ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ
ਸੰਗਰੂਰ। ਸੰਗਰੂਰ ਵਿੱਚ ਹੋਣ ਵਾਲੀਆਂ ਲੋਕ ਸਭਾ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਮੰਗਲਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ 26 ਜੂਨ ਨੂੰ ਵੋਟਰ ਆਪਣੇ ਫੈਸਲੇ ’ਤੇ ਮੋਹਰ ਲਗਾਉਣਗੇ। ਨਤੀਜਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆ ਸਕਦਾ ਹੈ ਪਰ ਇਹ ਤੈਅ ਹੈ ਕਿ ਇਸ ਦਾ ਸਿਆਸੀ ਪਾਰਟੀਆਂ ਦੇ ਭਵਿੱਖ ’ਤੇ ਅਸਰ ਪਵੇਗਾ। ਮੁੱਖ ਮੰਤਰੀ ਭਗਵੰਤ ਦਾ ਗ੍ਰਹਿ ਹਲਕਾ ਹੋਣ ਕਾਰਨ ‘ਆਪ’ ’ਤੇ ਚੋਣਾਂ ਜਿੱਤਣ ਦਾ ਦਬਾਅ ਹੈ। ਇਹੀ ਕਾਰਨ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੀਐਮ ਮਾਨ ਨੇ ਸੰਗਰੂਰ ਵਿੱਚ ਡੇਰੇ ਲਾਏ ਹੋਏ ਹਨ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਰੇ ਹਨ। ਇਸ ਚੋਣ ਦੇ ਨਤੀਜਿਆਂ ਦਾ ਸਿਆਸੀ ਪਾਰਟੀਆਂ ਦੇ ਭਵਿੱਖ ’ਤੇ ਵੀ ਅਸਰ ਤੈਅ ਮੰਨਿਆ ਜਾ ਰਿਹਾ ਹੈ ਕਿਉਕਿ ਤਿੰਨ ਮਹੀਨੇ ਪਹਿਲਾਂ ਸੱਤਾ ’ਚ ਆਈ ‘ਆਪ’ ਨੇ ਵਿਧਾਨ ਸਭਾ ਚੋਣਾਂ ’ਚ ਸੰਗਰੂਰ ਲੋਕ ਸਭਾ ਸੀਟ ਅਧੀਨ ਆਉਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਮੁੱਖ ਮੰਤਰੀ ਦਾ ਗ੍ਰਹਿ ਖੇਤਰ
ਸੀਐਮ ਮਾਨ ਇੱਥੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। 2014 ’ਚ 2.11 ਲੱਖ ਵੋਟਾਂ ਤੇ 2019 ’ਚ 1.10 ਲੱਖ ਦੇ ਫਰਕ ਨਾਲ ਇਹ ਸੀਟ ਜਿੱਤੀ ਸੀ। ‘ਆਪ’ ਲਈ ਚੁਣੌਤੀ ਇਹ ਹੈ ਕਿ ਕੀ ਉਹ ਮਾਨ ਦੀ ਜਿੱਤ ਦਾ ਫਰਕ ਬਰਕਰਾਰ ਰੱਖ ਸਕਦੀ ਹੈ ਕਿਉਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ ਸੰਗਰੂਰ ਲੋਕ ਸਭਾ ਸੀਟ ਅਧੀਨ ਆਉਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ’ਤੇ 5.43 ਲੱਖ ਵੋਟਾਂ ਹਾਸਲ ਕੀਤੀਆਂ ਸਨ।
ਭਾਜਪਾ ਬਿਨ੍ਹਾਂ ਕਿਸੇ ਗਠਜੋੜ ਤੋਂ ਲੜ ਰਹੀ ਹੈ ਚੋਣਾਂ
ਦੂਜੇ ਪਾਸੇ ਸੰਗਰੂਰ ’ਚ ਭਾਜਪਾ ਪਹਿਲੀ ਵਾਰ ਆਪਣੇ ਦਮ ’ਤੇ ਲੋਕ ਸਭਾ ਚੋਣ ਲੜ ਰਹੀ ਹੈ। ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ 2019 ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਅਤੇ ਇਸ ਸੀਟ ਤੋਂ 3.03 ਲੱਖ ਵੋਟਾਂ ਹਾਸਲ ਕੀਤੀਆਂ ਸਨ। ਜੇਕਰ ਭਾਜਪਾ ਇਸ ਉਪ-ਚੋਣ ’ਚ ਮਜ਼ਬੂਤ ਮੌਜੂਦਗੀ ਦਰਜ ਕਰਦੀ ਹੈ ਤਾਂ 2024 ’ਚ ਪਾਰਟੀ ਨੂੰ ਮਜ਼ਬੂਤ ਆਧਾਰ ਮਿਲੇਗਾ। ਦੂਜੇ ਪਾਸੇ ਕਾਂਗਰਸ ਲਈ ਵੀ ਇਹ ਚੋਣ ਸਭ ਤੋਂ ਵੱਡੀ ਚੁਣੌਤੀ ਹੈ। ਵਿਧਾਨ ਸਭਾ ’ਚ ਹਾਰ ਤੋਂ ਬਾਅਦ ਕਾਂਗਰਸ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇੱਕ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਪਾਰਟੀ ਛੱਡ ਰਹੇ ਹਨ ਅਤੇ ਦੂਜੇ ਪਾਸੇ ਸਾਬਕਾ ਮੰਤਰੀ ਅਤੇ ਵਿਧਾਇਕ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚ ਫਸਦੇ ਜਾ ਰਹੇ ਹਨ। ਅਜਿਹੇ ’ਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਇਸ ਉਪ ਚੋਣ ’ਚ ਮਜ਼ਬੂਤ ਮੌਜੂਦਗੀ ਦਰਜ ਕਰਵਾਉਣ ਦੀ ਹੈ।¿;
ਅਕਾਲੀ ਦਲ ਲਈ ਕਰੋ ਜਾਂ ਮਰੋ ਦੀ ਸਥਿਤੀ
ਇਸ ਦੇ ਨਾਲ ਹੀ ਇਹ ਚੋਣ ਸ਼੍ਰੋਮਣੀ ਅਕਾਲੀ ਦਲ ਲਈ ਵੀ ਵੱਡੀ ਚੁਣੌਤੀ ਹੈ। ਸੰਗਰੂਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਲੋਕ ਸਭਾ ਦੀ ਉਪ ਚੋਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ। ਇਸ ਦੇ ਨਾਲ ਹੀ ਇਸ ਉਪ ਚੋਣ ਵਿਚ ਉਹ ਪੰਥਕ ਏਜੰਡੇ ਨੂੰ ਅੱਗੇ ਲੈ ਕੇ ਚੋਣ ਲੜ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ