ਪੰਜਾਬ ਸਰਕਾਰ ਨੇ ਗਜ਼ਟਿਡ ਛੁੱਟੀਆਂ ‘ਤੇ ਚਲਾਈ ਕੈਂਚੀ

CM Amarinder Singh

34 ਦੀ ਥਾਂ 17 ਛੁੱਟੀਆਂ ਕੀਤੀਆਂ, ਕੰਮਕਾਜ ਦੇ ਦਿਨ ਵਧਾਉਣਾ ਚਾਹੁੰਦੀ ਹੈ ਸਰਕਾਰ
ਬਾਦਲ ਸਰਕਾਰ ਵੱਲੋਂ ਪਿਛਲੇ 10 ਸਾਲਾਂ ‘ਚ ਸਰਕਾਰੀ ਛੁੱਟੀਆਂ ਨੂੰ 17 ਤੋਂ ਹੀ ਵਧਾ ਕੇ ਕੀਤਾ ਸੀ 34
ਅਮਰਿੰਦਰ ਸਰਕਾਰ ਮੁੜ ਤੋਂ ਸਾਲ 2006 ਵਾਲੀ ਸਰਕਾਰੀ ਛੁੱਟੀਆਂ ਕਰਨ ਜਾ ਰਹੀ ਐ ਲਾਗੂ

ਅਸ਼ਵਨੀ ਚਾਵਲਾ
ਚੰਡੀਗੜ੍ਹ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਸਰਕਾਰੀ ਛੁੱਟੀਆਂ ‘ਤੇ ਆਪਣੀ ਕੈਂਚੀ ਚਲਾ ਦਿੱਤੀ ਹੈ, ਸੂਤਰਾਂ ਅਨੁਸਾਰ 34 ਗਜ਼ਟਿਡ ਛੁੱਟੀਆਂ ‘ਤੇ 50 ਫੀਸਦੀ ਕੱਟ ਲਾਉਂਦੇ ਹੋਏ ਸਿਰਫ਼ 17 ਤੱਕ ਹੀ ਸੀਮਤ ਕਰ ਦਿੱਤਾ ਹੈ ਹਾਲਾਂਕਿ ਕੱਟ ਲੱਗੀਆਂ ਸਾਰੀਆਂ ਛੁੱਟੀਆਂ ਨੂੰ ਰਾਖਵੀਂਆਂ ਛੁੱਟੀਆਂ ‘ਚ ਸ਼ਾਮਲ ਕਰ ਲਿਆ ਗਿਆ ਹੈ ਤਾਂ ਕਿ ਜੇਕਰ ਕੋਈ ਕਰਮਚਾਰੀ ਉਸ ਖ਼ਾਸ ਦਿਨ ‘ਤੇ ਛੁੱਟੀ ਲੈਣ ਚਾਹੁੰਦਾ ਹੈ ਤਾਂ ਉਹ ਕਰਮਚਾਰੀ ਸੀਮਤ ਛੁੱਟੀਆਂ ‘ਚ ਉਸ ਦਿਨ ਦੀ ਛੁੱਟੀ ਲੈ ਸਕਦਾ ਹੈ।

ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਵੀ ਸਾਲ 2003 ਵਿੱਚ ਵੀ ਇਸੇ ਤਰ੍ਹਾਂ ਦਾ ਸਰਕਾਰੀ ਛੁੱਟੀਆਂ ‘ਤੇ ਕੱਟ ਲਾਇਆ ਗਿਆ ਸੀ। ਪਿਛਲੀ ਕਾਂਗਰਸ ਸਰਕਾਰ ਵਿੱਚ ਮੁੱਖ ਸਕੱਤਰ ਬਣੇ ਜੈ ਸਿੰਘ ਗਿੱਲ ਨੇ ਪੰਜਾਬ ਵਿੱਚ ਕੇਂਦਰ ਸਰਕਾਰ ਦਾ ਪੈਟਰਨ ਲਾਗੂ ਕਰਦੇ ਹੋਏ ਸਿਰਫ਼ ਉਨ੍ਹਾਂ ਛੁੱਟੀਆਂ ਨੂੰ ਹੀ ਲਾਗੂ ਕੀਤਾ ਸੀ, ਜਿਹੜੀਆਂ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਨ।

ਹਾਲਾਂਕਿ ਉਸ ਸਮੇਂ ਸਰਕਾਰੀ ਕਰਮਚਾਰੀ ਜਥੇਬੰਦੀਆਂ ਵੱਲੋਂ ਇਸ ਦਾ ਕਾਫ਼ੀ ਜਿਆਦਾ ਵਿਰੋਧ ਹੋਇਆ ਸੀ ਪਰ ਜੈ ਸਿੰਘ ਗਿੱਲ ਦੀ ਸਖ਼ਤੀ ਅੱਗੇ ਕਰਮਚਾਰੀ ਜਥੇਬੰਦੀਆਂ ਦੀ ਕੋਈ ਚਾਰਾ ਜੋਈਂ ਨਹੀਂ ਚਲੀ ਸੀ। ਅਮਰਿੰਦਰ ਸਿੰਘ ਦੀ ਸਰਕਾਰ ਸਾਲ 2007 ‘ਚ ਚਲੇ ਜਾਣ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਵੱਲੋਂ ਕਰਮਚਾਰੀ ਜਥੇਬੰਦੀਆਂ ਸਣੇ ਧਾਰਮਿਕ ਸੰਸਥਾਵਾਂ ਅੱਗੇ ਝੁਕਦੇ ਹੋਏ ਉਨ੍ਹਾਂ ਦੀ ਮੰਗ ਅਨੁਸਾਰ 17 ਗਜ਼ਟਿਡ ਛੁੱਟੀਆਂ ਨੂੰ ਵਧਾਉਂਦੇ ਹੋਏ ਹੌਲੀ-ਹੌਲੀ ਸਾਲ 2017 ਤੱਕ 34 ਗਜ਼ਟਿਡ ਤੇ 18 ਰਾਖਵੀਂਆਂ ਛੁੱਟੀਆਂ ਤੱਕ ਲੈ ਗਏ।

18 ਰਾਖਵੀਂਆਂ ਛੁੱਟੀਆਂ ਵਿੱਚੋਂ ਕੋਈ ਵੀ ਕਰਮਚਾਰੀ 2 ਛੁੱਟੀਆਂ ਲੈ ਸਕਦਾ ਹੈ। ਸੂਤਰਾਂ ਅਨੁਸਾਰ ਹੁਣ ਮੁੜ ਤੋਂ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਦੇ ਕਾਰਨ ਅਗਲੇ ਸਾਲ ਲਈ ਛੁੱਟੀਆਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਮੁੜ ਤੋਂ 2006 ਦਾ ਪੈਟਰਨ ਲਾਗੂ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ 34 ਗਜ਼ਟਿਡ ਛੁੱਟੀਆਂ ਵਿੱਚੋਂ 17 ਛੁੱਟੀਆਂ ਨੂੰ ਹਟਾਉਂਦੇ ਹੋਏ ਰਾਖਵੀਂਆਂ ਛੁੱਟੀਆਂ ਵਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।

ਇਸ ਨਾਲ ਹੀ 2 ਰਾਖਵੀਂ ਛੁੱਟੀਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹੋਏ 4 ਜਾਂ ਫਿਰ 5 ਦੀ ਗਿਣਤੀ ਕੀਤੀ ਜਾ ਰਹੀਂ ਹੈ। ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਫਾਈਲ ਪਾਸ ਕਰਨ ਤੋਂ ਬਾਅਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਭੇਜ ਦਿੱਤੀ ਗਈ ਹੈ। ਮੁੱਖ ਸਕੱਤਰ ਕਰਨ ਅਵਤਾਰ ਵੱਲੋਂ ਫਾਈਲ ਪ੍ਰਸੋਨਲ ਵਿਭਾਗ ਨੂੰ ਭੇਜਣ ਤੋਂ ਬਾਅਦ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।