ਜੂਨ ਮਹੀਨੇ ਗਲਵਾਨ ਘਾਟੀ ਵਿਖੇ ਸ਼ਹੀਦ ਹੋਇਆ ਸੀ ਪਿੰਡ ਸੀਲ ਦਾ ਜਵਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਸਰਕਾਰ ਨੇ ਬਹਾਦਰਗੜਤੋਂ ਘਨੌਰ ਸੜਕ ਦਾ ਨਾਂਅ ‘ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਮਾਰਗ’ ਰੱਖ ਦਿੱਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਬਹਾਦਰਗੜ੍ਹ ਤੋਂ ਘਨੌਰ ਜਾਣ ਵਾਲੀ ਸੜਕ ਦਾ ਨਾਂਅ ਹੁਣ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਮਾਰਗ ਹੋਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼ਹੀਦ ਦੀ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ, ਸੁਪਤਨੀ ਸ੍ਰੀਮਤੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ ਅਤੇ ਬੇਟਾ ਜੋਬਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਸ਼ਹੀਦ ਦੇ ਭਰਾ ਕੈਪਟਨ (ਰਿਟਾ.) ਨਿਰਮਲ ਸਿੰਘ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।
ਇਸੇ ਦੌਰਾਨ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਦੇ ਹੋਣਹਾਰ ਸਪੂਤ ਸ਼ਹੀਦ ਮਨਦੀਪ ਸਿੰਘ ਨੇ ਬਲੀਦਾਨ ਦੇ ਕੇ ਪਿੰਡ ਸੀਲ ਅਤੇ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ, ਇਸ ਲਈ ਪੰਜਾਬ ਸਰਕਾਰ ਨੇ ਬਹਾਦਰਗੜ ਤੋਂ ਘਨੌਰ ਸੜਕ ਦਾ ਨਾਂਅ ‘ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਮਾਰਗ’ ਰੱਖਕੇ ਉਸ ਦੀ ਕੁਰਬਾਨੀ ਦੀ ਯਾਦ ਨੂੰ ਸਦੀਵੀ ਬਣਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਮੁਤਾਬਕ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੰਡ ਸੀਲ ਦੇ ਸਰਵਪੱਖੀ ਵਿਕਾਸ ਲਈ ਗ੍ਰਾਂਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹੀਦ ਦੇ ਇੱਕ ਪਰਿਵਾਰਕ ਜੀਅ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਵੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਸੀਲ ਵਿਖੇ ਸ਼ਹੀਦ ਦਾ ਯਾਦਗਾਰੀ ਸਮਾਰਕ, ਸਮਸ਼ਾਨਘਾਟ, ਸਕੂਲ ਅਤੇ ਸਟੇਡੀਅਮ ਲਈ ਗ੍ਰਾਂਟਾਂ ਖ਼ਰਚੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਮਾਤਾ ਸ਼ਕੁੰਤਲਾ ਕੌਰ ਅਤੇ ਪਿਤਾ ਸਵਰਗੀ ਲਛਮਣ ਸਿੰਘ ਦਾ ਸਪੁੱਤਰ ਤੇ ਪਿੰਡ ਸੀਲ ਦਾ ਨਿਵਾਸੀ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਖਰੌੜ ਲੇਹ ਲਦਾਖ ਨਿਮੋ ਵਿਖੇ ਭਾਰਤੀ ਫ਼ੌਜ ਦੀ 3 ਆਰਟਲਰੀ ਮੀਡੀਅਮ ਯੂਨਿਟ ਵਿਖੇ ਗੰਨਰ ਇੰਸਟ੍ਰਕਟਰ (ਏ.ਆਈ.ਜੀ.) ਵਜੋਂ ਆਪਣੀ ਤਾਇਨਾਤੀ ਸਮੇਂ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ 15 ਜੂਨ ਦੀ ਰਾਤ ਨੂੰ ਸ਼ਹਾਦਤ ਦਾ ਜਾਮ ਪੀ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.