ਕੌਮੀ ਅੰਦੋਲਨਾਂ ’ਚ ਭਾਰਤੀ ਔਰਤਾਂ ਦੀ ਭੂਮਿਕਾ
ਭਾਰਤ ਵਿੱਚ ਹਰ ਸਾਲ 13 ਫਰਵਰੀ ਨੂੰ ਕੌਮੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਸਰੋਜਨੀ ਨਾਇਡੂ ਦਾ ਜਨਮ ਹੋਇਆ ਸੀ। ਉਨ੍ਹਾਂ ਵੱਲੋਂ ਭਾਰਤ ਵਿੱਚ ਮਹਿਲਾਵਾਂ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਜਨਮ ਦਿਨ ਨੂੰ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਲਈ ਚੁਣਿਆ ਗਿਆ। ਇਸ ਦਿਨ ਜਿੱਥੇ ਮਹਿਲਾਵਾਂ ਦੀ ਉੱਨਤੀ ਲਈ ਅਨੇਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਉੱਥੇ ਹੀ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਵੀ ਪ੍ਰੋਗਰਾਮ ਹੁੰਦੇ ਹਨ। ਅਸੀਂ ਜਾਣਦੇ ਹਾਂ ਕਿ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਭਾਰਤੀ ਨਾਰੀ ਦੀ ਭੂਮਿਕਾ ਹਮੇਸ਼ਾ ਸਲਾਹੁਣਯੋਗ ਰਹੀ ਹੈ।
ਅੱਜ ਭਾਰਤੀ ਔਰਤਾਂ ਜਿੱਥੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨ, ਉੱਥੇ ਹੀ ਦੇਸ਼ ਦੇ ਸਰਵਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਔਰਤਾਂ ਨੇ ਦੇਸ਼ ਦਾ ਮਾਣ ਹਰ ਪਾਸੇ ਵਧਾਇਆ ਹੈ। ਭਾਰਤੀ ਮਹਿਲਾਵਾਂ ਨੇ ਅੱਜ ਤੱਕ ਦੇ ਕੌਮੀ ਅੰਦੋਲਨਾਂ ਵਿੱਚ ਵੀ ਹਮੇਸ਼ਾ ਵਧ-ਚੜ੍ਹ ਕੇ ਭਾਗ ਲਿਆ ਹੈ।
ਅੰਗਰੇਜ਼ੀ ਸ਼ਾਸਨ ਵੱਲੋਂ ਜਦੋਂ ਝਾਂਸੀ ਦੇ ਖੇਤਰ ਨੂੰ ਬਿ੍ਰਟਿਸ਼ ਸਾਮਰਾਜ ਵਿੱਚ ਮਿਲਾਇਆ ਗਿਆ ਤਾਂ ਉੱਥੋਂ ਦੀ ਰਾਣੀ ਲਕਸ਼ਮੀ ਬਾਈ ਨੇ ਅੰਗਰੇਜ਼ਾਂ ਖ਼ਿਲਾਫ਼ ਸੰਨ 1857 ਵਿੱਚ ਸੰਘਰਸ਼ ਦਾ ਮੋਰਚਾ ਖੋਲਿ੍ਹਆ। ਇਸੇ ਤਰ੍ਹਾਂ ਲਖਨਊ ਵਿੱਚ ਬੇਗਮ ਹਜ਼ਰਤ ਮਹਿਲ ਨੇ ਵੀ ਅੰਗਰੇਜ਼ੀ ਸ਼ਾਸਕਾਂ ਦਾ ਡਟ ਕੇ ਵਿਰੋਧ ਕੀਤਾ। ਭਾਰਤੀ ਮਹਿਲਾਵਾਂ ਨੇ ਕੇਵਲ ਅਜਿਹੇ ਅੰਦੋਲਨ ਹੀ ਨਹੀਂ ਚਲਾਏ ਸਗੋਂ ਉਨ੍ਹਾਂ ਵਿੱਚ ਜਿੱਤ ਵੀ ਪ੍ਰਾਪਤ ਕੀਤੀ। ਸਰੋਜਨੀ ਨਾਇਡੂ ਅਤੇ ਹੀਰਾ ਬਾਈ ਟਾਟਾ ਨੇ 1919 ਵਿੱਚ ਹੋਮਰੂਲ ਅੰਦੋਲਨ ਚਲਾਇਆ ਜਿਸ ਵਿੱਚ ਭਾਰਤੀ ਮਹਿਲਾਵਾਂ ਲਈ ਵੋਟ ਦੇ ਅਧਿਕਾਰ ਦੀ ਮੰਗ ਕੀਤੀ ਗਈ ਜਿਸਦੇ ਸਿੱਟੇ ਵਜੋਂ ਭਾਰਤੀ ਮਹਿਲਾਵਾਂ ਨੂੰ 1919 ਵਿੱਚ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਦੇਸ ਦੀ ਅਜ਼ਾਦੀ ਵਿੱਚ ਵੀ ਔਰਤਾਂ ਦੀ ਭੂਮਿਕਾ ਅਹਿਮ ਰਹੀ ਹੈ।
ਮਾਸਟਰ ਸੂਰੀਆਸੇਨ ਦੀ ਅਗਵਾਈ ਵਿੱਚ ਕਲਪਨਾ ਦਾਸ, ਪ੍ਰੀਤੀਲਤਾ ਵਾਡੇਕਰ, ਸ਼ਾਂਤੀਘੋਸ਼ ਅਤੇ ਬੀਨਾਦਾਸ ਨੇ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਭਾਗ ਲਿਆ। ਲਲਿਤਾ ਘੋਸ਼ ਨਾਮਕ ਮਹਿਲਾ ਨੇ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਮਹਿਲਾ ਰੈਲੀ ਕੱਢੀ ਤੇ ਬਾਅਦ ਵਿੱਚ ਕੌਮੀ ਮਹਿਲਾ ਸੰਘ ਦੀ ਸਥਾਪਨਾ ਵੀ ਕੀਤੀ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਮਹਿਲਾਵਾਂ ਨੇ ਘਰ ਤੋਂ ਬਾਹਰ ਨਿੱਕਲ ਕੇ ਆਪਣੀਆਂ ਰਾਸ਼ਟਰੀ ਭਾਵਨਾ ਦਾ ਸੁਨੇਹਾ ਵੀ ਬਹੁਤ ਸੰਜੀਦਾ ਢੰਗ ਨਾਲ ਦਿੱਤਾ ਹੈ। ਦੇਸ਼ ਅਜ਼ਾਦ ਹੋਣ ਤੋਂ ਬਾਅਦ ਨਵੇਂ ਭਾਰਤ ਦੇ ਨਿਰਮਾਣ ਵਿੱਚ ਵੀ ਔਰਤਾਂ ਦਾ ਅਹਿਮ ਰੋਲ ਰਿਹਾ।
ਅੱਜ ਜਦੋਂ ਕੇਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵੀ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ ਤਾਂ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਵੀ ਅੱਜ ਔਰਤਾਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਦਿੱਲੀ ਦੇ ਬਾਰਡਰਾਂ ’ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਦਾ ਹਜ਼ੂਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਅੱਜ ਤੱਕ ਦੇ ਅੰਦੋਲਨਾਂ ਵਿੱਚ ਔਰਤਾਂ ਨੇ ਹਰ ਸਮੇਂ ਮਰਦਾਂ ਦਾ ਸਾਥ ਦੇ ਕੇ ਅਨੇਕ ਅੰਦੋਲਨਾਂ ਵਿੱਚ ਜਿੱਤ ਪ੍ਰਾਪਤ ਕਰਕੇ ਜਬਰ ਦਾ ਮੂੰਹ ਮੋੜਿਆ ਹੈ। ਦਿੱਲੀ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਹਿੱਸੇਦਾਰੀ ਇੱਕ ਨਵਾਂ ਇਤਿਹਾਸ ਸਿਰਜ ਰਹੀ ਹੈ ਜਿਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.