ਨਹੀਂ ਖੋਹਿਆ ਜਾ ਸਕਦੈ ਮਜੀਠਿਆ ਤੋਂ ‘ਰੂਟ’, ਜਾਰੀ ਰਹੇਗੀ ਸੂਬਾ ਪੁਲਿਸ ਤੈਨਾਤੀ

Sworn, Root, Majithia, Continue, State, Police, Deployment

ਬਿਕਰਮ ਮਜੀਠੀਆ ਨੂੰ ਮਿਲੀ ਹੋਈ ਐ ਜੈਡ ਪਲੱਸ ਸੁਰੱਖਿਆ, ‘ਪਾਇਲਟ’ ਦੇਣ ਸੁਰੱਖਿਆ ਤਹਿਤ ਜਰੂਰੀ

  • ਗ੍ਰਹਿ ਵਿਭਾਗ ਦੇ ਆਦੇਸ਼ਾਂ ਨੂੰ ਅਣਗੌਲਿਆ ਨਹੀਂ ਕਰ ਸਕਦਾ ਐ ਪੰਜਾਬ ਪੁਲਿਸ ਵਿਭਾਗ
  • ਮਜੀਠਿਆ ਦੇ ਹਰ ਪ੍ਰੋਗਰਾਮ ਅਨੁਸਾਰ ਜਿਲਾ ਪੁਲਿਸ ਨੂੰ ਦੇਣੀ ਪਏਗੀ ਸੁਰਖਿਆ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਕਿਸੇ ਵੀ ਹਾਲਤ ‘ਚ ਨਾ ਹੀ ਸੂਬਾ ਪੁਲਿਸ ਦੀ ਸੁਰਖਿਆ ਖੋਹੀ ਜਾ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਸੜਕੀਂ ਸਫ਼ਰ ਦੌਰਾਨ ਉਨ੍ਹਾਂ ਨੂੰ ਮਿਲਣ ਵਾਲੀ ‘ਰੂਟ’ ਸੁਵਿਧਾ ਖੋਹੀ ਜਾ ਸਕਦੀ ਹੈ। ਇਹ ਕੋਈ ਸਿਆਸੀ ਮਜਬੂਰੀ ਜਾਂ ਫਿਰ ਪੰਜਾਬ ਸਰਕਾਰ ਦੀ ਦਰਿਆ ਦਿਲੀ ਨਹੀਂ, ਸਗੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਉਨ੍ਹਾਂ ਨਿਯਮਾਂ ਦੀ ਪਾਲਣਾ ਹੈ। ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜੈਡ ਸੁਰੱਖਿਆ ਜਾਂ ਫਿਰ ਜੈੱਡ ਪਲੱਸ ਸੁਰੱਖਿਆ ਹਾਸਲ ਵਿਅਕਤੀ ਵਿਸ਼ੇਸ਼ ਨੂੰ ਇਸ ਤਰ੍ਹਾਂ ਦੀਆਂ ਸਾਰੀ ਸਹੂਲਤਾਂ ਦੇਣੀਆਂ ਪੈਣਗੀਆਂ ਤਾਂ ਕਿ ਉਸ ਵਿਅਕਤੀ ਵਿਸ਼ੇਸ਼ ਦੀ ਸੁਰੱਖਿਆ ਵਿੱਚ ਕੋਈ ਇਹੋ ਜਿਹੀ ਘਾਟ ਨਾ ਰਹਿ ਜਾਵੇ, ਜਿਸ ਨਾਲ ਕੋਈ ਦਿੱਕਤ ਆਏ।

ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਪਿਛਲੇ 14 ਮਹੀਨਿਆਂ ਤੋਂ ਹੀ ਕਈ ਕਾਂਗਰਸ ਦੇ ਮੰਤਰੀਆਂ ਨੂੰ ਕਾਫ਼ੀ ਜ਼ਿਆਦਾ ਰੜਕ ਰਹੇ ਹਨ, ਜਿਸ ਕਾਰਨ ਕਈ ਮੰਤਰੀਆਂ ਨੇ ਤਾਂ ਖੁੱਲ੍ਹੇ ਆਮ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਜੇਲ੍ਹ ਵਿੱਚ ਡੱਕਣ ਦੀ ਮੰਗ ਤੱਕ ਕੀਤੀ ਹੋਈ ਹੈ। ਇਸ ਵਿਰੋਧ ਦੇ ਦੌਰਾਨ ਬੀਤੇ ਦਿਨੀਂ ਕੈਬਨਿਟ ਮੀਟਿੰਗ ਵਿੱਚ ਕੁਝ ਮੰਤਰੀਆਂ ਵੱਲੋਂ ਬਿਕਰਮ ਮਜੀਠੀਆ ਨੂੰ ਮਿਲਣ ਵਾਲੀ ਸੂਬਾ ਪੁਲਿਸ ਵੱਲੋਂ ਸੁਰੱਖਿਆ ਅਤੇ ਸੜਕੀਂ ਸਫ਼ਰ ਦੌਰਾਨ ‘ਰੂਟ’ ਦੀ ਸੁਵਿਧਾ ‘ਤੇ ਸੁਆਲ ਕਰਦਿਆਂ ਇਹਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ।

ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਹੱਲਾਸ਼ੇਰੀ ਤਾਂ ਨਹੀਂ ਦਿੱਤੀ ਗਈ, ਪਰ ਇਸ ਮੁੱਦੇ ਦੇ ਬਾਹਰ ਆਉਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ‘ਤੇ ਇਨ੍ਹਾਂ ਨਿਯਮਾਂ ਨੂੰ ਘੋਖਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜ਼ਰੂਰਤ ਪੈਣ ‘ਤੇ ਉਨ੍ਹਾਂ ਕੋਲ ਸਾਰੀ ਜਾਣਕਾਰੀ ਹੋਵੇ।