ਗੁੰਮ ਹੁੰਦੇ ਜਾ ਰਹੇ ਮਨੁੱਖੀ ਰਿਸ਼ਤਿਆਂ ਨੂੰ ਬਚਾਉਣ ਦੀ ਲੋੜ

ਗੁੰਮ ਹੁੰਦੇ ਜਾ ਰਹੇ ਮਨੁੱਖੀ ਰਿਸ਼ਤਿਆਂ ਨੂੰ ਬਚਾਉਣ ਦੀ ਲੋੜ

ਅੱਜ ਦਾ ਮਨੁੱਖ ਇੱਕ ਐਸੀ ਜਗ੍ਹਾ ਖੜ੍ਹਾ ਹੈ, ਜਿੱਥੇ ਉਹਨੂੰ ਇੱਕ ਅਜਿਹੇ ਸਾਥੀ ਦੀ ਹਮੇਸ਼ਾ ਭਾਲ ਰਹਿੰਦੀ ਹੈ ਜਿਸ ਨਾਲ ਉਸਦੀ ਭਾਵਨਾਤਮਿਕ ਸਾਂਝ ਹੋਵੇ, ਜੋ ਉਸਦੇ ਵਿਚਾਰਾਂ ਜਾਂ ਭਾਵਨਾਵਾਂ ਨੂੰ ਆਪਣੇ ਹੀ ਵਿਚਾਰ ਜਾਂ ਭਾਵਨਾਵਾਂ ਸਮਝੇ ਅਤੇ ਹਰ ਔਖੇ-ਸੌਖੇ ਸਮੇਂ ਵਿੱਚ ਉਸਦਾ ਸਾਥ ਉਸਦੀ ਆਤਮਾ ਤੱਕ ਨਾਲ ਬਰਕਰਾਰ ਰਹੇ।

ਪਰ ਇਹ ਗੱਲ ਸਿਰਫ ਦੂਜਿਆਂ ’ਤੇ ਹੀ ਲਾਗੂ ਕਰਨਾ ਜਾਇਜ ਨਹੀਂ ਸਗੋਂ ਅਸੀਂ ਖੁਦ ਵੀ ਉਹਨਾਂ ਇਨਸਾਨਾਂ ਵਿੱਚ ਹੀ ਸ਼ਾਮਲ ਹੋਣੇ ਚਾਹੀਦੇ ਹਾਂ, ਜਿਸ ਦੀ ਅਸੀਂ ਆਸ ਜਾਂ ਕਲਪਨਾ ਕਰਦੇ ਹਾਂ। ਸਾਨੂੰ ਵੀ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦਾ ਵੱਲ ਆਉਣਾ ਚਾਹੀਦਾ ਹੈ।
ਉਹਨਾਂ ਇਨਸਾਨਾਂ ਵਿੱਚ ਨਹੀਂ ਸ਼ਾਮਲ ਹੋਣਾ ਚਾਹੀਦਾ ਜੋ ਆਪ ਤਾਂ ਮੱਦਦ ਲਈ ਸਾਹਮਣੇ ਨਹੀਂ ਆਉਂਦੇ ਪਰ ਖੁਦ ’ਤੇ ਪਈ ਬਿਪਤਾ ਵਿੱਚ ਆਪਣੇ ਦੁਆਲੇ ਲੋਕਾਂ ਦੀ ਭੀੜ ਦੀ ਆਸ ਰੱਖਣ। ਜੇਕਰ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਜਰੂਰੀ ਹੈ ਕਿ ਪਹਿਲਾਂ ਆਪਣੇ ਅੰਦਰ ਇੱਕ ਵਧੀਆ ਇਨਸਾਨ ਸਿਰਜਿਆ ਜਾਵੇ।

ਸਾਡੇ ਆਲੇ-ਦੁਆਲੇ ਮੌਜੂਦ ਲੋਕਾਂ ਦੀ ਭੀੜ ਨੂੰ ਅਸੀਂ ਰਿਸ਼ਤਿਆਂ ਦੀਆਂ ਗੰਢਾਂ ਵਿੱਚ ਬੰਨ੍ਹ ਤਾਂ ਲੈਂਦੇ ਹਾਂ ਪਰ ਇਹ ਗੰਢਾਂ ਜਲਦੀ ਹੀ ਖੁੱਲ੍ਹ ਜਾਂਦੀਆਂ ਹਨ ਤੇ ਇਹ ਰਿਸ਼ਤੇ ਇਸ ਭੀੜ ਵਿੱਚ ਹੀ ਕਿਤੇ ਗੁੰਮ ਹੋ ਜਾਂਦੇ ਹਨ। ਅਸੀਂ ਰਿਸ਼ਤੇ ਗੰਢ ਤਾਂ ਬਹੁਤ ਲਏ ਪਰ ਇਹਨਾਂ ਨੂੰ ਨਿਭਾਉਣ ਤੋਂ ਹਮੇਸ਼ਾ ਹੀ ਡਰਦੇ ਜਾਂ ਭੱਜਦੇ ਹਾਂ। ਅਸੀਂ ਆਪਣੇ ਰਿਸ਼ਤਿਆਂ ਨੂੰ ਸੰਜੋਅ ਕੇ ਰੱਖਣ ਵਿੱਚ ਵਧੇਰੇ ਨਾਕਾਮ ਹੀ ਰਹੇ ਹਾਂ। ਸਾਡੀ ਹਉਮੈ, ਸਾਡਾ ਹੰਕਾਰ ਹਮੇਸ਼ਾ ਹੀ ਰਿਸ਼ਤਿਆਂ ਨੂੰ ਬਲੀ ਚੜ੍ਹਾਉਣ ਦਾ ਸਥਾਈ ਕਾਰਨ ਰਿਹਾ ਹੈ।

ਅਸੀਂ ਅਕਸਰ ਹੀ ਵੇਖਦੇ-ਸੁਣਦੇ ਹਾਂ ਕਿ ਇੱਕ ਧਨਵਾਨ ਵਿਅਕਤੀ ਗਰੀਬਾਂ ਨਾਲ ਰਿਸ਼ਤੇ ਬਣਾਉਣ ਤੋਂ ਕਿਨਾਰਾ ਕਰਦਾ ਹੈ। ਉਵੇਂ ਹੀ ਉੱਚੀ ਜਾਤ ਦੇ ਲੋਕ ਨੀਵੀਂ ਜਾਤ ਦੇ ਲੋਕਾਂ ਨਾਲ ਕਰਦੇ ਹਨ। ਬੇਸ਼ੱਕ ਹੀ ਅਸੀਂ ਕਾਨੂੰਨ ਦੀ ਨਜ਼ਰ ਵਿੱਚ ਬਰਾਬਰ ਹਾਂ ਪਰ ਇਹ ਸਭ ਕੁੱਝ ਹੁਣ ਵੀ ਸਹਿਣਾ ਪੈ ਰਿਹਾ ਹੈ। ਕੀ ਇਹ ਇਨਸਾਨੀਅਤ ਹੈ? ਇਨਸਾਨੀਅਤ ਦੇ ਤਾਂ ਅਰਥ ਹੀ ਲੋਕਾਂ ਨੇ ਆਪਣੀ ਜਰੂਰਤ ਅਨੁਸਾਰ ਬਦਲ ਲਏ, ਢਾਲ ਲਏ। ਅੱਜ-ਕੱਲ੍ਹ ਧਨ ਹੀ ਰਿਸ਼ਤਾ ਹੈ ਜਦਕਿ ਰਿਸ਼ਤਾ ਹੀ ਸਭ ਤੋਂ ਕੀਮਤੀ ਧਨ ਹੈ।

ਅੱਜ ਦੇ ਸਮੇਂ ਵਿੱਚ ਤਾਂ ਪਰਿਵਾਰ ਵਿੱਚ ਇਕੱਠੇ ਬੈਠਣਾ ਤੇ ਆਪਣੇ ਮਨਾਂ ਦੀਆਂ ਗੁੰਝਲਾਂ ਨੂੰ ਸੁਲਝਾਉਣਾ ਵੀ ਇੱਕ ਬੀਤੇ ਜਮਾਨੇ ਦੀ ਗੱਲ ਬਣ ਚੁੱਕੀ ਹੈ। ਹਰ ਕੋਈ ਆਪਣੀ ਆਜਾਦੀ ਦੀ ਭਾਲ ਵਿੱਚ ਹੈ। ਪਰ ਆਜਾਦੀ ਦੇ ਅਸਲ ਤੇ ਟਿਕਾਊ ਅਰਥ ਜਾਣਨ ਦੀ ਕਿਸੇ ਨੂੰ ਕੋਈ ਇੱਛਾ ਜਾਂ ਜਰੂਰਤ ਹੀ ਨਹੀਂ।ਅੱਜ ਦੀ ਨੌਜਵਾਨ ਪੀੜ੍ਹੀ ਤਾਂ ਪਰਿਵਾਰਿਕ ਮੈਂਬਰਾਂ ਤੋਂ ਦੂਰੀ ਨੂੰ ਹੀ ਆਜਾਦੀ ਦਾ ਨਾਮ ਦਿੰਦੀ ਹੈ। ਟੁੱਟਦੇ ਪਰਿਵਾਰਾਂ ਦੀਆਂ ਗੱਲਾਂ ਆਮ ਹੀ ਵੇਖਣ-ਸੁਣਨ ਨੂੰ ਮਿਲਦੀਆਂ ਹਨ।

ਅੱਜ-ਕੱਲ੍ਹ ਪੈਰ-ਪੈਰ ’ਤੇ ਹੀ ਰਿਸ਼ਤਿਆਂ ਦੇ ਖਾਤਮੇ ਦਾ ਡਰ ਬਣਿਆ ਰਹਿੰਦਾ ਹੈ। ਡਰ ਰਹਿੰਦਾ ਹੈ ਕਿਸੇ ਆਪਣੇ ਦਾ ਦੂਰ ਹੋ ਜਾਣ ਦਾ, ਜੋ ਕਿ ਜਾਇਜ ਵੀ ਹੈ। ਰਿਸ਼ਤੇ ਕੱਚ ਜਿਹੇ ਹੋ ਗਏ ਹਨ ਜੋ ਜ਼ਰਾ ਜਿੰਨੀ ਲਾਪਰਵਾਹੀ ਨਾਲ ਟੁੱਟ ਕੇ ਬਿਖਰ ਜਾਂਦੇ ਹਨ। ਸਿਰਫ ਆਪੇ ਲਈ ਰਿਸ਼ਤਿਆਂ ਨੂੰ ਬਲੀ ਚਾੜ੍ਹ ਦੇਣਾ ਇਸ ਸਮਾਜ ਲਈ ਕੋਈ ਸਾਰਥਿਕ ਸੇਧ ਨਹੀਂ ਹੈ। ਜੋ ਆਪਣਾਪਣ ਲੋਕਾਂ ਵਿੱਚ ਪਹਿਲਾਂ ਸੀ ਉਹ ਤਾਂ ਹੁਣ ਸਤਰੰਗੀ ਚਿੜੀ ਵਾਂਗੂੰ ਅਲੋਪ ਹੋ ਗਿਆ ਜਾਂ ਫਿਰ ਕਿਹਾ ਜਾ ਸਕਦਾ ਹੈ ਕਿ ਆਜ਼ਾਦੀ ਦੇ ਦਿੱਤੇ ਖੰਭਾਂ ਨੇ ਆਪਣੇਪਣ ਨੂੰ ਹੀ ਖੰਭ ਲਾ ਕੇ ਉਡਾ ਦਿੱਤਾ।

ਹੁਣ ਤਾਂ ਵਿਦੇਸ਼ਾਂ ਦੇ ਨਸ਼ੇ ਨੇ ਵੀ ਰਿਸ਼ਤਿਆਂ ਵਿੱਚ ਫਿੱਕ ਪਾਉਣ ਵਿੱਚ ਪੂਰਾ ਯੋਗਦਾਨ ਦਿੱਤਾ ਹੈ। ਜਦੋਂ ਕੋਈ ਵਿਦੇਸ਼ ਜਾ ਕੇ ਆਪਣੇ ਇੱਧਰ ਵਾਲੇ ਨੂੰ ਕੋਈ ਪੈਸੇ ਜਾਂ ਗਿਫਟ ਭੇਜਦਾ ਹੈ ਤਾਂ ਉਹ ਇਸ ਵਿਦੇਸ਼ੀ ਪੈਸੇ ਦੇ ਖੁਮਾਰ ਵਿੱਚ ਇੰਨੇ ਅੰਨੇ੍ਹ ਹੋ ਜਾਂਦੇ ਹਨ ਕਿ ਆਪਣੇ ਸਕਿਆਂ ਨੂੰ ਹੀ ਸ਼ਰੀਕ ਬਣਾ ਦਿੰਦੇ ਹਨ। ਇਸ ਵਿਦੇਸ਼ੀ ਪੈਸੇ ਦੇ ਨਸ਼ੇ ਨਾਲ ਪੈਦਾ ਹੋਏ ਹੰਕਾਰ ਵਿੱਚ ਉਹ ਆਪਣੇ ਕਰੀਬੀ ਸਬੰਧੀਆਂ ਤੋਂ ਵੀ ਮੁੱਖ ਮੋੜ ਲੈਂਦੇ ਹਨ, ਬਿਨਾਂ ਇਹ ਸੋਚਿਆਂ ਕਿ ਆਖਿਰ ਤਾਂ ਕੰਮ ਇਨਸਾਨ ਨੇ ਹੀ ਆਉਣਾ ਹੈ, ਧਨ ਨੇ ਨਹੀਂ। ਇਹ ਸਭ ਮੈਂ ਬਹੁਤ ਕਰੀਬ ਤੋਂ ਵੇਖਿਆ ਹੈ। ਇਸ ਬੋਝ ਨੂੰ ਮਨ ਉੱਪਰ ਹੰਢਾਇਆ ਵੀ ਹੈ ਤੇ ਹੁਣ ਬੋਝ ਨੂੰ ਹਲਕਾ ਕਰਨ ਲਈ ਪੰਨਿਆਂ ਉੱਪਰ ਵੀ ਉਤਾਰ ਰਹੀ ਹਾਂ। ਕਿਸੇ ਨੂੰ ਬਿਨਾਂ ਕਸੂਰ ਤੋਂ ਸਜਾ ਦੇਣਾ ਵੀ ਆਪਣੇ-ਆਪ ਵਿੱਚ ਇੱਕ ਗੁਨਾਹ ਹੈ।

ਅੱਜ ਦੇ ਇਸ ਦੌਰ ਵਿੱਚ ਸਿਰਫ ਅਲੋਪ ਹੋ ਰਹੀਆਂ ਜੀਵ-ਜੰਤੂਆਂ ਜਾਂ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਹੀ ਬਚਾਉਣ ਦੀ ਲੋੜ ਨਹੀਂ ਸਗੋਂ ਖਤਮ ਹੁੰਦੇ ਜਾ ਰਹੇ ਮਨੁੱਖੀ ਰਿਸ਼ਤਿਆਂ ਨੂੰ ਵੀ ਬਚਾਉਣ ਦੀ ਅਹਿਮ ਜਰੂਰਤ ਹੈ। ਇਹ ਸਿਰਫ ਆਪਣੇ ਹੱਕਾਂ ਲਈ ਹੀ ਖੜ੍ਹੇ ਹੋਣ ਦਾ ਵੇਲਾ ਨਹੀਂ ਸਗੋਂ ਟੁੱਟ ਕੇ ਬਿਖਰ ਰਹੇ ਰਿਸ਼ਤਿਆਂ ਲਈ ਖੜ੍ਹਨ ਤੇ ਉਹਨਾਂ ਨੂੰ ਸਮੇਟਣ ਦਾ ਵੇਲਾ ਵੀ ਹੈ। ਲੜਾਈਆਂ-ਝਗੜੇ ਤਾਂ ਹਰ ਘਰ-ਪਰਿਵਾਰ ਵਿੱਚ ਹੀ ਹੁੰਦੇ ਹਨ ਪਰ ਇਹ ਉਦੋਂ ਤੱਕ ਖਤਰਨਾਕ ਨਹੀਂ ਹੁੰਦੇ ਜਦੋਂ ਤੱਕ ਅਸੀਂ ਇਸ ਝਗੜੇ ਬਾਅਦ ਦੁੱਗਣੀ ਨੇੜਤਾ ਪ੍ਰਾਪਤ ਕਰਦੇ ਹਾਂ ਪਰ ਉਦੋਂ ਇਹ ਬਹੁਤ ਖਤਰਨਾਕ ਸਿੱਧ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਦਾ ਹੀ ਮੂੰਹ ਵੇਖਣਾ ਪਸੰਦ ਨਾ ਕਰੀਏ ਜਿਹਨਾਂ ਤੋਂ ਅਸੀਂ ਜਾਨਾਂ ਵਾਰਦੇ ਸਾਂ।

ਰਿਸ਼ਤਿਆਂ ਨੂੰ ਨਿਭਾਓ, ਹੰਢਾਓ, ਹੰਢਣਸਾਰ ਬਣਾਓ, ਜੀਓ ਨਾ ਕਿ ਸਿਰਫ ਗੁਜ਼ਾਰੇ ਜੋਗੇ ਬਣਾਓ। ਇਹ ਜਿੰਦਗੀ ਦਾ ਉਹ ਕੀਮਤੀ ਖਜ਼ਾਨਾ ਹੈ, ਜੋ ਹਰ ਸਮੇਂ ਜਿਉਂ ਦਾ ਤਿਉਂ ਭਰਿਆ ਰਹਿੰਦਾ ਹੈ। ਗਿਲੇ-ਸ਼ਿਕਵੇ ਭੁਲਾ ਕੇ ਇੱਕ-ਦੂਜੇ ਦੇ ਗਲ ਲੱਗਣ ਤੋਂ ਵੱਧ ਸਕੂਨ ਕਿਤੇ ਨਹੀਂ ਹੈ ਤੇ ਸ਼ਾਲਾ! ਇਹ ਸਕੂਨ ਸਭਨਾਂ ਦੇ ਹਿੱਸੇ ਆਵੇ। ਸਾਰਿਆਂ ਦੇ ਚਿਹਰੇ ਖਿੜੇ ਰਹਿਣ ਤੇ ਦਿਲ ਰਿਸ਼ਤਿਆਂ ਦੀ ਖੁਸ਼ਬੂ ਨਾਲ ਹਮੇਸ਼ਾ ਮਹਿਕਦੇ ਰਹਿਣ!
ਮੋ. 98768-71849
ਅਮਨਦੀਪ ਕੌਰ ‘ਕਲਵਾਨੂੰ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ