ਕਿਸਾਨ ਜਥੇਬੰਦੀਆਂ ਦੀ ਮੀਟਿੰਗ ‘ਚ ਲਿਆ ਗਿਆ ਫੈਸਲਾ
ਹੁਣ ਦਿੱਲੀ ਨਹੀਂ ਜਾਣਗੇ ਕਿਸਾਨ, ਗੱਲ ਕਰਨੀ ਹੈ ਤਾਂ ਆਉਣਾ ਪਵੇਗਾ ਪੰਜਾਬ
ਚੰਡੀਗੜ, (ਅਸ਼ਵਨੀ ਚਾਵਲਾ)। ਖੇਤੀਬਾੜੀ ਕਾਨੂੰਨ ਖ਼ਿਲਾਫ਼ ਆਪਣਾ ਵਿਰੋਧ ਹੋਰ ਤਿੱਖਾ ਕਰਨ ਦਾ ਐਲਾਨ ਕਰਦੇ ਹੋਏ 17 ਅਕਤੂਬਰ ਨੂੰ ਕਿਸਾਨ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਣਗੇ। ਇਸ ਨਾਲ ਹੀ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਦਿਖਾਈ ਜਾਵੇਗੀ। ਪੰਜਾਬ ਵਿੱਚ ਪਹਿਲਾਂ ਤੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ ਅਤੇ ਰੇਲ ਦਾ ਚੱਕਾ ਜਾਮ ਪਹਿਲਾਂ ਵਾਂਗ ਹੀ ਰਹੇਗਾ। ਪੰਜਾਬ ਭਾਜਪਾ ਦੇ ਹਰ ਛੋਟੇ ਵੱਡੇ ਆਗੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਤੇ ਦਿੱਲੀ ਤੋਂ ਕਿਸੇ ਵੀ ਕੈਬਨਿਟ ਮੰਤਰੀ ਜਾਂ ਫਿਰ ਭਾਜਪਾ ਲੀਡਰ ਨੂੰ ਪੰਜਾਬ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।
ਹੁਣ ਕਿਸੇ ਨੇ ਵੀ ਮੀਟਿੰਗ ਕਰਨੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਕੋਲ ਪੰਜਾਬ ਆਉਣਾ ਪਵੇਗਾ।ਇਹ ਫੈਸਲਾ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਵੱਲੋਂ ਲਿਆ ਗਿਆ ਹੈ। ਇੱਥੇ ਹੀ ਫੈਸਲਾ ਕੀਤਾ ਗਿਆ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੋਈ ਵੀ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ, ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਗਿਆ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅਗਲੇ ਦਿਨ 20 ਅਕਤੂਬਰ ਨੂੰ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਅਗਲੇ ਅੰਦੋਲਨ ਬਾਰੇ ਫੈਸਲਾ ਕੀਤਾ ਜਾਵੇਗਾ।
ਚੰਡੀਗੜ ਵਿਖੇ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਹੁਣ ਹੋਰ ਵੀ ਤਿੱਖਾ ਅੰਦੋਲਨ ਕੀਤਾ ਜਾਵੇਗਾ, ਇਸ ਲਈ ਰਣਨੀਤੀ ਲਗਾਤਾਰ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਹੈ ਤੇ ਰੇਲਾਂ ਦਾ ਚੱਕਾ ਇਸੇ ਤਰੀਕੇ ਹੀ ਜਾਮ ਰਹੇਗਾ ਅਤੇ ਅਗਲੇ ਫੈਸਲੇ ਤੱਕ ਪੰਜਾਬ ਵਿੱਚ ਕੋਈ ਵੀ ਰੇਲ ਨਹੀਂ ਆਉਣ ਦਿੱਤੀ ਜਾਵੇਗੀ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਹੁਣ ਦਿੱਲੀ ਮੀਟਿੰਗ ਲਈ ਕਿਸਾਨ ਨਹੀਂ ਜਾਣਗੇ, ਕਿਉਂਕਿ ਬੀਤੇ ਦਿਨੀਂ ਮੀਟਿੰਗ ਦੌਰਾਨ ਕਿਸਾਨਾਂ ਨੂੰ ਕਾਫ਼ੀ ਜਿਆਦਾ ਬੇਇੱਜ਼ਤ ਕੀਤਾ ਗਿਆ ਹੈ, ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਨੇ ਵੀ ਮੀਟਿੰਗ ਕਰਨੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਕੋਲ ਮੀਟਿੰਗ ਲਈ ਪੰਜਾਬ ਆਉਣਾ ਪਵੇਗਾ। ਇੱਥੇ ਹੀ ਹੁਣ ਤੋਂ ਬਾਅਦ ਭਾਜਪਾ ਲੀਡਰਾਂ ਦੇ ਘਰਾਂ ਦੇ ਘਿਰਾਓ ਦੇ ਨਾਲ ਹੀ ਉਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ।
ਭਾਸ਼ਾ ‘ਤੇ ਕੰਟਰੋਲ ਕਰਨ ਭਾਜਪਾਈ, ਭੜਕਾਉਣ ਨਾ ਕਿਸਾਨਾਂ ਨੂੰ
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਭਾਜਪਾ ਲੀਡਰ ਆਪਣੀ ਭਾਸ਼ਾ ‘ਤੇ ਕੰਟਰੋਲ ਕਰਨ ਅਤੇ ਇਸ ਤਰ੍ਹਾਂ ਦੀ ਭਾਸ਼ਾ ਨਾ ਇਸਤੇਮਾਲ ਵਿੱਚ ਲੈ ਕੇ ਆਉਣ, ਜਿਸ ਨਾਲ ਕਿਸਾਨ ਭੜਕ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਤਰੁਣ ਚੁੱਘ ਸਣੇ ਕੁਝ ਲੀਡਰ ਆਪਣੀ ਭਾਸ਼ਾ ਦੀ ਮਰਿਆਦਾ ਨੂੰ ਲੰਘਦੇ ਨਜ਼ਰ ਆ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਹਿੰਸਕ ਘਟਨਾਵਾਂ ਨੂੰ ਅੰਜਾਮ ਨਹੀਂ ਦਿੰਦਾ ਹੈ ਅਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਕਿਸਾਨਾਂ ਨੇ ਹਮਲਾ ਵੀ ਨਹੀਂ ਕੀਤਾ ਸੀ, ਜਦੋਂ ਕਿ ਕਾਂਗਰਸ ਦਾ ਇੱਕ ਸੰਸਦ ਮੈਂਬਰ ਖ਼ੁਦ ਮੰਨ ਰਿਹਾ ਹੈ ਕਿ ਇਹ ਹਮਲਾ ਉਸ ਦੇ ਕਹਿਣ ‘ਤੇ ਹੋਇਆ ਹੈ।
ਮੰਤਰੀਆਂ ਨੇ ਕੀਤੀ ਕਿਸਾਨਾਂ ਨਾਲ ਮੀਟਿੰਗ, ਬਿੱਲ ਬਾਰੇ ਦਿੱਤੀ ਜਾਣਕਾਰੀ
ਪੰਜਾਬ ਸਰਕਾਰ ਦੇ 2 ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਉਸ ਬਿੱਲ ਬਾਰੇ ਜਾਣਕਾਰੀ ਦਿੱਤੀ, ਜਿਹੜਾ ਕਿ ਉਹ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਪੇਸ਼ ਕਰਨ ਵਾਲੇ ਹਨ। ਇਨ੍ਹਾਂ ਮੰਤਰੀਆਂ ਨੇ ਦੱਸਿਆ ਕਿ ਇਹ ਬਿੱਲ ਕਾਫ਼ੀ ਜਿਆਦਾ ਮਜ਼ਬੂਤ ਹੋਵੇਗਾ ਅਤੇ ਇਸ ਨੂੰ ਸੁਪਰੀਮ ਕੋਰਟ ਤੱਕ ਚੁਣੌਤੀ ਦੇਣਾ ਔਖਾ ਹੋਵੇਗਾ। ਇਸ ਨਾਲ ਹੀ ਕੇਂਦਰ ਸਰਕਾਰ ਵੀ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਐਕਟ ਅਨੁਸਾਰ ਕੁਝ ਜਿਆਦਾ ਨਹੀਂ ਕਰ ਸਕੇਗੀ।
ਰਾਜਪਾਲ ਨੂੰ ਘੇਰਨਾ ਆਉਂਦਾ ਐ ਸਾਨੂੰ, ਬਿੱਲ ਨੂੰ ਕਰਨਾ ਪਵੇਗਾ ਪਾਸ
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬਿੱਲ ਨੂੰ ਵਿਧਾਨ ਸਭਾ ਵਿੱਚ ਪਾਸ ਕਰਨ ਤੋਂ ਬਾਅਦ ਪੰਜਾਬ ਦੇ ਰਾਜਪਾਲ ਵੱਲੋਂ ਅੜਿੱਕਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਕੋਈ ਅੜਿੱਕਾ ਨਹੀਂ ਪਾਉਣ ਦਿੱਤਾ ਜਾਵੇਗਾ, ਸਰਕਾਰ ਬਿੱਲ ਪਾਸ ਕਰਦੇ ਹੋਏ ਰਾਜਪਾਲ ਕੋਲ ਭੇਜੇ, ਉਸ ਤੋਂ ਬਾਅਦ ਦਾ ਕੰਮ ਕਿਸਾਨਾਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ ਆ ਕੇ ਕਿਵੇਂ ਘੇਰਨਾ ਹੈ, ਇਹ ਕਿਸਾਨਾਂ ਨੂੰ ਚੰਗੀ ਤਰੀਕੇ ਨਾਲ ਆਉਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.