ਸੁਨਾਰੀਆ ’ਚ ਹੀ ਪੰਜਾਬ ਪੁਲਿਸ ਕਰ ਸਕਦੀ ਹੈ ਪੁੱਛਗਿੱਛ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰੀਦਕੋਟ ਅਦਾਲਤ ’ਚ ਨਹੀਂ ਜਾਣਗੇ। ਪੰਜਾਬ ਪੁਲਿਸ ਉਨ੍ਹਾਂ ਤੋਂ ਸਿਰਫ ਸੁਨਾਰੀਆ ਜੇਲ੍ਹ ’ਚ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਅੱਜ ਬੇਅਦਬੀ ਮਾਮਲੇ ’ਚ ਫਰੀਦਕੋਟ ਅਦਾਲਤ ਵੱਲੋਂ ਪੂਜਨੀਕ ਗੁਰੂੁ ਜੀ ਖਿਲਾਫ ਜਾਰੀ ਕੀਤੇ ਗਏ ਪ੍ਰੋਡਕਸ਼ਨ ਵਰੰਟ ਦੇ ਖਿਲਾਫ ਡੇਰਾ ਸੱਚਾ ਸੌਦਾ ਵੱਲੋਂ ਪਾਈ ਗਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਤਾ। ਪ੍ਰੋਡਕਸ਼ਨ ਵਾਰੰਟ ਦੀ ਮਿਆਦ ਇੱਕ ਦਿਨ ਦੀ ਹੋਣ ਕਾਰਨ ਉਹ ਵਰੰਟ ਵੀ ਕੱਲ੍ਹ ਨੂੰ ਖਤਮ ਹੋ ਜਾਣਗੇ।
ਡੇਰਾ ਸੱਚਾ ਸੌਦਾ ਦੇ ਵਕੀਲ ਕਨਿਕਾ ਅਹੂਜਾ ਨੇ ਹਾਈ ਕੋਰਟ ’ਚ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਣਯੋਗ ਜਸਟਿਸ ਮਨੋਜ ਬਜਾਜ ਦੀ ਅਦਾਲਤ ’ਚ ਅੱਜ ਦੋ ਮਾਮਲਿਆਂ ’ਚ ਸੁਣਵਾਈ ਪਹਿਲਾਂ ਵੀਡੀਓ ਕਾਨਫਰੰਸ ਅਤੇ ਫਿਰ ਸਿੱਧੇ ਤੌਰ ’ਤੇ ਹੋਈ ਉਨ੍ਹਾਂ ਦੱਸਿਆ ਕਿ ਸੁਣਵਾਈ ਅਤੇ ਬਹਿਸ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਬੇਅਦਬੀ ਦਾ ਮਾਮਲਾ ਛੇ ਸਾਲ ਪੁਰਾਣਾ ਹੈ ਅਤੇ ਇਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਮ 6 ਜੁਲਾਈ 2020 ਨੂੰ ਪਾਇਆ ਗਿਆ ਜੋ ਕਿ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਫਿਰ ਵੀ ਜੇਕਰ ਪੰਜਾਬ ਪੁਲਿਸ ਕੋਈ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਇਹ ਪੁੱਛਗਿੱਛ ਸੁਨਾਰੀਆ ਜੇਲ੍ਹ ’ਚ ਕੀਤੀ ਜਾ ਸਕਦੀ ਹੈ ।
ਕਨਿਕਾ ਅਹੂਜਾ ਨੇ ਇਹ ਵੀ ਦਲੀਲ ਦਿੱਤੀ ਕਿ ਜੇਕਰ ਪੂਜਨੀਕ ਗੁਰੂ ਜੀ ਨੂੰ ਫਰੀਦਕੋਟ ਲਿਜਾਇਆ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਦੀ ਸੁਰੱਖਿਆ ਦਾ ਵੀ ਮਾਮਲਾ ਹੈ ਕਰੀਬ ਪੰਜ ਘੰਟਿਆਂ ਦੀ ਸੁਣਵਾਈ ਅਤੇ ਬਹਿਸ ਮਗਰੋਂ ਮਾਣਯੋਗ ਹਾਈ ਕੋਰਟ ਨੇ ਐਡਵੋਕੇਟ ਕਨਿਕਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਫੈਸਲਾ ਸੁਣਾਇਆ ਕਿ ਪੂਜਨੀਕ ਗੁਰੂ ਜੀ ਨੂੰ ਫਰੀਦਕੋਟ ਨਹੀਂ ਬੁਲਾਇਆ ਜਾ ਸਕਦਾ ਅਤੇ ਪੰਜਾਬ ਪੁਲਿਸ ਸੁਨਾਰੀਆ ’ਚ ਪੁੱਛਗਿੱਛ ਕਰ ਸਕਦੀ ਹੈ ।
ਅਗਾਊਂ ਜ਼ਮਾਨਤ ਮਾਮਲੇ ’ਚ ਕਨਿਕਾ ਅਹੂਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਬਾਰੇ ਅਦਾਲਤ ਵੱਲੋਂ ਫਿਲਹਾਲ ਕੁਝ ਵੀ ਨਹੀਂ ਕਿਹਾ ਗਿਆ ਅਤੇ ਫੈਸਲੇ ਦੀ ਕਾਪੀ ’ਚ ਪੂਰੇ ਵੇਰਵੇ ਮਿਲਣ ਤੋਂ ਬਾਅਦ ਸਥਿਤੀ ਸਾਫ ਹੋ ਜਾਵੇਗੀ ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋਡਕਸ਼ਨ ਵਾਰੰਟ ਵੀ ਕੱਲ੍ਹ ਨੂੰ ਖਤਮ ਹੋ ਜਾਣਗੇ ਉਨ੍ਹਾਂ ਦੀ ਕੋਈ ਵੀ ਮਾਨਤਾ ਨਹੀਂ ਰਹੇਗੀ। ਸੁਣਵਾਈ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਕਨਿਕਾ ਅਹੂਜਾ ਤੋਂ ਇਲਾਵਾ ਸੀਨੀਅਰ ਐਡਵੋਕੇਟ ਵਿਨੋਦ ਘਈ, ਐਡਵੋਕੇਟ ਗੁਰਦਾਸ ਸਿੰਘ ਸਲਵਾਰਾ ਅਤੇ ਐਡਵੋਕੇਟ ਜਤਿੰਦਰ ਖੁਰਾਣਾ ਪੇਸ਼ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ