ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਾਰਲੀਮੈਂਟ ਦਾ ਵਿਸ਼ੇ ਸੈਸ਼ਨ ਸੱਦੇ ਕੇਂਦਰ ਸਰਕਾਰ, ਜਾਰੀ ਰਹੇਗਾ ਵਿਰੋਧ

7 ਨੂੰ ਖਿਡਾਰੀ, ਕਲਾਕਾਰ ਅਤੇ ਫੌਜ ਦੇ ਜਵਾਨ ਵਾਪਸ ਕਰਨਗੇ ਆਪਣੇ ਅਵਾਰਡ | Chandigarh News

  • ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਨਗੇ ਕਿਸਾਨ ਆਗੂ, ਪੁਆਇੰਟ ਵਾਇਜ ਦੱਸਣਗੇ ਕਾਨੂੰਨ ‘ਚ ਖ਼ਾਮੀਆਂ

ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਦੋ ਟੁੱਕ ਜੁਆਬ ਦਿੰਦੇ ਹੋਏ ਕਿਹਾ ਹੈ ਕਿ ਉਹ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਤਿੰਨੇ ਕਾਨੂੰਨਾਂ ਨੂੰ ਰੱਦ ਕਰੇ ਤਾਂ ਹੀ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਸਕਦਾ ਹੈ, ਇਸ ਤੋਂ ਘੱਟ ਕਿਸਾਨ ਮੰਨਣ ਵਾਲਾ ਨਹੀਂ ਹੈ, ਕਿਉਂਕਿ ਕਿਸਾਨਾਂ ਨੂੰ ਇਨਾਂ ਕਾਨੂੰਨਾਂ ਵਿੱਚ ਸੋਧ ਨਹੀਂ ਬਲਕਿ ਇਹ ਕਾਨੂੰਨ ਹੀ ਨਹੀਂ ਚਾਹੀਦੇ ਹਨ। ਇਸ ਲਈ ਕੇਂਦਰ ਸਰਕਾਰ ਤੁਰੰਤ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਕਿਸਾਨਾਂ ਨੂੰ ਦੀ ਮੰਗ ਅਨੁਸਾਰ ਤਿੰਨੇ ਕਾਨੂੰਨ ਵਾਪਸ ਲੈਂਦੇ ਹੋਏ ਇਨਾਂ ਨੂੰ ਰੱਦ ਕਰੇ। (Chandigarh News)

ਇਹ ਵੀ ਪੜ੍ਹੋ : ਰੀਟਾ ਇੰਸਾਂ ਨੇ ਦਿੱਤਾ ਇਮਾਨਦਾਰੀ ਦਾ ਸਬੂਤ

ਇਹ ਵੱਡੀ ਮੰਗ ਸਿੰਘੂ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਹੈ। ਕਿਸਾਨ ਆਗੂਆਂ ਨੂੰ ਦੱਸਿਆ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਸ ਵਿੱਚ ਬੈਠ ਕੇ ਇਹ ਫੈਸਲਾ ਕਰ ਲਿਆ ਹੈ, ਇਸ ਨਾਲ ਹੀ ਹੁਣ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਜਾਇਆ ਕਰਨਗੇ, ਜਦੋਂ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਦੁਫਾੜ ਕਰਕੇ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਹੀ ਮੀਟਿੰਗ ਲਈ ਸੱਦਾ ਦਿੰਦੀ ਆ ਰਹੀ ਸੀ।

ਪ੍ਰੈਸ ਕਾਨਫਰੰਸ ਵਿੱਚ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਚੰਗੀ ਵਿਵਸਥਾ ਨਾਲ ਅੰਦੋਲਨ ਕਰ ਰਹੇ ਹਨ ਪਰ ਕੁਝ ਲੋਕ ਉਨਾਂ ਦੇ ਅੰਦੋਲਨ ਨੂੰ ਗੁਮਰਾਹ ਕਰਨ ਦੀ ਕੋਸ਼ਸ਼ ਕਰ ਰਹੇ ਹਨ, ਸਰਕਾਰਾਂ ਵਲੋਂ ਝੂਠੇ ਦੋਸ਼ ਲਗਾਉਂਦੇ ਹੋਏ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਕਿਸਾਨ ਸ਼ਾਂਤ ਤਰੀਕੇ ਨਾਲ ਅੰਦੋਲਨ ਕਰਦੇ ਹੋਏ ਕੋਈ ਵੀ ਗਲਤ ਕਦਮ ਨਹੀਂ ਚੁੱਕ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਨਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਸ ਸਮੇਂ ਤੱਕ ਇਹ ਅੰਦੋਲਨ ਜਾਰੀ ਰਹੇਗਾ। ਉਨਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਸੱਦੀ ਗਈ 3 ਦਸੰਬਰ ਦੀ ਮੀਟਿੰਗ ਵਿੱਚ ਕਿਸਾਨ ਆਗੂ ਜਾਣਗੇ ਅਤੇ ਉਥੇ ਪੁਆਇੰਟ ਅਨੁਸਾਰ ਕਾਨੂੰਨਾਂ ‘ਤੇ ਬਹਿਸ ਕਰਦੇ ਹੋਏ ਆਪਣਾ ਪੱਖ ਰੱਖਿਆ ਜਾਏਗਾ। (Chandigarh News)

ਇਹ ਵੀ ਪੜ੍ਹੋ : ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

ਉਨਾਂ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਕਿਸਾਨਾਂ ਨੂੰ ਇਨਾਂ ਕਾਨੂੰਨਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ, ਜਿਸ ਕਾਰਨ ਹੀ ਕੇਂਦਰ ਸਰਕਾਰ ਨੇ ਪੁਆਇੰਟ ਵਾਈਜ ਕਿਸਾਨਾਂ ਤੋਂ ਇਤਰਾਜ਼ ਮੰਗੇ ਸਨ। ਉਨਾਂ ਕਿਹਾ ਕਿ ਹੁਣ ਪੁਆਇੰਟ ਵਾਈਜ ਹੀ ਕੇਂਦਰ ਸਰਕਾਰ ਨਾਲ ਚਰਚਾ ਕੀਤੀ ਜਾਏਗੀ ਅਤੇ ਦੱਸਿਆ ਜਾਏਗਾ ਕਿ ਹਰ ਪੁਆਇੰਟ ਕਿਵੇਂ ਕਿਸਾਨਾਂ ਦੇ ਹਿੱਤਾਂ ਦਾ ਘਾਣ ਕਰ ਰਿਹਾ ਹੈ।

ਉਨਾਂ ਅੱਗੇ ਦੱਸਿਆ ਕਿ ਅੱਜ 3 ਦਸੰਬਰ ਤੋਂ 1 ਦਿਨ ਛੱਡ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਜਿਹੜੇ ਕਿ 7 ਦਸੰਬਰ ਤੱਕ ਜਾਰੀ ਰਹਿਣਗੇ। ਉਨਾਂ ਦੱਸਿਆ ਕਿ 3 ਦਸੰਬਰ ਨੂੰ ਭੋਪਾਲ ਗੈਸ ਕਾਂਡ ਦਾ ਦਿਨ ਹੋਣ ਕਾਰਨ ਦੇਸ਼ ਭਰ ਵਿੱਚ ਅਡਾਨੀ ਅਤੇ ਅੰਬਾਨੀ ਸਣੇ ਸਰਕਾਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਹ ਵਿਰੋਧ ਪ੍ਰਦਰਸ਼ਨ ਕੁਝ ਘੰਟੇ ਲਈ ਹੋਣਗੇ। ਇਸ ਨਾਲ ਹੀ 5 ਦਸੰਬਰ ਨੂੰ ਅਡਾਨੀ ਅਤੇ ਅੰਬਾਨੀ ਸਣੇ ਨਰਿੰਦਰ ਮੋਦੀ ਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਕਿਉਂਕਿ ਇਹ ਸਰਕਾਰ ਇਨਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ ਕਰਨ ਲਈ ਖੇਤੀ ਕਾਨੂੰਨ ਰਾਹੀਂ ਮੌਤ ਦਾ ਫਰਮਾਨ ਲੈ ਕੇ ਆਈ ਹੈ। ਇਸ ਤੋਂ ਬਾਅਦ 7 ਦਸੰਬਰ ਨੂੰ ਦੇਸ਼ ਭਰ ਦੇ ਖਿਡਾਰੀ ਅਤੇ ਕਲਾਕਾਰਾਂ ਸਣੇ ਫੌਜ ਵਿੱਚ ਸੇਵਾ ਦੇ ਚੁੱਕੇ ਜਵਾਨ ਆਪਣੇ ਮੈਡਲ ਅਤੇ ਅਵਾਰਡ ਸਰਕਾਰਾਂ ਨੂੰ ਵਾਪਸ ਕਰਨਗੇ। ਉਨਾਂ ਕਿਹਾ ਕਿ ਉਹ ਅਪੀਲ ਵੀ ਕਰਦੇ ਹਨ ਕਿ ਦੇਸ਼ ਭਰ ਦੀਆਂ ਇਹ ਸ਼ਖ਼ਸੀਅਤਾਂ ਜਰੂਰ ਆਪਣੇ ਅਵਾਰਡ ਅਤੇ ਮੈਡਲ ਵਾਪਸ ਕਰਦੇ ਹੋਏ ਵੱਡੇ ਪੱਧਰ ‘ਤੇ ਇਸ ਮੁਹਿੰਮ ਨੂੰ ਛੇੜਨ।