ਚੰਡੀਗੜ੍ਹ (ਏਜੰਸੀ)। ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣੀ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ 10 ਅਗਸਤ ਨੂੰ ਸਿਨਮਾ ਘਰਾਂ ਦਾ ਸ਼ਿੰਗਾਰ ਬਣੇਗੀ। ਦਸ ਦਈਏ ਕਿ ਉਹੀ ਮਿੰਟੂ ਗੁਰੂਸੁਰੀਆ ਹੈ ਜਿਹੜਾ ਕਦੇ ਨਸ਼ੇ ‘ਚ ਗਲਤਾਨ ਰਹਿੰਦਾ ਸੀ। ਨਸ਼ੇ ਦੀ ਲੋੜ ਨੂੰ ਪੂਰੀ ਕਰਨ ਲਈ ਨਿੱਕੀਆਂ ਮੋਟੀਆਂ ਚੋਰੀ ਕਰਨ ਉਸ ਲਈ ਆਮ ਹੀ ਗੱਲ ਸੀ। ਲੜਾਈ, ਝਗੜੇ ਤੇ ਜੇਲ੍ਹ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਜਾ ਬਣ ਗਏ। ਪਰ ਉਸ ਨੇ ਆਪਣੀ ਇੱਛਾ ਸ਼ਕਤੀ ਦੇ ਸਿਰ ‘ਤੇ ਇਸ ਨਰਕ ‘ਚੋਂ ਬਾਹਰ ਆ ਕੇ ਹੋਰਾਂ ਲਈ ਇਕ ਮਿਸਾਲ ਪੈਦਾ ਕੀਤੀ। ਹੁਣ ਉਹੀ ਮਿੰਟੂ ਪੰਜਾਬੀ ਦਾ ਸਰਗਰਮ ਲੇਖਕ, ਪੱਤਰਕਾਰ ਹੈ।
ਉਸ ਨੇ ਆਪਣੇ ਜੀਵਨੀ ਦੇ ਇਸ ਸਫ਼ਰ ਨੂੰ ‘ਡਾਕੂਆਂ ਦਾ ਮੁੰਡਾ’ ਨਾਂ ਦੀ ਕਿਤਾਬ ‘ਚ ਕਲਮਬੱਧ ਕੀਤਾ ਹੈ। ਫ਼ਿਲਮ ‘ਡਾਕੂਆਂ ਦਾ ਮੁੰਡਾ ਕਿਤਾਬ ‘ਤੇ ਅਧਾਰਿਤ ਹੋਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਮਿੰਟੂ ਦੇ ਇਸ ਸਫ਼ਰ ਤੋਂ ਪੰਜਾਬ ਦੇ ਉਹ ਨੌਜਵਾਨ ਜ਼ਰੂਰ ਸੇਧ ਲੈਣਗੇ, ਜਿਨ੍ਹਾਂ ਦੇ ਹੱਡਾਂ ‘ਚ ਨਸ਼ਾ ਰਚ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਨਰਕ ‘ਚੋਂ ਕਦੇ ਬਾਹਰ ਨਹੀਂ ਆ ਸਕਦੇ। ਬੇਸ਼ੱਕ ਇਹ ਨਿਰੋਲ ਰੂਪ ‘ਚ ਇਕ ਕਮਰਸ਼ੀਅਲ ਫ਼ਿਲਮ ਹੈ, ਪਰ ਪੰਜਾਬ ਦੀ ਜਵਾਨੀ ਨੂੰ ਰਾਹ ‘ਤੇ ਪਾ ਸਕਦੀ ਹੈ।
ਫਿਲਮ ‘ਡਾਕੂਆਂ ਦਾ ਮੁੰਡਾ’ ਮਨਦੀਪ ਬੈਨੀਪਾਲ ਦੁਆਰਾ ਡਾਇਰੈਕਟ ਕੀਤੀ ਫਿਲਮ ਹੈ। ਮਨਦੀਪ ਇਸ ਤੋਂ ਪਹਿਲਾਂ ਸਾਡਾ ਹੱਕ, ਯੋਧਾ ਤੇ ਏਕਮ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਪਹਿਲਾਂ ਆਈਆਂ ਫ਼ਿਲਮਾਂ ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ 2 ਦਾ ਨਿਰਮਾਣ ਕਰ ਚੁਕੇ ‘ਡ੍ਰੀਮ ਰਿਆਲਟੀ’ ਦੀ ਟੀਮ ਵੱਲੋਂ ਹੀ ਇਸ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ। ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਨੂੰ ਕਾਫ਼ੀ ਸੌਖ ਵੀ ਹੁੰਦੀ ਹੈ ਤੇ ਫ਼ਿਲਮ ਨੂੰ ਯਥਾਰਥ ਪੱਖ ਤੋਂ ਵੀ ਕਾਫ਼ੀ ਸਫ਼ਲਤਾ ਮਿਲਦੀ ਹੈ। ਇਸ ਫ਼ਿਲਮ ‘ਚ ਮਿੰਟੂ ਦੀ ਭੂਮਿਕਾ ‘ਚ ਦੇਵ ਖਰੌੜ ਨਜ਼ਰ ਆਉਣਗੇ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਰੰਗਮੰਚ, ਟੈਲੀਵਿਜ਼ਨ ਤੇ ਸਿਨੇਮਾ ‘ਚ ਸਰਗਰਮ ਹਨ।
ਪਿੱਛੇ ਆਈਆਂ ਫਿਲਮਾਂ ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ – 2 ਨੇ ਦੇਵ ਖਰੌੜ ਨੂੰ ਪੰਜਾਬੀ ਦੇ ਨਾਮੀਂ ਅਦਾਕਾਰਾਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ। ਫਿਲਮ ਦੀ ਫ਼ਸਟ ਲੁੱਕ ਨੇ ਦੇਵ ਵੱਲੋਂ ਮਿੰਟੂ ਦਾ ਕਿਰਦਾਰ ਨਿਭਾਉਣ ਲਈ ਕੀਤੀ ਗਈ ਮਿਹਨਤ ਨੂੰ ਦਰਸਾ ਦਿੱਤਾ ਹੈ। ਇਹ ਸ਼ਾਇਦ ਦੇਵ ਦੇ ਹਿੱਸੇ ਹੀ ਆਇਆ ਹੈ ਕਿ ਉਸ ਨੂੰ ਇਕ ਵਾਰ ਫਿਰ ਤੋਂ ਕਿਸੇ ਬਾਇਓਪਿਕ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਦਾ ਸੁਭਾਗ ਹਾਸਲ ਹੋਇਆ ਹੈ। ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਉਹ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕਰੇਗਾ। ਦੇਵ ਤੋਂ ਇਲਾਵਾ ਫ਼ਿਲਮ ‘ਚ ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ, ਕੁਲਜਿੰਦਰ ਸਿੱਧੂ, ਅਨੀਤਾ ਮੀਤ, ਜੱਗੀ ਖਰੋਡ, ਹਰਦੀਪ ਗਿੱਲ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ।
ਪੰਜਾਬੀ ਇੰਡਸਟਰੀ ‘ਚ ਬਹੁਤ ਘੱਟ ਹੁੰਦਾ ਹੈ ਸਾਨੂੰ ਕਿਸੇ ਦੀ ਜੀਵਨੀ ‘ਤੇ ਬਣੀ ਫਿਲਮ ਦੇਖਣ ਨੂੰ ਮਿਲੇ। ਤੁਹਾਨੂੰ ਇੱਕ ਵਾਰ ਫੇਰ ਦਸ ਦਈਏ ਕਿ ਫਿਲਮ ‘ਡਾਕੂਆਂ ਦਾ ਮੁੰਡਾ’ 10 ਅਗਸਤ ਨੂੰ ਦਸਤਖ਼ਤ ਦੇਵੇਗੀ ਤੇ ਫ਼ਿਲਮ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ‘ਚ ਕਿੰਨੀ ਸਫ਼ਲ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।