(ਸੁਖਜੀਤ ਮਾਨ) ਬਠਿੰਡਾ। ਮੌੜ ਮੰਡੀ ਵਿਖੇ ਲੰਘੀ 7 ਜੁਲਾਈ ਨੂੰ ਟਰੱਕ ਯੂਨੀਅਨ ਨੇੜੇ ਹੋਏ ਕਤਲ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਦੀਪਕ ਪਾਰੀਕ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਸਪੀ (ਡੀ) ਅਜੈ ਗਾਂਧੀ, ਡੀਐਸਪੀ (ਡੀ) ਰਾਜੇਸ਼ ਸ਼ਰਮਾ, ਡੀਐਸਪੀ ਮੌੜ ਰਾਹੁਲ ਭਾਰਦਵਾਜ ਦੀ ਅਗਵਾਈ ਵਿੱਚ ਮੁੱਖ ਅਫਸਰ ਮੌੜ ਅਤੇ ਸੀ.ਆਈ.ਏ ਸਟਾਫ-1 ਤੇ 2 ਬਠਿੰਡਾ ਦੀਆ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। Murder Case
ਇਹ ਵੀ ਪੜ੍ਹੋ: ਡੇਰਾਬੱਸੀ ਤੋਂ ਲਾਪਤਾ ਪੰਜ ਬੱਚੇ ਮੁੰਬਈ ਤੋਂ ਵਾਪਸ ਲਿਆਂਦੇ, ਮਾਪਿਆਂ ਨੇ ਲਿਆ ਸੁੱਖ ਦਾ ਸਾਹ
ਮੁਲਜ਼ਮਾਂ ਨੇ 7 ਜੁਲਾਈ ਨੂੰ ਸ਼ਾਮ 7 ਵਜੇ ਟਰੱਕ ਯੂਨੀਅਨ ਮੌੜ ਮੰਡੀ ਨੇੜੇ 2 ਨਾਮਲੂਮ ਨੌਜਵਾਨਾਂ ਵੱਲੋਂ ਦਸਤੀ ਹਥਿਆਰਾਂ ਨਾਲ ਜਸਪਾਲ ਸਿੰਘ ਉਰਫ ਅਠੱਨੀ ਪੁੱਤਰ ਬੱਘੜ ਸਿੰਘ ਵਾਸੀ ਮੌੜ ਕਲਾਂ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਥਾਣਾ ਮੌੜ ਵਿਖੇ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ, ਬਲਵੀਰ ਕੌਰ ਪਤਨੀ ਸੁਖਚੰਦ ਸਿੰਘ ਵਾਸੀ ਮੌੜ ਕਲਾ, ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਖਿਲਾਫ਼ ਦਰਜ਼ ਕੀਤਾ ਗਿਆ ਸੀ।
ਐਸਐਸਪੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਵੱਖ-ਵੱਖ ਥਾਈਂ ਰੇਡਾਂ ਕੀਤੀਆ ਜਾ ਰਹੀਆ ਸੀ। ਮੁਲਜ਼ਮਾਂ ’ਚੋਂ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਨੂੰ ਬਠਿੰਡਾ-ਬਰਨਾਲਾ ਹਾਈਵੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਵਾਰਦਾਤ ਸਮੇਂ ਵਰਤੀ ਕਾਰ ਹੋਡਾ ਸਿਟੀ ਜੋ ਕਿ ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਦੀ ਹੈ, ਉਸ ਸਮੇਂ ਉਹ ਮੁਲਜ਼ਮਾਂ ਦੇ ਨਾਲ ਸੀ, ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਇਸ ਤੋਂ ਪਹਿਲਾਂ ਬਲਵੀਰ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ, ਜਿੰਨਾ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਕਤਲ ਦੇ ਬਦਲੇ ਲਈ ਕੀਤਾ ਸੀ ਕਤਲ (Murder Case)
ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਹ ਕਤਲ ਅਮਰਿੰਦਰ ਸਿੰਘ ਉਰਫ ਮੰਜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ । ਉਕਤ ਮੁਲਜ਼ਮਾਂ ਵੱਲੋਂ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਹ 18 ਅਕਤੂਬਰ 2021 ਨੂੰ ਮੰਜੇ ਦੇ ਕਤਲ ਮਾਮਲੇ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ।