ਹੋਰ ਪਾਰਟੀਆਂ ਦਾ ਮਕਸਦ ‘ਅਹੁਦੇ’ ਪਰ ਆਮ ਆਦਮੀ ਪਾਰਟੀ ਦਾ ਮਕਸਦ ‘ਪੰਜਾਬ’ ਹੈ : ਭਗਵੰਤ ਮਾਨ

Bhagwant Maan

ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਮ ਆਦਮੀ ਪਾਰਟੀ ਵੱਲੋਂ ਜ਼ਿਲਾ ਲੁਧਿਆਣਾ ’ਚ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਇੰਚਾਰਜਾਂ ਦਾ ਸਹੁੰ-ਚੁੱਕ ਸਮਾਗਮ ਕਰਵਾਇਆ ਗਿਆ। ਜਿੱਥੇ ਉੱਚੇਚੇ ਤੌਰ ’ਤੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ। ਸਗੋਂ ਪੰਜਾਬ ਦਾ ਇੱਕ ਸਫ਼ਲ ਪਰਿਵਾਰ ਭਾਵ ਆਮ ਆਦਮੀ ਪਾਰਟੀ ਜੁੜ ਬੈਠੀ ਹੈ। ਜਿਸ ਨਾਲ ਮਾਨਸਿੱਕ ਤੌਰ ’ਤੇ ਵੱਡਾ ਸਹਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮਿਹਨਤ ਪੱਖੋਂ ਪੰਜਾਬੀ ’ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਕਿਉਂਕਿ ਪੰਜਾਬੀ ਇੱਕ ਅਜਿਹੀ ਕੌਮ ਹੈ ਜੋ ਮਿੱਟੀ ’ਚੋਂ ਸੋਨਾ ਉਗਾ ਲੈਂਦੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਖੂਨ ’ਚ ਗੁਰੂਆਂ-ਪੀਰਾਂ ਨੇ ਗਰੀਬਾਂ ਦੇ ਹੱਕ ’ਚ ਖੜ੍ਹਨ ਦੀ ਜੋ ਪਿਉਂਦ ਚਾੜੀ ਹੈ ਉਹ ਹੋਰ ਕਿਸੇ ਵੀ ਕੋਲ ਨਹੀਂ। (Aam Aadmi Party Punjab)

ਇਹ ਵੀ ਪੜ੍ਹੋ : ਇਹ ਸਬਜ਼ੀ ਚੁਟਕੀਆਂ ’ਚ ਦੂਰ ਕਰ ਦੇਵੇਗੀ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ!

ਮਾਨ ਨੇ ਪਾਰਟੀ ਦੇ ਸ਼ੁਰੂਆਤ ਦੌਰ ਦੀ ਗੱਲ ਕਰਦਿਆਂ ਕਿਹਾ ਕਿ 2014 ’ਚ ਜਦੋਂ ਉਹ ਕਿਸੇ ਪਿੰਡ ਪ੍ਰੋਗਰਾਮ ’ਤੇ ਜਾਂਦੇ ਸਨ ਤਾਂ ਆਪਣੇ ਨਾਲ ਇੱਕ ਕਾਪੀ ਵਾਲਾ ਰੱਖਦੇ ਸਨ, ਜੋ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦੇ ਨਾਂਅ ਲਿਖ ਲੈਂਦਾ ਸੀ, ਜਿਸ ਨਾਲ ਚੋਅ ਇਕੱਠੀ ਕਰਕੇ ਪਾਰਟੀ ਦਾ ਗਠਨ ਕੀਤਾ ਜੋ ਅੱਜ ਦੇਸ਼ ਦੀ ਸਭ ਤੋਂ ਵੱਧ ਅਨੁਸ਼ਾਸ਼ਨਵੱਧ ਪਾਰਟੀ ਬਣ ਕੇ ਉੱਭਰੀ ਹੈ। ਬੇਸ਼ੱਕ ਨਿੱਕੀਆਂ-ਮੋਟੀਆਂ ਦਿੱਕਤਾਂ ਵੀ ਆਈਆਂ ਪਰ ਪਾਰਟੀ ਦਾ ਗ੍ਰਾਫ਼ ਲਗਾਤਾਰ ਉਤਾਂਹ ਨੂੰ ਗਿਆ। ਉਨ੍ਹਾਂ ਕਿਹਾ ਕਿ ਮਾੜਾ ਸਮਾਂ ਚੰਗਾ ਹੀ ਹੁੰਦਾ ਹੈ, ਜਿਸ ’ਚ ਵਫ਼ਾਦਾਰੀਆਂ ਪਰਖੀਆਂ ਜਾਂਦੀਆਂ ਹਨ ਤੇ ਅੱਜ ਜੋ ਵੀ ਪਾਰਟੀ ’ਚ ਹੈ ਉਹ ਹੀ ਅਸਲੀ ਹੈ, ਬਾਕੀ ਸਭ ਮਾੜੇ ਸਮਿਆਂ ’ਚ ਖਿਸਕ ਗਏ। ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ’ਤੇ ਤੰਜ਼ ਕਸਦਿਆਂ ਕਿਹਾ। (Aam Aadmi Party Punjab)

ਕਿ ਹੋਰਨਾਂ ਪਾਰਟੀਆਂ ਦਾ ਮਕਸਦ ‘ਅਹੁਦੇ’ ਤੇ ਆਮ ਆਦਮੀ ਪਾਰਟੀ ਦਾ ਮਕਸਦ ‘ਪੰਜਾਬ’ ਹੈ। ਵੱਸ ਇਹੀ ਫ਼ਰਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦਾ ਘਰ ਹੈ ਤੇ ਇਸ ’ਚ ਵਸਦੇ ਲੋਕ ਉਸ ਦੇ ਪਰਿਵਾਰਕ ਮੈਂਬਰ ਹਨ। ਜਿੰਨ੍ਹਾਂ ਨੇ ਉਸ ਨੂੰ ਆਪਣੇ ਪਰਿਵਾਰ ਦਾ ਲਾਣੇਦਾਰ ਚੁਣਿਆ ਹੈ। ਜਦਕਿ ਪਹਿਲਾਂ ਵਾਲੇ ਆਪਣੇ ਪਰਿਵਾਰ ਨੂੰ ਹੀ ਪਰਿਵਾਰ ਸਮਝਦੇ ਸਨ ਪਰ ਅਸੀਂ ਪੰਜਾਬ ਨੂੰ ਹੀ ਆਪਣਾ ਪਰਿਵਾਰ ਸਮਝਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸੰਗਠਨ ਵੱਡਾ ਹੁੰਦਾ ਹੈ ਨਾ ਕਿ ਕੋਈ ਵਿਅਕਤੀ। ਜਿਹੜੇ ਖੁਦ ਨੂੰ ਸੰਗਠਨ ਤੋਂ ਵੱਡਾ ਸਮਝਣ ਦੀ ਭੁੱਲ ਕਰ ਬੈਠਦੇ ਹਨ। ਉਹ ਟੀਵੀ ਦੀ ਸਕਰੀਨ ਦੇ ਕੋਨੇ ’ਚੋਂ ਵੀ ਗਾਇਬ ਹੋ ਜਾਂਦੇ ਹਨ। ਪਾਰਟੀ ਦੇ ਕੁੱਝ ਮੈਂਬਰਾਂ ਨੇ ਅਜਿਹਾ ਕੀਤਾ ਜੋ ਅੱਜ ਪਛਤਾ ਰਹੇ ਹਨ।