ਲੋਕ ਸਭਾ ਹਲਕਾ ਸੰਗਰੂਰ ‘ਚ ਬਣਨ ਲੱਗੇ ਨਵੇਂ ਸਮੀਕਰਨ

Equation, Formed, Sangrur, Lok, Sabha, Constituency

ਮਾਨ ਦੇ ਮੁਕਾਬਲੇ ਕਾਂਗਰਸ, ਅਕਾਲੀ ਦਲ, ਖਹਿਰਾ ਧੜੇ ਦੇ ਉਮੀਦਵਾਰਾਂ ‘ਚ ਹੋਵੇਗੀ ਟੱਕਰ

ਸੰਗਰੂਰ(ਗੁਰਪ੍ਰੀਤ ਸਿੰਘ ) | ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਪੰਜਾਬ ਦੀ ਸਿਆਸਤ ਭਖ਼ਣੀ ਸ਼ੁਰੂ ਹੋ ਗਈ ਹੈ ਇਸ ਵਾਰ ਪੰਜਾਬ ਦੇ ਪ੍ਰਮੁੱਖ ਹਲਕਿਆਂ ਵਿੱਚ ਲੋਕ ਸਭਾ ਹਲਕਾ ਸੰਗਰੂਰ ਦਾ ਮੁਕਾਬਲਾ ਦਿਲਚਸਪ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਰਾਜਨੀਤਿਕ ਸਥਿਤੀ ਬਣੀ ਹੋਈ ਹੈ, ਉਸ ਤੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਮੁਕਾਬਲਾ ਬਹੁਕੋਣੀ ਹੋਵੇਗਾ

ਮਾਨ ਨੇ ਫੰਡ ਵੰਡਣ ਲਈ ਕੀਤੀ ‘ਫੁੱਲ ਸਪੀਡ’

ਆਮ ਆਦਮੀ ਪਾਰਟੀ ਨੇ ਪਹਿਲ ਕਰਦਿਆਂ ਆਪਣੇ ਮੌਜ਼ੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਦੁਬਾਰਾ ਫਿਰ ਸੰਗਰੂਰ ਤੋਂ ਹੀ ਚੋਣ ਲੜਨ ਦਾ ਥਾਪੜਾ ਦਿੱਤਾ ਹੋਇਆ ਹੈ ਭਗਵੰਤ ਮਾਨ ਨੇ ਵੀ ਆਪਣੀਆਂ ਸਿਆਸੀ ਗਤੀਵਿਧੀਆਂ ਦੀ ਰਫ਼ਤਾਰ ਨੂੰ ‘ਫੁੱਲ ਸਪੀਡ’ ‘ਤੇ ਕਰ ਲਿਆ ਹੈ ਅਤੇ ਇਨ੍ਹੀਂ ਦਿਨੀਂ ਉਹ ਹਲਕੇ ਦੇ ਵੋਟਰਾਂ ਵਿੱਚ ਵਿਚਰ ਰਹੇ ਹਨ ਅਤੇ ਜਿਹੜੇ ਪਿੰਡਾਂ ਵਿੱਚ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਗੇੜਾ ਨਹੀਂ ਲੱਗਾ, ਸਪੈਸ਼ਲ ਉਨ੍ਹਾਂ ਪਿੰਡਾਂ ਦੇ ਟੂਰ ਬਣਾਏ ਜਾ ਰਹੇ ਹਨ ਵਿੱਤੀ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਮਾਨ ਵੱਲੋਂ ਪਿੰਡਾਂ ਵਿੱਚ ਧੜਾਧੜ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ ਪਿੰਡਾਂ ਤੋਂ ਤੇਜ਼ੀ ਨਾਲ ਐਸਟੀਮੇਟ ਲਏ ਜਾ ਰਹੇ ਹਨ ਐੱਮਪੀ ਲੈਂਡ ਦੇ ਫੰਡ ਲੈਪਸ ਹੋਣ ਤੋਂ ਪਹਿਲਾਂ-ਪਹਿਲਾਂ ਉਹ ਆਪਣੇ ਕੋਟੇ ਦਾ ਸਾਰਾ ਪੈਸਾ ਪਿੰਡਾਂ ਵਿੱਚ ਵੰਡਣ ਲਈ ਜੀਅ ਤੋੜ ਕੋਸ਼ਿਸ਼ ਕਰ ਰਹੇ ਹਨ ਭਗਵੰਤ ਮਾਨ ਦੀ ਜੇਕਰ ਮੌਜ਼ੂਦਾ ਸਥਿਤੀ ਬਾਰੇ ਕਿਹਾ ਜਾਵੇ ਤਾਂ ਪਿਛਲੀ ਵਾਰ ਨਾਲੋਂ ਹਾਲਾਤ ਵੱਡੇ ਪੱਧਰ ‘ਤੇ ਬਦਲ ਚੁੱਕੇ ਹਨ ਮਾਨ ਨੂੰ ਇਸ ਵਾਰ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਸਦਾ ਇੱਕ ਵੱਡਾ ਕਾਰਨ ਖਹਿਰਾ ਧੜੇ ਦਾ ਵੱਖ ਹੋਣਾ ਵੀ ਹੈ ਇਸ ਤੋਂ ਇਲਾਵਾ ਵੱਡੀ ਗਿਣਤੀ ਪਿੰਡਾਂ ਵਿੱਚ ਭਗਵੰਤ ਮਾਨ ਨੇ ਜਿੱਤਣ ਉਪਰੰਤ ਗੇੜਾ ਵੀ ਨਹੀਂ ਮਾਰਿਆ ਜਿਸ ਕਾਰਨ ਵੋਟਰਾਂ ‘ਚ ਰੋਸ ਵੀ ਹੈ ਇਸ ਤੋਂ ਇਲਾਵਾ ਸ਼ਹਿਰੀ ਹਲਕਿਆਂ ਵਿੱਚ ਕਾਂਗਰਸ ਨੇ ਪਕੜ ਮਜ਼ਬੂਤ ਬਣਾ ਰੱਖੀ ਹੈ

ਕੌਣ ਹੋਵੇਗਾ ਕਾਂਗਰਸ ਦਾ ਉਮੀਦਵਾਰ

ਪਿਛਲੀ ਵਾਰ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਹਲਕਾ ਸੰਗਰੂਰ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਇਸਦਾ ਇੱਕ ਵੱਡਾ ਕਾਰਨ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਹਵਾ ਬਣੀ ਹੋਣ ਦਾ ਰਿਹਾ ਸੀ ਪਰ ਇਸ ਵਾਰ ਬਦਲੀਆਂ ਪ੍ਰਸਥਿਤੀਆਂ ਕਾਰਨ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਕਤਾਰ ਵਿੱਚ ਹਨ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪਿਛਲੇ ਦਿਨੀਂ ਸਪੱਸ਼ਟ ਕੀਤਾ ਸੀ ਕਿ ਉਹ ਚੋਣ ਲੜਨ ਲਈ ਤਿਆਰ ਹਨ ਇਸ ਤੋਂ ਇਲਾਵਾ ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਭਾਵੇਂ ਆਪਣੇ ਇਰਾਦੇ ਜ਼ਾਹਰ ਨਹੀਂ ਕੀਤੇ ਪਰ ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਉਹ ਇਸ ਵਾਰ ਵੀ ਚੋਣ ਮੈਦਾਨ ਵਿੱਚ ਹਨ ਜੇਕਰ ਸਿੰਗਲਾ ਖੁਦ ਨਹੀਂ ਲੜਦੇ ਤਾਂ ਉਨ੍ਹਾਂ ਦੀ ਧਰਮ ਪਤਨੀ ਨੂੰ ਵੀ ਉਹ ਸੰਗਰੂਰ ਤੋਂ ਚੋਣ ਲੜਾ ਸਕਦੇ ਹਨ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੀ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੀ ਹੈ ਅਤੇ ਉਨ੍ਹਾਂ ਦਾ ਨਿਸ਼ਾਨਾ ਵੀ ਹਲਕਾ ਸੰਗਰੂਰ ਦੀ ਉਮੀਦਵਾਰੀ ਹੈ ਇਸ ਤੋਂ ਇਲਾਵਾ ਨੌਜਵਾਨ ਆਗੂ ਜਸਵਿੰਦਰ ਸਿੰਘ ਧੀਮਾਨ ਤੇ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਚੋਣ ਮੈਦਾਨ ਵਿੱਚ ਹਨ

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰੀ ਸ਼ਸ਼ੋਪੰਜ ‘ਚ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸੰਗਰੂਰ ਤੋਂ ਦੋ ਵਾਰ ਸੰਸਦ ਦੀ ਚੋਣ ਲੜੇ ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਤੋਂ ਕਿਨਾਰਾ ਕਰ ਲਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਨੂੰ ਕੋਈ ਉਮੀਦਵਾਰ ਲੱਭ ਨਹੀਂ ਰਿਹਾ ਪਹਿਲਾਂ ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਬੀਬੀ ਹਰਸਿਮਰਤ ਕੌਰ ਬਾਦਲ ਇਸ ਹਲਕੇ ਤੋਂ ਚੋਣ ਲੜ ਸਕਦੇ ਹਨ ਪਰ ਉਨ੍ਹਾਂ ਦਾ ਬਠਿੰਡਾ ਤੋਂ ਲਗਭਗ ਸਪੱਸ਼ਟ ਹੋਣ ਕਾਰਨ ਇਨ੍ਹਾਂ ਕਿਆਸ ਅਰਾਈਆਂ ਨੂੰ ਵਿਰਾਮ ਲੱਗ ਗਿਆ ਸ਼੍ਰੋਮਣੀ ਅਕਾਲੀ ਦੀ ਉਮੀਦਵਾਰੀ ਲਈ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਹਲਕਾ ਦਿੜ੍ਹਬਾ ਦੇ ਵਿਨਰਜੀਤ ਗੋਲਡੀ ਦਾ ਨਾਂਅ ਵੀ ਲਿਆ ਜਾ ਰਿਹਾ ਹੈ

ਕੌਣ ਹੋਵੇਗਾ ਖਹਿਰਾ ਧੜੇ ਦਾ ਆਗੂ

ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਸੰਗਰੂਰ ‘ਚ ਫਿਲਹਾਲ ਕੋਈ ਆਧਾਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਚਿਹਰਾ ਨਜ਼ਰ ਆ ਰਿਹਾ ਹੈ ਖਹਿਰਾ ਵੱਲੋਂ ਭਗਵੰਤ ਮਾਨ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਇਹ ਸੰਭਾਵਨਾ ਹੈ ਕਿ ਖਹਿਰਾ ਹੀ ਇਸ ਹਲਕੇ ਤੋਂ ਚੋਣ ਲੜ ਸਕਦੇ ਹਨ ਜੇਕਰ ਖਹਿਰਾ ਮਾਨ ਦੇ ਵਿਰੁੱਧ ਮੈਦਾਨ ਵਿੱਚ ਨਿੱਤਰਦੇ ਹਨ ਤਾਂ ਹਲਕਾ ਸੰਗਰੂਰ ‘ਤੇ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਹੋਣਗੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ