ਪੁਲਿਸ ਵੱਲੋਂ ਦਰਜ਼ ਐਫ਼ਆਰਆਈ ’ਚ ਪੁਲਿਸ ਵੱਲੋਂ ਕੀਤਾ ਗਿਆ ਖੁਲਾਸਾ | CMS Company
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ’ਚ ਸੀਐਮਐਸ ਇਨਫੋਰਸਿਸਟਮ ਲਿਮਟਿਡ ਕੰਪਨੀ (CMS Company) ’ਚ ਵਾਪਰੀ ਲੁੱਟ ਦੀ ਘਟਨਾਂ ’ਚੋਂ ਹਥਿਆਰਬੰਦ ਲੁਟੇਰਿਆਂ ਵੱਲੋਂ 7 ਨਹੀਂ 8.49 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਹੈ। ਇਹ ਖੁਲਾਸਾ ਪੁਲਿਸ ਵੱਲੋਂ ਕੰਪਨੀ ਦੇ ਮੈਨੇਜਰ ਪ੍ਰਵੀਨ ਵਾਸੀ ਚੇਹਰ ਕਲਾਂ (ਹਰਿਆਣਾ) ਦੇ ਬਿਆਨਾਂ ’ਤੇ ਦਰਜ਼ ਐਫ਼ਆਈਆਰ ’ਚ ਕੀਤਾ ਗਿਆ ਹੈ। ਏਡੀਸੀਪੀ ਸੁਭਮ ਅਗਰਵਾਲ ਕੰਪਨੀ ਦੇ ਦਫ਼ਤਰ ਅੱਗੇ ਪੈ੍ਰਸ ਕਾਨਫਰੰਸ ਕਰਕੇ ਲੁੱਟ ਦੀ ਵਾਰਦਾਤ ’ਚ ਹਾਲੇ ਤੱਕ ਕਿਸੇ ਨੂੰ ਗਿ੍ਰਫ਼ਤਾਰ ਨਾ ਕੀਤੇ ਜਾਣ ਦੀ ਗੱਲ ਆਖੀ ਹੈ।
ਪੁਲਿਸ ਕੋਲ ਲਿਖਾਏ ਬਿਆਨਾਂ ’ਚ ਮੈਨੇਜਰ ਪ੍ਰਵੀਨ ਨੇ ਦੱਸਿਆ ਹੈ ਕਿ ਉਨਾਂ ਨੂੰ ਸਵੇਰੇ 5:50 ’ਤੇ ਰਣਜੀਤ ਸਿੰਘ ਵਾਸੀ ਸ਼ਿਮਲਾਪੁਰੀ ਨੇ ਫੋਨ ਕਾਲ ਰਾਹੀਂ ਲੁੱਟ ਦੀ ਸੂਚਨਾ ਦਿੱਤੀ ਤੇ ਉਹ ਕੰਪਨੀ ਦੇ ਸੀਨੀਅਰ ਅਧਿਕਾਰੀ ਗੋਕਲ ਸੇਖ਼ਾਵਤ ਨੂੰ ਜਾਣਕਾਰੀ ਦੇਣ ਪਿੱਛੋਂ ਫੌਰੀ ਕੰਪਨੀ ਦੇ ਦਫ਼ਤਰ ਪਹੁੰਚੇ। ਦਫ਼ਤਰ ਪਹੁੰਚਦਿਆਂ ਹੀ ਕੰਟਰੋਲ ਰੂਮ ’ਤੇ ਫੋਨ ਕਰਕੇ ਪੁਲਿਸ ਨੂੰ ਲੁੱਟ ਦੀ ਵਾਰਦਾਤ ਸਬੰਧੀ ਸੂਚਿਤ ਕੀਤਾ। ਮੈਨੇਜਰ ਪ੍ਰਵੀਨ ਮੁਤਾਬਕ ਉਹ ਜਿਉਂ ਹੀ ਦਫ਼ਤਰ ਪਹੁੰਚੇ ਤਾਂ ਸੁਰੱਖਿਆ ਕਰਮਚਾਰੀ ਅਮਰ ਸਿੰਘ ਵਾਸੀ ਫਾਜ਼ਿਲਿਕਾ ਦੇ ਦੱਸਣ ਅਨੁਸਾਰ ਰਾਤੀਂ 2 ਵਜੇ 8-10 ਹਥਿਆਰਬੰਦ ਲੁਟੇਰਿਆਂ ਨੇ ਉਨਾਂ ਦੇ ਮੂੰਹ ’ਚ ਕੱਪੜਾ ਪਾ ਕੇ ਮਾਰਕੁੱਟ ਕੀਤੀ।
CMS Company
ਫ਼ਿਰ ਉਨਾਂ ਸੁਰੱਖਿਆ ਕਰਮਚਾਰੀ ਬਲਵੰਤ ਸਿੰਘ ਤੇ ਪਰਮਦੀਨ ਖਾਨ ਵਾਸੀ ਲੁਧਿਆਣਾ ਨੂੰ ਆਪਣੇ ਕੋਲ ਮੌਜੂਦ ਹਥਿਆਰ ਦਿਖਾ ਕੇ ਉਨਾਂ ਦਾ ਰਾਈਫ਼ਲਾਂ ਖੋਹ ਲਈਆਂ ਅਤੇ ਉਨਾਂ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਉਨਾ ਨੂੰ ਇੱਕ ਕਮਰੇ ’ਚ ਤਾੜ ਦਿੱਤਾ। ਇਸ ਉਪਰੰਤ ਲੁਟੇਰਿਆਂ ਨੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਪੁੱਟੇ ਅਤੇ ਤਾਲੇ ਤੋੜਦਿਆਂ ਨਕਦੀ ਵਾਲੇ ਕਮਰੇ ’ਚ ਦਾਖਲ ਹੋ ਗਏ। ਜਿੱਥੇ ਉਨਾਂ ਨਕਦੀ ਗਿਣ ਰਹੇ ਹਿੰਮਤ ਸਿੰਘ ਵਾਸੀ ਦੁੱਗਰੀ ਅਤੇ ਹਰਮਿੰਦਰ ਸਿੰਘ ਵਾਸੀ ਢੋਕਾ ਮੁਹੱਲਾ ਕਰਮਚਾਰੀਆਂ ਦੇ ਮੋਬਾਇਲ ਤੋੜੇ ਅਤੇ ਉਨਾਂ ਦੇ ਮੂੰਹ ’ਤੇ ਟੇਪ ਲਗਾਏ ਕੇ ਉਨਾਂ ਨੂੰ ਵੀ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨਾਂ ਮੇਜ ’ਤੇ ਰੱਖੀ 8.49 ਕਰੋੜ ਰੁਪਏ ਦੀ ਨਕਦੀ ਲੁੱਟ ਕੇ ਕੰਪਨੀ ਦੀ ਵੈਨ ਨੰਬਰ ਪੀਬੀ- 10 ਜੇਏ- 7109 ’ਚ ਫਰਾਰ ਹੋ ਗਏ। ਜਿੰਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਬਿਨਾਂ ਕਿਸੇ ਦੀ ਗਿ੍ਰਫ਼ਤਾਰੀ ਕੀਤੇ ਹਰ ਪੱਖ ਤੋਂ ਕੀਤੀ ਜਾ ਰਹੀ ਹੈ ਜਾਂਚ | CMS Company
ਏਡੀਸੀਪੀ 3 ਸੁਭਮ ਅਗਰਵਾਲ ਨੇ ਕਿਹਾ ਕਿ ਲੁੱਟ ਦੇ ਮਾਮਲੇ ’ਚ ਫਿਲਹਾਲ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ ਪਰ ਕੰਪਨੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਤੋਂ ਪੁੱਛਗਿੱਛ ਜਰੂਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੁਟੇਰਿਆਂ ਵੱਲੋਂ ਕੰਪਨੀ ਦੇ ਦਫ਼ਤਰ ’ਚੋਂ 7 ਨਹੀਂ 8.49 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਹੈ। ਲੁੱਟ ਦੇ ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਵੱਖ ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ। ਉਨਾਂ ਖੁਲਾਸਾ ਕੀਤਾ ਕਿ ਕੈਸ ਵੈਨ ‘ਚੋਂ ਜੋ ਤਿੰਨ ਹਥਿਆਰ ਬਰਾਮਦ ਹੋਏ ਹਨ ਉਹ ਕੰਪਨੀ ਵਿਚ ਹੀ ਤਾਇਨਾਤ ਸੁਰੱਖਿਆ ਮੁਲਾਜਮਾਂ ਦੇ ਹੀ ਹਨ।
ਉਨਾਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸੀਸੀਟੀਵੀ ਫੁਟੇਜ ਨੂੰ ਪੁਲਿਸ ਦੀ ਪੁਸ਼ਟੀ ਬਿਨਾਂ ਨਾ ਚਲਾਇਆ ਜਾਵੇ। ਕਿਉਂਕਿ ਘਟਨਾਂ ਵਾਲੀ ਜਗਾ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਲੁਟੇਰੇ ਨਾਲ ਲੈ ਗਏ ਹਨ। ਉਨਾਂ ਸਪੱਸ਼ਟ ਕੀਤਾ ਕਿ ਦਫ਼ਤਰ ਅੰਦਰ ਲੱਗਾ ਹੋਇਆ ਸੁਰੱਖਿਆ ਸਿਸਟਮ ਕਾਫ਼ੀ ਕਮਜੋਰ ਸੀ, ਜਿਸ ਨੂੰ ਲੁਟੇਰਿਆਂ ਨੇ ਆਸਾਨੀ ਨਾਲ ਫੇਲ ਕਰਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਿਸ ਕਰਕੇ ਕੰਪਨੀ ਦੇ ਅਧਿਕਾਰੀਆਂ ਦੀ ਵੱਡੀ ਲਾਹਪ੍ਰਵਾਹੀ ਵੀ ਇਸ ਘਟਨਾਂ ਦੇ ਵਾਪਰਨ ’ਚ ਜਿੰਮੇਵਾਰ ਹੈ।