ਵਿੱਤ ਮੰਤਰੀ ਦਾ ਦਫ਼ਤਰ ਘੇਰਨ ਜਾਂਦੇ ਆਪ ਵਿਧਾਇਕਾਂ ਦੀ ਪੁਲਿਸ ਨਾਲ ਖਿੱਚਧੂਹ

ਥਰਮਲ ਦੀ ਜ਼ਮੀਨ ਨੂੰ ਸਸਤੇ ਭਾਅ ਲੀਜ਼ ‘ਤੇ ਦੇਣ ਖਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ

ਬਠਿੰਡਾ, (ਸੁਖਜੀਤ ਮਾਨ) ਬਠਿੰਡਾ ਥਰਮਲ ਦੀ ਜ਼ਮੀਨ ਨੂੰ ਕਥਿਤ ਤੌਰ ‘ਤੇ ਕੌਡੀਆਂ ਦੇ ਭਾਅ ਦੇਣ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਥੇ ਸ਼ਹਿਰ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਆਪ ਦੀਆਂ ਦੋ ਮਹਿਲਾ ਵਿਧਾਇਕਾਂ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਅਤੇ ਬਠਿੰਡਾ ਦਿਹਾਤੀ ਤੋਂ ਰੁਪਿੰਦਰ ਕੌਰ ਰੂਬੀ ਸਮੇਤ ਵੱਡੀ ਗਿਣਤੀ ਵਰਕਰ ਇਸ ਰੋਸ ਮਾਰਚ ‘ਚ ਸ਼ਾਮਿਲ ਹੋਏ ਫਾਇਰ ਬ੍ਰਿਗੇਡ ਚੌਂਕ ‘ਚੋਂ ਚੱਲਿਆ ਰੋਸ ਮਾਰਚ ਜਦੋਂ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਸਟੇਡੀਅਮ ਕੋਲ ਮੌਜੂਦ ਵਿੱਤ ਮੰਤਰੀ ਦੇ ਦਫ਼ਤਰ ਨੇੜੇ ਪੁੱਜਣ ਵਾਲਾ ਹੀ ਸੀ ਤਾਂ ਭਾਰੀ ਪੁਲਿਸ ਬਲ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਉੱਥੇ ਹੀ ਰੋਕ ਲਿਆ ਇਸ ਮੌਕੇ ਪ੍ਰਦਰਸ਼ਨਕਾਰੀ ਅੱਗੇ ਵਧਣ ਦੀ ਜਿਦ ਕਰ ਰਹੇ ਸਨ ਜਿੰਨ੍ਹਾਂ ਦੀ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਆਪਸੀ ਖਿੱਚਧੂਹ ਵੀ ਹੋਈ ਪਰ ਪੁਲਿਸ ਨੇ ਅੱਗੇ ਨਹੀਂ ਲੰਘਣ ਦਿੱਤਾ ਅੱਗੇ ਨਾ ਜਾ ਸਕਣ ‘ਤੇ ਪ੍ਰਦਰਸ਼ਨਕਾਰੀਆਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ

ਇਸ ਮੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫ਼ਾਇਦੇ ਲਈ ਮਾਲਵੇ ਦੀ ਸ਼ਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕੀਤਾ, ਹੁਣ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਵਾਅਦੇ ਦੇ ਉਲਟ ਜਾ ਕੇ ਇਸ ਵਿਰਾਸਤੀ ਪ੍ਰੋਜੈਕਟ ਨੂੰ ਢਹਿ ਢੇਰੀ ਕਰਕੇ ਇਸ ਦੀ ਲਗਭਗ 4000 ਕਰੋੜ ਦੀ ਜ਼ਮੀਨ ਮੁਫ਼ਤ ‘ਚ ਲੈਂਡ ਮਾਫ਼ੀਆ ਨੂੰ ਲੁਟਾਉਣ ਦੀ ਤਿਆਰੀ ਕਰ ਲਈ ਹੈ। ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਲ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੈਂਡ ਮਾਫ਼ੀਆ ਦੀ ਪੁਸ਼ਤ ਪਨਾਹੀ ਕਰਨ ‘ਚ ਸੁਖਬੀਰ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਅਤੇ ਅਮਰਿੰਦਰ ਸਿੰਘ ਸਰਕਾਰ ਦੀ ਜੇਕਰ ਨੀਅਤ ਸਾਫ ਹੁੰਦੀ ਤਾਂ ਬਠਿੰਡਾ ਥਰਮਲ ਪਲਾਂਟ ਨੂੰ 2031 ਤੱਕ ਚਾਲੂ ਰੱਖਦੀ ਅਤੇ ਇਸ ਦੇ ਇੱਕ ਯੂਨਿਟ ਨੂੰ ਪਰਾਲੀ ‘ਤੇ ਚਲਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਦੀ ਵਾਧੂ ਆਮਦਨੀ ਦਿੰਦੀ ਅਤੇ ਮਾਲਵਾ ਦੇ ਕਈ ਜ਼ਿਲ੍ਹਿਆਂ ‘ਚ ਪਰਾਲੀ ਦੇ ਸੰਕਟ ਨੂੰ ਪੱਕੇ ਤੌਰ ‘ਤੇ ਦੂਰ ਕਰਦੀ।ਵਿੱਤ ਮੰਤਰੀ ਦੇ ਦਫ਼ਤਰ ਤੋਂ ਥੋੜ੍ਹੀ ਦੂਰੀ ‘ਤੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਦਾ ਇਹ ਧਰਨਾ ਉਦੋਂ ਤੱਕ ਜ਼ਾਰੀ ਰਿਹਾ ਜਿੰਨਾਂ ਸਮਾਂ ਪ੍ਰਸ਼ਾਸ਼ਨਿਕ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਪੁੱਜਾ ਅਖੀਰ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਵੱਲੋਂ ਮੰਗ ਪੱਤਰ ਹਾਸਿਲ ਕਰਨ ਮਗਰੋਂ ਧਰਨਾ ਚੁੱਕ ਦਿੱਤਾ ਗਿਆ

ਇਸ ਮੌਕੇ ਸਥਾਨਕ ਅਤੇ ਸੂਬਾ ਪੱਧਰੀ ਆਗੂਆਂ ‘ਚੋਂ ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ, ਐਡਵੋਕੇਟ ਗੁਰਲਾਲ ਸਿੰਘ, ਮਹਿੰਦਰ ਸਿੰਘ ਫੁਲੋਮਿਠੀ, ਬਲਜਿੰਦਰ ਕੌਰ ਤੁੰਗਵਾਲੀ, ਜਤਿੰਦਰ ਸਿੰਘ ਭੱਲਾ, ਮਾਸਟਰ ਜਗਸੀਰ ਸਿੰਘ, ਦੀਪਕ ਗੋਇਲ, ਨਛੱਤਰ ਸਿੰਘ ਮੌੜ, ਛਿੰਦਰਪਾਲ ਮੋੜ, ਵਿਕਰਮ ਲਵਲੀ, ਬਲਜੀਤ ਬੱਲੀ, ਮਾਸਟਰ ਸੁਖਦੀਪ ਸਿੰਘ, ਬਲਵਿੰਦਰ ਬੱਲੋ, ਗੁਰਮੀਤ ਸਿੰਘ ਰਾਮਗੜ੍ਹੀਆ, ਰਘਵੀਰ ਸਿੰਘ, ਰਾਮਫਲ, ਹਰਜਿੰਦਰ ਕੌਰ, ਸੰਦੀਪ ਸਿੰਘ, ਗਾਇਤਰੀ, ਬਿੱਟੂ ਸਿੰਘ, ਗੁਰਵਿੰਦਰ ਸਿੰਘ, ਡਾ. ਰਾਜਵੀਰ ਤਲਵੰਡੀ, ਗੁਰਦਾਸ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.