ਪੁਲਿਸ ਨੇ ਘਰ ਅੰਦਰ ਦਾਖਲ ਹੋ ਕੇ ਲੁੱਟ-ਖੋਹ ਕਰਨ ਵਾਲੇ ਚਾਰ ਲੁਟੇਰਿਆਂ ਨੂੰ ਦਬੋਚਿਆ

Police

ਲੁੱਟੇ ਸਾਢੇ 3 ਕਰੋੜ ਦੀ ਨਕਦੀ, 271 ਗ੍ਰਾਮ ਸੋਨੇ ਦੇ ਗਹਿਣੇ ਤੇ 88 ਗ੍ਰਾਮ ਚਾਂਦੀ ਸਮੇਤ ਕਾਰ ਤੇ ਦੇਸੀ ਕੱਟਾ ਬਰਾਮਦ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜ ਦਿਨ ਪਹਿਲਾਂ ਲੁਧਿਆਣਾ ਵਿਖੇ ਇੱਕ ਘਰ ਅੰਦਰ ਮਾਸਕ ਪਹਿਨੇ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆਂ 4 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿੰਨਾਂ ਪਾਸੋਂ ਪੁਲਿਸ (Police) ਨੇ ਸਾਢੇ ਤਿੰਨ ਕਰੋੜ ਤੋਂ ਵੱਧ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਚਾਂਦੀ ਬਰਾਮਦ ਕੀਤੇ ਜਾਣ ਤੋਂ ਇਲਾਵਾ ਵਾਰਦਾਤ ’ਚ ਵਰਤੀ ਗਈ ਕਾਰ ਤੇ ਇੱਕ ਦੇਸੀ ਕੱਟੇ ਸਮੇਤ 6 ਰੌਂਦ ਬਰਾਮਦ ਕੀਤੇ ਹਨ।

ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 14 ਸਤੰਬਰ ਨੂੰ ਡਾ. ਵਾਹਿਗੁਰੂ ਪਾਲ ਸਿੱਧੂ ਆਪਣੇ ਘਰ ’ਚ ਹੀ ਮੌਜੂਦ ਸੀ। ਜਦਕਿ ਉਸਦੀ ਪਤਨੀ ਡਾ. ਹਰਕਮਲ ਬੱਗਾ ਆਪਣਾ ਕਲੀਨਿਕ ਬੰਦ ਕਰਕੇ ਸ਼ਾਮ ਪੌਣੇ ਨੌ ਕੁ ਵਜੇ ਦੇ ਕਰੀਬ ਘਰ ਪਹੁੰਚੀ। ਇਸੇ ਦੌਰਾਨ ਹੀ 4 ਅਣਪਛਾਤੇ ਜਿੰਨਾਂ ਨੇ ਮਾਸਕ ਪਹਿਨੇ ਹੋਏ ਸਨ, ਚਾਰ ਦੀਵਾਰੀ ਟੱਪ ਕੇ ਉਨਾਂ ਦੇ ਘਰ ਅੰਦਰ ਦਾਖਲ ਹੋ ਗਏ ਤੇ ਚੌਂਕੀਦਾਰ ਸ਼ਿੰਗਾਰਾ ਸਿੰਘ ਦੇ ਹੱਥ ਖਾਕੀ ਟੇਪ ਨਾਲ ਬੰਨਣ ਤੋਂ ਬਾਅਦ ਡਾਕਟਰ ਅਤੇ ਉਸਦੀ ਘਰਵਾਲੀ ਨੂੰ ਆਪਣੇ ਨਾਲ ਸਟੋਰ ’ਚ ਲੈ ਗਏ।

ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਲਾਹਿਆ | Police

ਜਿੱਥੇ ਡਾਕਟਰ ਨੇ ਆਪਣੀ ਅਲਮਾਰੀ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁਟੇਰਿਆਂ ਦੇ ਹਵਾਲੇ ਕਰ ਦਿੱਤੀ। ਜਿਸ ਤੋਂ ਬਾਅਦ ਲੁਟੇਰਿਆਂ ਨੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਉਤਾਰਨ ਦੇ ਨਾਲ ਹੀ  ਮਹਿਲਾ ਡਾਕਟਰ ਦੀ ਬਾਂਹ ’ਚ ਪਾਇਆ ਸੋਨੇ ਦਾ ਵਰੈਸਲਟ ਵੀ ਉਤਾਰ ਲਿਆ ਅਤੇ ਗੇਟ ਰਾਹੀਂ ਕਾਰ ਨੰਬਰ ਪੀਬੀ- 10 ਸੀਏ – 0600 ਮਾਰਕਾ ਮਾਰੂਤੀ ’ਚ ਸਵਾਰ ਹੋ ਕੇ ਫਰਾਰ ਹੋ ਗਏ। ਵਾਰਦਾਤ ਤੋਂ ਅਗਲੇ ਦਿਨ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਥਾਣਾ ਦੁੱਗਰੀ ਵਿਖੇ ਨਾ ਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਰਜਿਸਟਰ ਕਰਕੇ ਜਾਂਚ ਆਰੰਭ ਦਿੱਤੀ ਗਈ।

ਸਿੱਧੂ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਇੰਸਪੈਕਟਰ ਮਧੂ ਬਾਲਾ ਮੁੱਖ ਅਫ਼ਸਰ ਥਾਣਾ ਦੁੱਗਰੀ, ਸਹਾਇਕ ਥਾਣੇਦਾਰ ਬਲਵੀਰ ਸਿੰਘ ਇੰਚਾਰਜ ਚੌਂਕੀ ਐਸ.ਬੀ.ਐਸ. ਨਗਰ ਸਮੇਤ ਥਾਣੇਦਾਰ ਜਸਵਿੰਦਰ ਸਿੰਘ ਇੰਚਾਰਜ ਸੇਫ਼ ਸਿਟੀ ਅਤੇ ਵੱਖ ਵੱਖ ਟੀਮਾਂ ਦਾ ਗਠਨ ਜਸਕਿਰਨਜੀਤ ਸਿੰਘ ਤੇਜਾ ਡਿਪਟੀ ਕਮਿਸ਼ਨਰ ਦਿਹਾਤੀ ਲੁਧਿਆਣਾ, ਸੁਹੇਲ ਕਾਸਿਮ ਮੀਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 2 ਅਤੇ ਗੁਰਇਕਬਾਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਦੀ ਅਗਵਾਈ ਹੇਠ ਕੀਤਾ ਗਿਆ। ਜਿੰਨਾਂ ਨੇ ਭਾਰੀ ਮੁਸ਼ੱਕਤ ਨਾਲ ਖੁਫ਼ੀਆ ਤੇ ਟੈਕਨੀਕਲ ਸੋਰਸਾਂ ਰਾਹੀਂ ਵਾਰਦਾਤ ਨੂੰ 96 ਘੰਟਿਆਂ ਵਿੱਚ ਸੁਲਝਾਉਂਦਿਆਂ 4 ਜਣਿਆਂ ਨੂੰ ਗਿ੍ਰਫਤਾਰ ਕਰ ਲਿਆ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਜਿੰਨਾਂ ਪਾਸੋਂ ਲੁੱਟੀ ਗਈ 3 ਕਰੋੜ 51 ਲੱਖ 3 ਹਜ਼ਾਰ 7 ਸੌ ਰੁਪਏ ਦੀ ਨਕਦੀ, 271.35 ਗ੍ਰਾਮ ਸੋਨੇ ਦੇ ਗਹਿਣੇ, 88 ਗ੍ਰਾਮ ਚਾਂਦੀ ਹੋਟਲ ਫੇਅਰਵੇਅ ਅੰਮਿ੍ਰਤਸਰ ਤੋਂ ਬਰਾਮਦ ਕਰਵਾਏ ਜਾ ਚੁੱਕੀ ਹੈ। ਇਸ ਤੋਂ ਇਲਾਵਾ ਗਿ੍ਰਫ਼ਤਾਰ ਵਿਅਕਤੀਆਂ ਪਾਸੋਂ ਇੱਕ 12 ਬੋਰ ਦਾ ਦੇਸੀ ਕੱਟਾ ਅਤੇ 6 ਰੌਂਦ ਅਤੇ ਵਾਰਦਾਤ ’ਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਨਾਂ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਭਾਈ ਹਰਨਾਮ ਦਾਸ ਨਗਰ ਲੁਧਿਆਣਾ, ਪਵਨੀਤ ਸਿੰਘ ਉਰਫ਼ ਸ਼ਾਲੂ ਵਾਸੀ ਦੁੱਗਰੀ, ਜੱਗਪ੍ਰੀਤ ਸਿੰਘ ਵਾਸੀ ਕਾਜੀ ਕੋਟ (ਜ਼ਿਲਾ ਤਰਨ ਤਾਰਨ) ਅਤੇ ਸਾਹਿਲਦੀਪ ਸਿੰਘ ਵਾਸੀ ਪਿੰਡ ਚੰਡੇਰ (ਜ਼ਿਲਾ ਤਰਨ ਤਾਰਨ) ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।

ਜਿੰਨਾਂ ਵਿੱਚੋਂ ਗੁਰਵਿੰਦਰ ਸਿੰਘ ਅਤੇ ਪਵਨੀਤ ਸਿੰਘ ਖਿਲਾਫ਼ ਪਹਿਲਾਂ ਵੀ ਜ਼ਿਲਾ ਲੁਧਿਆਣਾ ਦੇ ਵੱਖ ਵੱਖ ਥਾਣਿਆਂ ’ਚ ਕ੍ਰਮਵਾਰ 4 ਅਤੇ 3 ਮਾਮਲੇ ਦਰਜ਼ ਹਨ। ਉਨਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਚਾਰੋਂ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਡੀਜੀਪੀ ਨੇ ਕੀਤਾ ਟਵੀਟ | Police

ਘਰ ਅੰਦਰ ਦਾਖਲ ਹੋ ਕੇ ਕੀਤੀ ਗਈ ਲੁੱਟ ਦੀ ਵਾਰਦਾਤ ਨੂੰ 5 ਦਿਨਾਂ ’ਚ ਹੱਲ ਕਰ ਲੈਣ ਸਬੰਧੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦੁਪਿਹਰ ਬਾਅਦ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਪੈ੍ਰਸ ਕਾਨਫਰੰਸ ਕੀਤੀ ਗਈ।