ਧੀਆਂ ਦੀ ਲੋਹੜੀ ਦੇ ਰਿਵਾਜ਼ ਨੂੰ ਅਸਲੀ ਮਕਸਦ ਤੱਕ ਪਹੁੰਚਾਉਣ ਦੀ ਜ਼ਰੂਰਤ!

ਧੀਆਂ ਦੀ ਲੋਹੜੀ ਦੇ ਰਿਵਾਜ਼ ਨੂੰ ਅਸਲੀ ਮਕਸਦ ਤੱਕ ਪਹੁੰਚਾਉਣ ਦੀ ਜ਼ਰੂਰਤ!

ਨਵੇਂ ਵਰ੍ਹੇ ਦੇ ਪਲੇਠੇ ਤਿਉਹਾਰ ਲੋਹੜੀ ਦੀਆਂ ਚਾਰ-ਚੁਫ਼ੇਰੇ ਰੌਣਕਾਂ ਹਨ। ਬਾਜ਼ਾਰਾਂ ਵਿੱਚ ਮੂੰਗਫਲੀਆਂ, ਰਿਉੜੀਆਂ ਤੇ ਗੱਚਕਾਂ ਦੀ ਭਰਮਾਰ ਹੈ। ਮਾਘ ਮਹੀਨੇ ਦੀ ਸੰਗਰਾਂਦ (ਮਾਘੀ/ਮਕਰ ਸਕਰਾਂਤੀ) ਤੋਂ ਪਹਿਲੀ ਰਾਤ ਮਨਾਏ ਜਾਣ ਵਾਲੇ ਇਸ ਤਿਉਹਾਰ ਦੀਆਂ ਤਿਆਰੀਆਂ ਤਕਰੀਬਨ ਪੰਦਰਾਂ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਗਰੀਬ ਲੋਕ ਖੁਸ਼ੀਆਂ ਦੇ ਗੀਤ ਗਾਉਂਦਿਆਂ ਘਰਾਂ ਵਿੱਚੋਂ ਲੋਹੜੀ ਮੰਗਦੇ ਹਨ। ਬੱਚੇ ਦੇ ਜਨਮ ਅਤੇ ਵਿਆਹ ਦੀ ਖੁਸ਼ੀ ਵਾਲੇ ਘਰਾਂ ਵਿੱਚ ਲੋਹੜੀ ਦੇ ਵਿਸ਼ੇਸ਼ ਜਸ਼ਨ ਕੀਤੇ ਜਾਂਦੇ ਹਨ। ਇਨ੍ਹਾਂ ਘਰਾਂ ਵੱਲੋਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਰਿਸ਼ਤੇਦਾਰਾਂ, ਗੁਆਂਢੀਆਂ ਤੇ ਦੋਸਤਾਂ-ਮਿੱਤਰਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਜਾਂਦਾ ਹੈ। ਇਨ੍ਹਾਂ ਘਰਾਂ ਵਿੱਚ ਲੋਹੜੀ ਦੀ ਰਾਤ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ।

ਅਜੋਕੇ ਸਮੇਂ ’ਚ ਕਈ ਲੋਕਾਂ ਵੱਲੋਂ ਇਹ ਤਿਉਹਾਰ ਵਿਆਹਾਂ ਵਾਂਗ ਪੈਲੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ ਲੋਹੜੀ ਵਾਲੇ ਦਿਨ ਬੱਚੇ ਲੋਹੜੀ ਦੇ ਗੀਤ ‘ਦੇ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ, ਹਾਥੀ ਨੇ ਮਾਰੀ ਟੱਕਰ, ਤੇਰੇ ਪੁੱਤ ਦੀ ਡੁੱਲਗੀ ਸ਼ੱਕਰ’ ਤੇ ‘ਦੇ ਮਾਈ ਲੋਹੜੀ, ਤੇਰਾ ਪੁੱਤ ਚੜੂਗਾ ਘੋੜੀ’ ਆਦਿ ਗਾਉਂਦਆਂ ਘਰਾਂ ਵਿੱਚੋਂ ਲੋਹੜੀ ਮੰਗਣ ਜਾਂਦੇ ਹਨ। ਇਸ ਦੌਰਾਨ ਉਹ ਜਿੱਥੇ ਰਾਤ ਨੂੰ ਬਾਲਣ ਲਈ ਲੱਕੜਾਂ ਤੇ ਪਾਥੀਆਂ ’ਕੱਠੀਆਂ ਕਰਦੇ ਹਨ, ਉੱਥੇ ਖਾਣ ਲਈ ਗੱਚਕ, ਰਿਉੜੀਆਂ ਤੇ ਮੂੰਗਫਲੀਆਂ ਵੀ ਇਕੱਤਰ ਕਰਦੇ ਹਨ। ਲੋਹੜੀ ਵਾਲੀ ਰਾਤ ਸਾਰਿਆਂ ਵੱਲੋਂ ਗਲੀ ਵਿੱਚ ਸਾਂਝੀ ਧੂਣੀ ਬਾਲ਼ ਕੇ ਸੇਕਦਿਆਂ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦਿਆਂ ਤੇ ਗੀਤ-ਗਾਉਂਦਿਆਂ ਲੋਹੜੀ ਮਨਾਈ ਜਾਂਦੀ ਹੈ।
ਲੋਹੜੀ ਦਾ ਪਿਛੋਕੜ ਸਰਦੀ ਦੇ ਮੌਸਮ ਦੀ ਸਮਾਪਤੀ ਨਾਲ ਵੀ ਹੈ।

ਕਹਿਰ ਦੀ ਸਰਦੀ ਦਾ ਮੌਸਮ ਇਨਸਾਨਾਂ, ਪਸ਼ੂ-ਪੰਛੀਆਂ ਤੇ ਫਸਲਾਂ ਲਈ ਖੁਸ਼ਗਵਾਰ ਨਹੀਂ ਹੁੰਦਾ। ਪੋਹ ਮਹੀਨੇੇ ਦੀ ਸਮਾਪਤੀ ਨਾਲ ਹੀ ਠੰਢ ਦੀ ਸਮਾਪਤੀ ਦਾ ਕਿਆਸ ਕੀਤਾ ਜਾਂਦਾ ਹੈ। ਪੋਹ ਮਹੀਨਾ ਸਮਾਪਤ ਹੋਣ ’ਤੇ ਸੂਰਜ ਖਿੜਨਾ ਤੇ ਧੁੱਪਾਂ ਨਿੱਕਲਣੀਆਂ ਸ਼ੁਰੂ ਹੋ ਜਾਦੀਆਂ ਹਨ। ਰਾਤਾਂ ਦੇ ਮੁਕਾਬਲੇ ਦਿਨ ਲੰਮੇ ਹੋਣ ਲੱਗਦੇ ਹਨ। ਫਸਲਾਂ ’ਤੇ ਖੇੜਾ ਆ ਜਾਂਦਾ ਹੈ। ਸਰਦੀ ਕਾਰਨ ਫਸਲਾਂ ਦਾ ਰੁਕਿਆ ਵਿਕਾਸ ਸ਼ੁਰੂ ਹੋ ਜਾਂਦਾ ਹੈ। ਇਸ ਮੌਕੇ ਬਾਲ਼ੀ ਜਾਂਦੀ ਵੱਡੀ ਧੂਣੀ ਨੂੰ ਸਰਦੀ ਦੇ ਸੀਜ਼ਨ ਦੀ ਅਖੀਰਲੀ ਧੂਣੀ ਸਮਝਿਆ ਜਾਂਦਾ ਹੈ। ਧੂਣੀ ਵਿੱਚ ਤਿਲ ਸੁੱਟਦਿਆਂ ‘ਈਸਰ ਆ ਦਲਿੱਦਰ ਜਾ’ ਦਾ ਗਾਇਆ ਜਾਂਦਾ ਗੀਤ ਵੀ ਠੰਢ ਦੀ ਸਮਾਪਤੀ ਦੀਆਂ ਖੁਸ਼ੀਆਂ ਵੱਲ ਇਸ਼ਾਰਾ ਕਰਦਾ ਹੈ।

ਕਿਸੇ ਸਮੇਂ ਮੁੰਡੇ ਦੇ ਜਨਮ ਤੇ ਵਿਆਹ ਵਾਲੇ ਘਰਾਂ ਦੀਆਂ ਖੁਸ਼ੀਆਂ ਤੱਕ ਸੀਮਤ ਇਸ ਤਿਉਹਾਰ ਦਾ ਬਦਲਦੇ ਸਮੇਂ ਅਨੁਸਾਰ ਘੇਰਾ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ ਹੈ। ਮੁੰਡੇ ਤੇ ਕੁੜੀ ਵਿਚਲੇ ਲਿੰਗ ਭੇਦ ਨੂੰ ਖਤਮ ਕਰਨ ਦੀ ਸੋਚ ਰੱਖਦੇ ਅਗਾਂਹਵਧੂ ਲੋਕਾਂ ਨੇ ਲੜਕੀ ਦੇ ਜਨਮ ਦੀਆਂ ਖੁਸ਼ੀਆਂ ਨੂੰ ਵੀ ਲੋਹੜੀ ਦੀਆਂ ਖੁਸ਼ੀਆਂ ਵਿੱਚ ਸ਼ੁਮਾਰ ਕਰ ਲਿਆ ਹੈ। ਪਿਛਲੇ ਕਈ ਵਰਿ੍ਹਆਂ ਤੋਂ ਲੜਕੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਕਾਫੀ ਪ੍ਰਚਲਿਤ ਹੋਇਆ ਹੈ। ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਆਪਣੇ-ਆਪ ਵਿੱਚ ਹੀ ਸਮਾਜ ਦੀ ਅਗਾਂਹਵਧੂ ਸੋਚ ਦਾ ਪ੍ਰਮਾਣ ਹੈ।

ਲੜਕੀਆਂ ਦੀ ਲੋਹੜੀ ਮਨਾਉਣ ਦਾ ਸ਼ੁਰੂ ਹੋਇਆ ਰਿਵਾਜ਼ ਵਾਕਿਆ ਹੀ ਔਰਤ ਜਾਤੀ ਦੇ ਗੌਰਵ ਵਿੱਚ ਇਜ਼ਾਫਾ ਕਰਦਾ ਹੈ। ਲੜਕੀਆਂ ਦੇ ਮਨਾਂ ਵਿੱਚ ਆਤਮ-ਵਿਸ਼ਵਾਸ ਜਗਾਉਣ ਦਾ ਇਹ ਸਭ ਤੋਂ ਕਾਰਗਰ ਤਰੀਕਾ ਹੈ। ਕਿਸੇ ਸਮੇਂ ਟਾਵੇਂ-ਟੱਲੇ ਪਰਿਵਾਰਾਂ ਜਾਂ ਸੰਸਥਾਵਾਂ ਤੋਂ ਲੜਕੀਆਂ ਦੀ ਲੋਹੜੀ ਮਨਾਉਣ ਦਾ ਸ਼ੁਰੂ ਹੋਇਆ ਰਿਵਾਜ਼ ਅੱਜ-ਕੱਲ੍ਹ ਬਹੁਤ ਵਿਸ਼ਾਲਤਾ ਨੂੰ ਪੁੱਜ ਗਿਆ ਹੈ। ਸੰਸਥਾਵਾਂ, ਕਲੱਬਾਂ ਅਤੇ ਸਰਕਾਰ ਵੱਲੋਂ ਧੀਆਂ ਦੀ ਲੋਹੜੀ ਵੱਡੇ ਪੱਧਰ ’ਤੇ ਮਨਾਈ ਜਾਣ ਲੱਗੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਇਹ ਰਿਵਾਜ਼ ਲੋਕਾਂ ਦੀ ਔਰਤ ਪ੍ਰਤੀ ਸੋਚ ਨੂੰ ਬਦਲਣ ਵਿੱਚ ਕਿੰਨਾ ਕੁ ਕਾਰਗਰ ਸਿੱਧ ਹੋ ਰਿਹਾ ਹੈ? ਕੀ ਸੱਚਮੁੱਚ ਹੀ ਲੋਕ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਣ ਵਾਲੀ ਸੋਚ ਦੇ ਧਾਰਨੀ ਹੋ ਗਏ ਹਨ?

ਕੀ ਸਮਾਜ ਧੀਆਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਦੇਣ ਦੇ ਯੋਗ ਬਣ ਗਿਆ ਹੈ? ਕੀ ਧੀਆਂ ਸੱਚਮੁੱਚ ਹੀ ਸੁਰੱਖਿਅਤ ਹੋ ਗਈਆਂ ਹਨ? ਅਤੇ ਜਾਂ ਫਿਰ ਕੀ ਮਾਦਾ ਭਰੂਣ ਹੱਤਿਆ ਦੇ ਖਾਤਮੇ ਦਾ ਕਿਆਸ ਕੀਤਾ ਜਾ ਸਕਦਾ ਹੈ? ਕਿਉਂ ਅੱਜ ਵੀ ਲੋਕ ਪਹਿਲੀ ਔਲਾਦ ਮੁੰਡਾ ਹੀ ਹੋਣ ਦੀਆਂ ਦੁਆਵਾਂ ਕਰਦੇ ਹਨ? ਕਿਉਂ ਲੋਕ ਲੜਕੇ ਦੇ ਜਨਮ ਦੀ ਉਡੀਕ ਵਿੱਚ ਪਰਿਵਾਰ ਵੱਡੇ ਕਰੀ ਜਾ ਰਹੇ ਹਨ? ਕਿਉਂ ਹਾਲੇ ਵੀ ਵੰਸ਼ ਪੁੱਤਾਂ ਨਾਲ ਚੱਲਦਾ ਹੈ? ਕਿਉਂ ਅੱਜ ਵੀ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ? ਕਿਉਂ ਧੀਆਂ ਲਈ ਸਥਾਨਕ ਪੱਧਰ ਦੀ ਸਿੱਖਿਆ ਪ੍ਰਾਪਤੀ ਤੋਂ ਬਾਅਦ ਉੱਚੇਰੀ ਸਿੱਖਿਆ ਦੇ ਰਸਤੇ ਬੰਦ ਹੋ ਜਾਂਦੇ ਹਨ? ਕਿਉਂ ਅੱਜ ਵੀ ਲੜਕਿਆਂ ਨੂੰ ਸਮਝਾਉਣ ਦੀ ਬਜਾਏ ਧੀਆਂ ਨੂੰ ਹੀ ਪਹਿਨਣ, ਬੋਲਣ-ਚੱਲਣ ਤੇ ਵਿਹਾਰ ਦੇ ਤਰੀਕਿਆਂ ਦੀਆਂ ਮੱਤਾਂ ਦਿੱਤੀਆਂ ਜਾ ਰਹੀਆਂ ਹਨ?

ਉਪਰੋਕਤ ਸਵਾਲਾਂ ਦੀ ਕਚਹਿਰੀ ਵਿੱਚ ਖੜ੍ਹਾ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਆਪਣੇ-ਆਪ ਵਿੱਚ ਬੌਣਾ ਜਿਹਾ ਜਾਪਦਾ ਹੈ। ਲੱਗਦਾ ਹੈ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਮਹਿਜ਼ ਇੱਕ ਨਵੀਂ ਪਿਰਤ ਤੋਂ ਅਗਾਂਹ ਕੁੱਝ ਵੀ ਨਹੀਂ। ਕਿਉਂਕਿ ਧੀਆਂ ਤਾਂ ਅੱਜ ਵੀ ਪਹਿਲਾਂ ਵਾਂਗ ਹੀ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਧੀਆਂ ਤਾਂ ਅੱਜ ਵੀ ਪਹਿਲਾਂ ਵਾਂਗ ਹੀ ਕੁੱਖ ਵਿੱਚ ਕਤਲ ਹੋ ਰਹੀਆਂ ਹਨ। ਧੀਆਂ ਤਾਂ ਅੱਜ ਵੀ ਮਰਦ ਪ੍ਰਧਾਨ ਸਮਾਜ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹਨ। ਧੀਆਂ ਦੀ ਤਾਂ ਅੱਜ ਵੀ ਪੁਰਸ਼ ਤੋਂ ਬਿਨਾਂ ਕੋਈ ਹੋਂਦ ਨਹੀਂ। ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚਲਿਤ ਹੋ ਰਹੇ ਰਿਵਾਜ਼ ਨੂੰ ਅਸਲੀ ਮਾਅਨਿਆਂ ਤੱਕ ਪਹੁੰਚਾਉਣ ਲਈ ਸੋਚ ਦੀ ਤਬਦੀਲੀ ਜ਼ਰੂਰੀ ਹੈ। ਮਹਿਜ਼ ਲੋਹੜੀ ਮਨਾ ਲੈਣ ਨਾਲ ਧੀਆਂ ਦਾ ਕੁੱਝ ਸੰਵਰਨ ਵਾਲਾ ਨਹੀਂ।

ਇਸ ਰਿਵਾਜ਼ ਨੂੰ ਅਸਲ ਮਕਸਦ ਤੱਕ ਪਹੁੰਚਾਉਣ ਲਈ ਧੀਆਂ ਨੂੰ ਧੁਰ ਅੰਦਰੋਂ ਪੁੱਤਾਂ ਦੇ ਬਰਾਬਰ ਰੁਤਬਾ ਦੇਣਾ ਪਵੇਗਾ ਜੋ ਅਜੇ ਤੱਕ ਹਕੀਕਤ ਵਿੱਚ ਨਹੀਂ ਦਿੱਤਾ ਜਾ ਸਕਿਆ। ਧੀਆਂ ਲਈ ਸੁਰੱਖਿਅਤ ਵਾਤਾਵਰਨ ਸਿਰਜਣਾ ਹੋਵੇਗਾ ਤਾਂ ਕਿ ਧੀਆਂ ਨੂੰ ਇਕੱਲਿਆਂ ਚੱਲਦਿਆਂ ਜਾਂ ਰਹਿੰਦਿਆਂ ਕੋਈ ਖਤਰਾ ਨਾ ਰਹੇ। ਅਸਲ ਵਿੱਚ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਉਸ ਦਿਨ ਆਪਣੇ ਅਸਲੀ ਮਕਸਦ ਨੂੰ ਪਹੁੰਚਿਆ ਸਮਝਿਆ ਜਾਵੇਗਾ ਜਿਸ ਦਿਨ ਸਾਡਾ ਸਮਾਜ ਧੀਆਂ ਜਾਂ ਪੁੱਤਾਂ ਦੀ ਲੋਹੜੀ ਮਨਾਉਣੀ ਬੰਦ ਕਰਕੇ ‘ਬੱਚਿਆਂ ਦੀ ਲੋਹੜੀ’ ਮਨਾਉਣੀ ਸ਼ੁਰੂ ਕਰੇਗਾ ਕਿਉਂਕਿ ‘ਧੀਆਂ ਦੀ ਲੋਹੜੀ’ ਸ਼ਬਦ ਤਾਂ ਆਪਣੇ-ਆਪ ਵਿੱਚ ਹੀ ‘ਲੜਕੇ’ ਤੇ ‘ਲੜਕੀ’ ਵਿਚਲੇ ਭੇਦਭਾਵ ਦਾ ਪ੍ਰਤੀਕ ਹੈ।
ਸ਼ਕਤੀ ਨਗਰ,ਬਰਨਾਲਾ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.