ਪਤਨੀ ਨੇ ਸਾਥੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੁਲਿਸ ਨੇ ਬੀਤੇ ਸ਼ਨਿੱਚਰਵਾਰ ਦੀ ਰਾਤ ਡਰਾਈਵਰ ਜਸਵੀਰ ਸਿੰਘ ਉਰਫ ਜੱਸਾ ਵਾਸੀ ਕੱਚਾ ਪਹਾ, ਸੁਨਾਮ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀਐਸਪੀ ਮਨਦੀਪ ਸੰਧੂ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੁਨਾਮ, ਸੀ.ਆਈ.ਏ ਸਟਾਫ਼ ਲੱਡਾ ਕੋਠੀ ਸੰਗਰੂਰ ਅਤੇ ਟੈਕਨੀਕਲ ਸਟਾਫ਼ ਦੀ ਟੀਮ ਨੇ ਸਖ਼ਤ ਮਿਹਨਤ ਨਾਲ ਜਸਵੀਰ ਸਿੰਘ ਉਰਫ਼ ਜੱਸਾ ਪੁੱਤਰ ਬੰਤ ਸਿੰਘ ਵਾਸੀ ਕੱਚਾ ਪਹਾ ਸੁਨਾਮ, ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। (Sunam News)
ਜਾਣਕਾਰੀ ਦਿੰਦਿਆਂ ਡੀਐੱਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਨਿਰਮਲ ਸਿੰਘ ਮ੍ਰਿਤਕ ਜਸਵੀਰ ਸਿੰਘ ਦੇ ਘਰ ਦੁੱਧ ਪਾਉਣ ਆਉਂਦਾ ਸੀ, ਇਸ ਦੌਰਾਨ ਉਸ ਦੇ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਚਰਨਜੀਤ ਕੌਰ ਨਾਲ ਗੈਰ ਸਮਾਜਿਕ ਸਬੰਧ ਸਨ। ਇਸ ਗੱਲ ਦਾ ਖੁਲਾਸਾ ਮ੍ਰਿਤਕ ਜਸਵੀਰ ਸਿੰਘ ਦੇ ਤਾਏ ਦੇ ਲੜਕੇ ਮੇਹਰ ਸਿੰਘ ਦੇ ਬਿਆਨਾਂ ਰਾਹੀਂ ਜਾਂਚ ਦੌਰਾਨ ਹੋਇਆ। ਜਿਸ ਅਨੁਸਾਰ ਦੋਵਾਂ ਮੁਲਜ਼ਮਾਂ ਦੀਆਂ ਕਾਲਾਂ ਟਰੇਸ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਆਪਸੀ ਗੈਰ ਸਮਾਜਿਕ ਸਬੰਧ ਸਨ। ਮ੍ਰਿਤਕ ਦੀ ਪਤਨੀ ਨੇ ਆਪਣੇ ਸਾਥੀ ਨਾਲ ਮਿਲ ਕੇ ਕਤਲ ਨੂੰ ਅੰਜਾਮ ਦਿੱਤਾ ਅਤੇ ਬਾਅਦ ’ਚ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ। (Sunam News)
Also Read : ਵਿਜੈ ਸਾਂਪਲਾ ਦੇ ਕਰੀਬੀ ਰੌਬਿਨ ਸਾਂਪਲਾ ਆਪ ’ਚ ਸ਼ਾਮਲ
ਪੁਲੀਸ ਨੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਅਤੇ ਉਸ ਦੇ ਸਾਥੀ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਆਈਪੀਸੀ ਦੀ ਧਾਰਾ 120ਬੀ, 182 ਤਹਿਤ ਧਾਰਾਵਾ ਵਿੱਚ ਵਾਧਾ ਕਰਦੇ ਹੋਏ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਤਲ ਲਈ ਵਰਤਿਆ ਹਥਿਆਰ ਖਪਰਾ ਅਤੇ ਸਾਈਕਲ ਬਰਾਮਦ ਕਰ ਲਿਆ ਹੈ ਅਤੇ ਦੋਸ਼ੀਆਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।