(ਸੁਖਜੀਤ ਮਾਨ) ਬਠਿੰਡਾ। ਸਥਾਨਕ ਬੱਸ ਅੱਡੇ ਅੱਗੇ ਕੱਲ੍ਹ ਸ਼ਾਮ ਇੱਕ ਮਹਿਲਾ ਨੂੰ ਗੋਲੀਆਂ ਮਾਰ ਕੇ ਕਤਲ (Murder) ਕਰਨ ਦੇ ਮਾਮਲੇ ਦੀ ਗੁੱਥੀ ਬਠਿੰਡਾ ਪੁਲਿਸ ਨੇ ਸੁਲਝਾ ਲਈ ਹੈ ਕਥਿਤ ਕਾਤਲ ਨੂੰ ਵੀ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ, ਜੋ ਮਿ੍ਰਤਕ ਮਹਿਲਾ ਦਾ ਭਾਣਜਾ ਹੀ ਨਿਕਲਿਆ ਪੁਲਿਸ ਨੇ ਵਾਰਦਾਤ ਦੌਰਾਨ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ।
ਵੇਰਵਿਆਂ ਮੁਤਾਬਿਕ ਮਿ੍ਰਤਕ ਔਰਤ ਮੁਲਜ਼ਮ ਦੀ ਮਾਮੀ ਸੀ ਅਤੇ ਕਾਫੀ ਸਮੇਂ ਤੋਂ ਉਹ ਦੋਵੇਂ ਕੋਰਟ ਮੈਰਿਜ ਕਰਵਾ ਕੇ ਇਕੱਠੇ ਰਹਿ ਰਹੇ ਸਨ ਮੁਲਜ਼ਮ ਹੁਣ ਆਪਣੀ ਮਾਮੀ ਨਾਲੋਂ ਤੋੜ ਵਿਛੋੜਾ ਚਾਹੁੰਦਾ ਸੀ। ਮੁਲਜ਼ਮ ਦੀ ਪਛਾਣ ਸੁਖਪਾਲ ਸਿੰਘ ਵਾਸੀ ਪਿੰਡ ਬੱਲੂਆਣਾ ਵਜੋਂ ਹੋਈ ਹੈ। ਮਿ੍ਰਤਕਾ ਨੇ ਮੁਲਜ਼ਮ ਵਿਰੁੱਧ ਜਬਰ ਜਿਨਾਹ ਦੇ ਦੋਸ਼ਾਂ ਤਹਿਤ ਪੁਲਿਸ ਕੇਸ ਵੀ ਦਰਜ ਕਰਵਾਇਆ ਸੀ ਪਰ ਮਗਰੋਂ ਆਪਸੀ ਸਹਿਮਤੀ ਨਾਲ ਇਕੱਠੇ ਰਹਿਣ ਲੱਗ ਪਏ ਸਨ ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ 32 ਬੋਰ ਦਾ ਰਿਵਾਲਵਰ ਅਤੇ ਮੋਟਰਸਾਇਕਲ ਬਰਾਮਦ ਕੀਤਾ ਹੈ ਅਤੇ ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਆਈਜੀ ਐਸਪੀਐਸ ਪਰਮਾਰ ਨੇ ਅੱਜ ਇੱਥੇ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਯੋਬਨਦੀਪ ਸਿੰਘ ਵਾਸੀ ਬਠਿੰਡਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਲੰਘੀ ਸ਼ਾਮ ਉਹ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਬਠਿੰਡਾ ਕਚਹਿਰੀਆਂ ਦੇ ਕੋਲ ਬੈਠਾ ਸੀ। ਇਸ ਦੌਰਾਨ ਉਸ ਦੀ ਭੂਆ ਦਾ ਲੜਕਾ ਸੁਖਪਾਲ ਸਿੰਘ ਅਣਪਛਾਤੇ ਨੌਜਵਾਨਾਂ ਨਾਲ ਆਇਆ ਅਤੇ ਉਸ ਦੀ ਮਾਂ ਨੂੰ ਗੋਲੀਆਂ ਮਾਰ ਕੇ ਭੱਜ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ 2019 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ ਉਸ ਦੀ ਮਾਤਾ ਅਤੇ ਸੁਖਪਾਲ ਸਿੰਘ ਆਪਸੀ ਸਹਿਮਤੀ ਨਾਲ ਇਕੱਠੇ ਰਹਿਣ ਲੱਗ ਪਏ।
ਕੁਝ ਸਮੇਂ ਤੋਂ ਮੁਲਜ਼ਮ ਉਸ ਦੀ ਮਾਤਾ ਤੋਂ ਵੱਖ ਹੋਣਾ ਚਾਹੁੰਦਾ ਸੀ, ਜਿਸ ਕਾਰਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋਇਆ ਸੀ। ਲੜਕੇ ਨੇ ਦੱਸਿਆ ਕਿ ਇਸੇ ਰੰਜਿਸ਼ ਤਹਿਤ ਸੁਖਪਾਲ ਨੇ ਉਸ ਦੀ ਮਾਤਾ ਦਾ ਕਤਲ ਕਰ ਦਿੱਤਾ। ਆਈਜੀ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਪੁਲੀਸ ਵੱਲੋਂ ਲੱਗੇ ਨਾਕੇ ’ਤੇ ਮੁਕਤਸਰ-ਮਲੋਟ ਰੋਡ ਤੋਂ ਰਿੰਗ ਰੋਡ ਦੇ ਕੋਲ ਬਣੇ ਟੀ-ਪੁਆਇੰਟ ਤੋਂ ਉਸ ਨੂੰ ਗਿ੍ਰਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾਵੇਗੀ। ਮੁਲਜ਼ਮ ਸੁਖਪਾਲ ਸਿੰਘ ਖਿਲਾਫ਼ ਵੱਖ-ਵੱਖ ਅਪਰਾਧਾਂ ਤਹਿਤ ਕਈ ਥਾਣਿਆਂ ਵਿੱਚ ਪਹਿਲਾਂ ਵੀ 13 ਪੁਲਿਸ ਕੇਸ ਦਰਜ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ