਤ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਦਿੱਤੀ ਜਾਂਦੀ ਰਹੀ ਹੈ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਕਿਸੇ ਵੀ ਜਾਣਕਾਰੀ ਦੇਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ‘ਸੱਚ ਕਹੂੰ’ ਨੂੰ ਆਰਟੀਆਈ ਰਾਹੀਂ ਮੰਗੀ ਗਈ ਜਾਣਕਾਰੀ ਦੇ ਪੱਤਰ ਦੇ ਜਵਾਬ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਆਰਟੀਆਈ ਐਕਟ 2005 ਦੀ ਧਾਰਾ 24, ਦੀ ਉਪ ਧਾਰਾ 4 ਅਧੀਨ ਮੁੱਖ ਮੰਤਰੀ ਦੀ ਯਾਤਰਾ ਲਈ ਵਰਤੇ ਗਏ ਹੈਲੀਕਾਪਟਰ/ ਹਵਾਈ ਜਹਾਜ਼ ਸਬੰਧੀ ਸੂਚਨਾ ਮੁਹੱਈਆ ਨਹੀਂ ਕਰਵਾਈ ਜਾ ਸਕਦੀ ਹੈ। ਇੱਥੇ ਇਹ ਸਮਝ ਨਹੀਂ ਆ ਰਿਹਾ ਕਿ ਜਦੋਂ ਮੁੱਖ ਮੰਤਰੀ ਪਹਿਲਾਂ ਹੀ ਸਫ਼ਰ ਕਰ ਚੁੱਕੇ ਹਨ ਅਤੇ ਬੀਤ ਚੁੱਕੇ ਸਮੇਂ ਦੀ ਜਾਣਕਾਰੀ ਦੇਣ ਨਾਲ ਸੁਰੱਖਿਆ ਨੂੰ ਕਿਵੇਂ ਖ਼ਤਰਾ ਹੋ ਸਕਦਾ ਹੈ ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ