ਪੰਜਾਬ ਸਰਕਾਰ ਰੱਖੇਗੀ ਆਪਣਾ ਪੱਖ, ਹੁਣ ਤੱਕ ਸਾਨੂੰ ਨਹੀਂ ਸੁਣਿਆ ਗਿਆ ਸੀ : ਏ.ਜੀ. | School Fees
ਚੰਡੀਗੜ (ਅਸ਼ਵਨੀ ਚਾਵਲਾ)। ਪ੍ਰਾਈਵੇਟ ਸਕੂਲਾਂ ਦੀ ਫੀਸ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੁੱਜ ਗਈ ਹੈ। ਪੰਜਾਬ ਸਰਕਾਰ ਵਲੋਂ ਆਪਣੀ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ ਹੁਣ ਸੁਣਵਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ 12 ਜੂਨ ਨੂੰ ਸੁਣਵਾਈ ਹੋਏਗੀ ਅਤੇ ਇਸ ਵਿੱਚ ਪੰਜਾਬ ਸਰਕਾਰ ਵੀ ਹੁਣ ਪਾਰਟੀ ਵਜੋਂ ਪੇਸ਼ ਹੁੰਦੇ ਹੋਏ ਆਪਣਾ ਪੱਖ ਰੱਖੇਗੀ। (School Fees)
ਪੰਜਾਬ ਦੇ ਐਡਵੋਕੇਟ ਜਰਨਲ ਅਤੁਲ ਨੰਦਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੁਣ ਤੱਕ ਸਰਕਾਰ ਪਾਰਟੀ ਹੀ ਨਹੀਂ ਸੀ, ਜਿਸ ਕਾਰਨ ਸਰਕਾਰ ਨੂੰ ਸੁਣਿਆ ਨਹੀਂ ਗਿਆ ਅਤੇ ਜਿਹੜਾ ਵੀ ਫੈਸਲਾ ਲਿਆ ਗਿਆ। ਉਹ ਪ੍ਰਾਈਵੇਟ ਸਕੂਲਾਂ ਵਲੋਂ ਪਾਈ ਗਈ ਪਟੀਸ਼ਨ ਅਨੁਸਾਰ ਹੀ ਲਿਆ ਗਿਆ ਹੈ। ਇਸ ਲਈ ਹੁਣ ਸਰਕਾਰ ਵੀ ਇਸ ਮਾਮਲੇ ਵਿੱਚ ਆਪਣਾ ਪੱਖ ਰੱਖੇਗੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਲਾਕ ਡਾਊਨ ਦੌਰਾਨ ਫੀਸ ਲੈਣ ਦੇ ਹੱਕ ਵਿੱਚ ਨਹੀਂ ਹੈ ਅਤੇ ਇਸ ਸਬੰਧੀ ਸਰਕਾਰ ਵਲੋਂ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ ਅਤੇ ਹਾਈ ਕੋਰਟ ਮੁੜ ਤੋਂ ਪਿਛਲੇ ਆਦੇਸ਼ਾਂ ‘ਤੇ ਵਿਚਾਰ ਕਰਨ ਦੀ ਅਪੀਲ ਕਰੇਗੀ।