ਸ਼ਰੀਕੇ-ਕਬੀਲੇ ਦੀ ਭਾਈਚਾਰਕ ਸਾਂਝ ਦੀ ਪ੍ਰਤੀਕ ਸੀ ‘ਆਟੇ ਪਾਣੀ’ ਪਾਉਣ ਦੀ ਰੀਤ

ਸ਼ਰੀਕੇ-ਕਬੀਲੇ ਦੀ ਭਾਈਚਾਰਕ ਸਾਂਝ ਦੀ ਪ੍ਰਤੀਕ ਸੀ ‘ਆਟੇ ਪਾਣੀ’ ਪਾਉਣ ਦੀ ਰੀਤ

ਜਦੋਂ ਵੀ ਕਿਸੇ ਦੇ ਘਰ ਧੀ ਦਾ ਜਾਂ ਪੁੱਤਰ ਦਾ ਵਿਆਹ ਹੁੰਦਾ ਹੈ ਉਦੋਂ ਹੀ ਸਮੇਂ ਮੁਤਾਬਿਕ ਬਹੁਤ ਸਾਰੇ ਵਿਹਾਰ, ਰਸਮਾਂ-ਰਿਵਾਜ ਕੀਤੇ ਜਾਂਦੇ ਹਨ। ‘ਆਟੇ ਪਾਣੀ’ ਦੀ ਰਸਮ ਵੀ ਬਹੁਤ ਅਹਿਮ ਹੁੰਦੀ ਸੀ ਆਟੇ ਪਾਣੀ ਪਾਉਣ ਦਾ ਵਿਹਾਰ ਹਰ ਵਿਆਹ ਵਾਲੇ ਘਰ ਦੂਸਰੇ ਵਿਹਾਰਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਹ ਵਿਹਾਰ ਬੇਸ਼ੱਕ ਅੱਜ ਦੇ ਸਮੇਂ ਵਿੱਚ ਵੀ ਹੋ ਰਿਹਾ ਹੈ, ਪਰ ਪੁਰਾਤਨ ਸਮਿਆਂ ਵਿੱਚ ਤੇ ਅਜੋਕੇ ਸਮੇਂ ਦੇ ਇਸ ਵਿਹਾਰ ਵਿਚ ਜ਼ਮੀਨ-ਅਸਮਾਨ ਦਾ ਫਰਕ ਪੈ ਚੁੱਕਾ ਹੈ। ਪਹਿਲੇ ਸਮਿਆਂ ਵਿੱਚ ਇਸੇ ਵਿਹਾਰ ਤੋਂ ਸ਼ਰੀਕੇ-ਕਬੀਲੇ ਦੀ ਭਾਈਚਾਰਕ ਸਾਂਝ ਦੀ ਪਰਿਪੱਕਤਾ ਦੀ ਪਹਿਚਾਣ ਹੋ ਜਾਇਆ ਕਰਦੀ ਸੀ, ਤੇ ਪਤਾ ਲੱਗ ਜਾਂਦਾ ਸੀ ਕਿ ਇਸ ਵਿਆਹ ਵਾਲੇ ਘਰ ਦੀ ਆਪਣੇ ਆਂਢ-ਗੁਆਂਢ ਵਿੱਚ ਕਿੰਨੀ ਕੁ ਬਣੀ ਜਾਂ ਕਿੰਨਾ ਕੁ ਪਿਆਰ ਹੈ।

ਵਿਆਹ-ਸ਼ਾਦੀ ਵਾਲੇ ਘਰ ਵਿੱਚ ਜੋ ਵਿਆਹ ਵੇਲੇ ਵਰਤਣ ਲਈ ਆਟਾ ਪਿਸਾਇਆ ਜਾਂਦਾ ਸੀ ਉਸੇ ਵਿਚੋਂ ਹੀ ਆਂਢ-ਗੁਆਂਢ ਵਿਚੋਂ ਔਰਤਾਂ ਆਟੇ ਪਾਣੀ ਪਾਉਣ ਦੀ ਰਸਮ ਕਰਿਆ ਕਰਦੀਆਂ ਸਨ ਇਸ ਵਿਹਾਰ ਲਈ ਲਾਗੀ ਘਰ-ਘਰ ਸੁਨੇਹਾ ਦੇ ਕੇ ਆਉਂਦਾ ਸੀ ਕਿ ਅੱਜ ਐਨੇ ਵਜੇ ਫਲਾਣਾ ਸਿਹੁੰ ਦੇ ਘਰ ਆਟੇ ਪਾਣੀ ਪਾਉਣਾ ਹੈ ਭਾਈ ਸਮੇਂ ਮੁਤਾਬਿਕ ਤੁਹਾਨੂੰ ਸੱਦਾ ਹੈ। ਪਰ ਇਹ ਵਿਹਾਰ ਕਰਿਆ ਉਹੋ ਹੀ ਜਨਾਨੀਆਂ ਕਰਦੀਆਂ ਸਨ ਜੋ ਸੁਹਾਗਣਾਂ ਹੁੰਦੀਆਂ ਸਨ। ਆਟਾ ਪਰਾਤ ਵਿੱਚ ਪਾ ਕੇ ਲੋੜ ਅਨੁਸਾਰ ਉਸ ਵਿਚ ਪਾਣੀ ਪਾ ਕੇ ਹਰ ਇੱਕ ਆਈ ਹੋਈ ਬੀਬੀ ਆਪੋ-ਆਪਣਾ ਇੱਕ-ਇੱਕ ਹੱਥ ਉਸ ਪਰਾਤ ਵਿੱਚ ਪਾ ਕੇ ਆਟਾ ਗੁੰਨ੍ਹਦੀਆਂ ਸਨ ਤੇ ਸਮੇਂ ਮੁਤਾਬਿਕ ਇਸ ਵਿਹਾਰ ਨਾਲ ਜਚਦੇ ਗੀਤ ਵੀ ਗਾਏ ਜਾਂਦੇ ਸਨ- ਆਟੇ ਪਾਣੀ ਦੁੱਧ ਮਧਾਣੀ ਕਿਹੜੀ ਸੁਹਾਗਣ ਨੇ ਪਾਇਆ,

ਵਿਆਂਦੜ ਮਾਤਾ ਸਦਾ ਸੁਹਾਗਣ ਉਸ ਨੇ ਪਾਣੀ ਪਾਇਆ ਜਾਂ ਚਾਚੀ ਤਾਈ ਜਾਂ ਮਾਸੀ ਭਾਬੀ ਆਦਿ ਸਾਰੀਆਂ ਨੂੰ ਸੰਬੋਧਨ ਕਰਦਿਆਂ ਗਾਏ ਜਾਂਦੇ ਸਨ ਸਾਰੀਆਂ ਆਈਆਂ ਹੋਈਆਂ ਬੀਬੀਆਂ-ਭੈਣਾਂ ਲਈ ਚਾਹ-ਪਾਣੀ ਦਾ ਵੀ ਇੰਤਜ਼ਾਮ ਹੁੰਦਾ ਸੀ। ਉਨ੍ਹਾਂ ਸਮਿਆਂ ਵਿੱਚ ਸਭਨਾਂ ਕੋਲ ਖੁੱਲੇ੍ਹ ਟਾਈਮ ਹੁੰਦਾ ਸੀ ਤੇ ਕਾਫੀ ਸਮਾਂ ਆਟੇ ਪਾਣੀ ਦੀ ਰਸਮ ਦੇ ਨਾਲ-ਨਾਲ ਗੀਤਾਂ ਦੀ ਛਹਿਬਰ ਲੱਗੀ ਰਹਿੰਦੀ ਸੀ। ਬਾਕੀ ਸਾਰੇ ਵਿਹਾਰ ਇਸ ਵਿਹਾਰ ਤੋਂ ਬਾਅਦ ਵਿੱਚ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ।

ਬੇਸ਼ੱਕ ਇਹੀ ਵਿਹਾਰ ਅੱਜ-ਕੱਲ੍ਹ ਵੀ ਹਰ ਉਸ ਘਰ, ਜਿੱਥੇ ਧੀ ਜਾਂ ਪੁੱਤਰ ਦਾ ਵਿਆਹ ਬੱਝਾ ਹੋਵੇ, ਹੁੰਦਾ ਹੈ, ਪਰ ਹੱਦੋਂ ਵੱਧ ਅੰਤਰ ਆ ਚੁੱਕਾ ਹੈ। ਕਿਉਂਕਿ ਅੱਜ ਦੇ ਅਗਾਂਹਵਧੂ ਸਮੇਂ ਵਿੱਚ ਕਿਸੇ ਕੋਲ ਨਾ ਤਾਂ ਸਮਾਂ ਹੀ ਰਿਹਾ ਹੈ ਤੇ ਨਾ ਹੀ ਉਹ ਪਿਆਰ ਸਤਿਕਾਰ ਅਪਣੱਤ ਰਹਿ ਗਿਆ ਹੈ ਅੱਜ ਦੇ ਯੁੱਗ ਵਿੱਚ ਆਂਢ-ਗੁਆਂਢ ਵੀ ਕਿੰਨਾ ਕੁ ਵਰਤ ਕੇ ਰਾਜ਼ੀ ਹੈ

ਇਹ ਵੀ ਕਿਸੇ ਤੋਂ ਲੁਕੀ-ਛਿਪੀ ਗੱਲ ਨਹੀਂ ਹੈ। ਜੇਕਰ ਵਾਰ-ਵਾਰ ਸੱਦਾ ਭੇਜਣ ’ਤੇ ਕੋਈ ਆਂਢ-ਗੁਆਂਢ ’ਚੋਂ ਮਾਤਾ-ਭੈਣ ਆਉਂਦੀ ਵੀ ਹੈ ਤਾਂ ਬਿਲਕੁਲ ਸਮੇਂ ’ਤੇ ਹੀ ਪਹੁੰਚਦੀਆਂ ਹਨ। ਤੇ ਉਹ ਵੀ ਖੜ੍ਹੇ-ਖੜ੍ਹੇ ਜਾਂ ਫਿਰ ਮੂੜਿਆਂ, ਕੁਰਸੀਆਂ ’ਤੇ ਬੈਠ ਕੇ ਹੀ ਇਹ ਵਿਹਾਰ ਕੀਤਾ ਜਾਂਦਾ ਹੈ ਕਿਉਂਕਿ ਸਾਡੀਆਂ ਖੁਰਾਕਾਂ ਹੀ ਐਸੀਆਂ ਹੋ ਚੁੱਕੀਆਂ ਹਨ ਕਿ ਗੋਡੇ-ਗਿੱਟੇ ਹੀ ਕੰਮ ਨਹੀਂ ਕਰਦੇ ਤੇ ਨਾਲ ਹੀ ਸਾਡਾ ਪਿਆਰ ਸਤਿਕਾਰ ਸੁਭਾਅ ਅਪਣੱਤ ਸੱਭ ਕੁੱਝ ਹੀ ਬਦਲ ਗਿਆ ਹੈ ਇਸੇ ਲਈ ਉਹ ਪੁਰਾਤਨ ਸਮਿਆਂ ਨੂੰ ਕਦੇ-ਕਦੇ ਯਾਦ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਪਿਆਰ, ਸਤਿਕਾਰ, ਅਪਣੱਤ ਜ਼ਰੂਰ ਸੀ, ਜੋ ਅੱਜ-ਕੱਲ੍ਹ ਕਿਧਰੇ ਨਜ਼ਰੀਂ ਨਹੀਂ ਪੈਂਦਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.