ਮਾਮਲਾ ਪਾਬੰਦੀ ਦੇ ਬਾਵਜ਼ੂਦ ਬਾਜਕ ਪਿੰਡ ‘ਚ ਸ਼ਰ੍ਹੇਆਮ ਚੱਲ ਰਹੀ ਮਾਈਨਿੰਗ ਦਾ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਬਾਜਕ ਤੋਂ ਝੁੰਬਾ ਨੂੰ ਜਾਂਦੀ ਲਿੰਕ ਸੜਕ ‘ਤੇ ਬਾਜਕ ਦੇ ਇੱਕ ਕਿਸਾਨ ਵੱਲੋਂ ਆਪਣੇ ਖ਼ੇਤ ‘ਚ ਸ਼ਰ੍ਹੇਆਮ ਮਾਈਨਿੰਗ ਕਰਕੇ ਮਿੱਟੀ ਨੂੰ ਵੇਚਣ ਦਾ ਮਾਮਲਾ ਅੱਜ ਸਾਰਾ ਦਿਨ ਲੋਕਾਂ ਦੀ ਚੁੰਝ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪੁਲਿਸ ਵੱਲੋਂ ਦਿਨ ਚੜ੍ਹਦੇ ਹੀ ਉਕਤ ਕਿਸਾਨ ਨੂੰ ਥਾਣੇ ਲਿਆਂਦਾ ਜਿੱਥੇ ਕਿਸਾਨ ਦੇ ਰਿਸ਼ਤੇਦਾਰ ਸਾਰਾ ਦਿਨ ਪੁਲਿਸ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਪੂਰੇ ਮਾਮਲੇ ‘ਤੇ ਮਾਈਨਿੰਗ ਵਿਭਾਗ ਵੱਲੋਂ ਵੀ ਆਪਣੀ ਨਜ਼ਰ ਬਣਾਈ ਹੋਈ ਹੈ। ਸੱਚ ਕਹੂੰ ‘ਚ ਖ਼ਬਰ ਲੱਗਣ ਤੋਂ ਬਾਅਦ ਖੁਫੀਆ ਵਿਭਾਗ ਵੀ ਆਪਣੇ ਪੱਧਰ ‘ਤੇ ਜਾਣਕਾਰੀ ਇਕੱਠਾ ਕਰਦਾ ਨਜ਼ਰੀ ਆਇਆ। ਖ਼ਬਰ ਤੋਂ ਬਾਅਦ ਕਿਸਾਨ ਦੇ ਖ਼ੇਤ ‘ਚ ਅੱਜ ਸੁੰਨ ਪੱਸਰੀ ਰਹੀ।
ਸੂਤਰ ਤਾਂ ਇਹ ਵੀ ਦੱਸ ਰਹੇ ਹਨ ਕਿ ਉਕਤ ਕਿਸਾਨ ਨੇ ਵਿਭਾਗੀ ਕਾਰਵਾਈ ਤੋਂ ਡਰਦਿਆਂ ਰਾਤ ਨੂੰ ਖੱਡੇ ਪੂਰਨ ਦਾ ਵੀ ਕੰਮ ਸ਼ੁਰੂ ਕਰ ਰੱਖਿਆ ਸੀ ਪ੍ਰੰਤੂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਕਤ ਕਿਸਾਨ ਨੇ ਸਰਕਾਰੀ ਪਾਬੰਦੀ ਦੇ ਬਾਵਜੂਦ ਆਪਣੇ ਖ਼ੇਤ ‘ਚ 20 ਤੋਂ 25 ਫੁੱਟ ਤੱਕ ਡੂੰਘੇ ਖੱਡੇ ਪੁੱਟ ਕੇ ਮਾਈਨਿੰਗ ਕੀਤੀ ਜਾ ਰਹੀ ਸੀ ਪ੍ਰੰਤੂ ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ‘ਤੇ ਕਿਸਾਨ ਉੱਪਰ ਕੋਈ ਕਾਰਵਾਈ ਕਰਨ ਦੇ ਨਾਂਅ ‘ਤੇ ਕੁੰਭਕਰਨੀ ਨੀਂਦ ਸੁੱਤਾ ਪਿਆ ਰਿਹਾ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉਕਤ ਕਿਸਾਨ ਵੱਲੋਂ ਪਹਿਲਾਂ ਨੇੜਲੇ ਪਿੰਡਾਂ ‘ਚ ਖੱਡਿਆਂ ‘ਚੋਂ ਕੱਢ ਕੇ ਬਰੇਤੀ ਨੂੰ ਵੇਚ ਕੇ ਚੌਖੀ ਕਮਾਈ ਕੀਤੀ ਗਈ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸਖਤੀ ਨਾਲ ਕਾਨੂੰਨ ਲਾਗੂ ਕਰਦਿਆਂ ਮਾਈਨਿੰਗ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਕਿਸਾਨ ਵੱਲੋਂ ਮਾਈਨਿੰਗ ਕਰਨਾ ਪ੍ਰਸ਼ਾਸਨ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦਾ ਹੈ।
ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਨੂੰ ਥਾਣੇ ਬੁਲਾ ਕੇ ਸਾਰੇ ਮਾਮਲੇ ਦੀ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋਂ ਆਪਣੇ ਖ਼ੇਤ ‘ਚ ਕੀਤੀ ਮਾਈਨਿੰਗ ਸਬੰਧੀ ਰਿਪੋਰਟ ਤਿਆਰ ਕਰਕੇ ਮਾਈਨਿੰਗ ਵਿਭਾਗ ਨੂੰ ਭੇਜਦਿੱਤੀ ਹੈ।ਕੀ ਕਹਿੰਦੇ ਨੇ ਫਿਰੋਜ਼ਪੁਰ ਡਵੀਜਨ ਦੇ ਐਕਸੀਅਨਜਦ ਇਸ ਸਬੰਧੀ ਮਾਈਨਿੰਗ ਵਿਭਾਗ ਫਿਰੋਜ਼ਪੁਰ ਡਵੀਜਨ ਦੇ ਐਕਸੀਅਨ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਇਸ ਮਾਮਲੇ ਸਬੰਧੀ ਜਲਦੀ ਹੀ ਇੱਕ ਟੀਮ ਬਠਿੰਡਾ ਭੇਜੀ ਜਾ ਰਹੀ ਹੈ ਜੋ ਮੌਕੇ ‘ਤੇ ਜਾ ਕੇ ਸਾਰੇ ਮਾਮਲੇ ਨੂੰ ਵੇਖ ਕੇ ਕਾਰਵਾਈ ਕਰੇਗੀ।