ਬਾਹਰੋਂ ਆਏ ਝੋਨੇ ਦੇ ਅੱਠ ਟਰਾਲੇ ਕਿਸਾਨਾਂ ਨੇ ਘੇਰੇ

ਬਾਹਰੋਂ ਆਏ ਝੋਨੇ ਦੇ ਅੱਠ ਟਰਾਲੇ ਕਿਸਾਨਾਂ ਨੇ ਘੇਰੇ

ਨਥਾਣਾ, (ਗੁਰਜੀਵਨ ਸਿੱਧੂ) ਜਿਵੇਂ-ਜਿਵੇਂ ਬਾਹਰਲਾ ਝੋਨਾ ਪੰਜਾਬ ਦੇ ਸ਼ੈਲਰਾਂ ਵਿੱਚ ਲੱਗਣ ਲਈ ਆ ਰਿਹਾ ਹੈ, ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਵਪਾਰੀਆਂ ਦੇ ਇਸ ਰੁਝਾਨ ਦਾ ਲਗਾਤਾਰ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੈਂਕੜੇ ਵਰਕਰਾਂ ਨੇ ਨਥਾਣਾ ਗੋਨਿਆਣਾ ਰੋਡ ਤੇ ਪਿੰਡ ਢੇਲਵਾਂ ਦੇ ਨੇੜੇ ਸਥਿਤ ਦੋ ਸ਼ੈਲਰਾਂ ਵਿੱਚ ਝੋਨਾ ਲਗਾਉਣ ਲਈ ਆਏ ਅੱਠ ਟਰਾਲਿਆਂ ਨੂੰ ਘੇਰ ਲਿਆ, ਜਿੰਨ੍ਹਾਂ ਵਿੱਚ ਲਗਭਗ ਅੱਠ ਸੌ ਗੱਟਾ ਝੋਨਾ ਭਰਿਆ ਹੋਇਆ ਸੀ ਅਤੇ ਇਹ ਸਾਰੇ ਟਰਾਲੇ ਭੁੱਚੋ ਮੰਡੀ ਨਾਲ ਹੀ ਸਬੰਧਤ ਹਨ।

ਕਿਸਾਨਾਂ ਦਾ ਦੋਸ਼ ਸੀ ਕਿ ਉਹ ਬਾਹਰਲਾ ਝੋਨਾ ਪੰਜਾਬ ਵਿੱਚ ਨਹੀਂ ਵਿਕਣ ਦੇਣਗੇ।ਇਸ ਮੌਕੇ ਪਨਸਪ ਦੇ ਡੀਐਮ ਵਿਕਾਸ ਗਰਗ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀ ਕਿਸਾਨਾਂ ਨਾਲ ਇਸ ਮਸਲੇ ‘ਤੇ ਗੱਲਬਾਤ ਕਰਨ ਲਈ ਪੁੱਜੇ ਹੋਏ ਸਨ ਪਰ ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਇਸ ਰੇੜਕੇ ਦਾ ਕੋਈ ਹੱਲ ਨਹੀਂ ਸੀ ਹੋ ਸਕਿਆ ਅਤੇ ਕਿਸਾਨਾਂ ਵੱਲੋਂ ਟਰੱਕਾਂ ਨੂੰ ਘੇਰ ਕੇ ਸੜਕ ਉੱਪਰ ਦਿੱਤਾ ਜਾ ਰਿਹਾ ਧਰਨਾ ਜਾਰੀ ਸੀ।

ਸ਼ੈਲਰ ਮਾਲਕਾਂ ਦਾ ਕਹਿਣਾ ਸੀ ਕਿ ਇਹ ਮਾਲ ਪਨਸਪ ਵਿਭਾਗ ਵੱਲੋਂ ਡੇਰਾ ਬਾਬਾ ਨਾਨਕ ਤੋਂ ਖਰੀਦਿਆ ਗਿਆ ਹੈ ਅਤੇ ਟਰੱਕਾਂ ਦੇ ਗੇਟ ਪਾਸ ‘ਤੇ ਬਣਦੀ ਮਾਰਕੀਟ ਫੀਸ ਆਨਲਾਈਨ ਜਮ੍ਹਾ ਕਰਵਾਈ ਗਈ ਹੈ ਜਿਸ ਵਿੱਚ ਕੁਝ ਵੀ ਗਲਤ ਨਹੀਂ ਹੈ। ਪਨਸਪ ਡੀਐਮ ਵਿਕਾਸ ਗਰਗ ਦਾ ਕਹਿਣਾ ਸੀ ਕਿ ਕਿਸਾਨ ਬੇਲੋੜਾ ਵਿਵਾਦ ਖੜ੍ਹਾ ਕਰ ਰਹੇ ਹਨ, ਜੇਕਰ ਕਿਸਾਨ ਇਸ ਮਾਮਲੇ ਵਿੱਚ ਇੱਕ ਵੀ ਗੈਰ-ਕਾਨੂੰਨੀ ਪੱਖ ਸਾਹਮਣੇ ਲਿਆਉਣ ਤਾਂ ਉਹ ਕਰਵਾਈ ਲਈ ਤਿਆਰ ਹਨ ਪਰ ਇਹ ਝੋਨਾ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਪਨਸਪ ਦੁਆਰਾ ਖਰੀਦਿਆ ਗਿਆ ਹੈ। ਕਿਸਾਨਾਂ ਦਾ ਦੋਸ਼ ਸੀ ਕਿ ਹਰ ਵਾਰ ਤੀਹ ਫੀਸਦੀ ਝੋਨਾ ਬਾਹਰੋਂ ਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਦਾ ਹੈ

ਜਿਸ ਨਾਲ ਕਿਸਾਨਾਂ ਵੱਲੋਂ ਵੱਧ ਪੈਦਾਵਾਰ ਕਰਨ ਦੀ ਸਰਕਾਰ ਨੂੰ ਗਲਤ ਫਹਿਮੀ ਹੁੰਦੀ ਹੈ ਅਤੇ ਜੋ ਉਨ੍ਹਾ ਦੀ ਆਮਦਨ ਵਿੱਚ ਫਰਜੀ ਵਾਧਾ ਦਰਜ ਹੋਣ ਨਾਲ ਪੰਜਾਬ ਦੀ ਕਿਸਾਨੀ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨ ਅਜਿਹੇ ਰੁਝਾਨ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਵੀ ਆਪਣੀ ਕਾਰਵਾਈ ਜਾਰੀ ਰੱਖਣਗੇ ਅਤੇ ਬਾਹਰੋਂ ਆ ਰਹੇ ਝੋਨੇ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.