ਲੁਟੇਰੇ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ
ਰਾਮਪੁਰਾ ਫੂਲ | ਰਾਮਪੁਰਾ ਫੂਲ ‘ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੈਸ਼ ਕੰਪਨੀ ਦੇ ਮੁਲਾਜ਼ਮ ਕੋਲੋਂ 9 ਲੱਖ 42 ਹਜਾਰ ਰੁਪਏ ਦੀ ਨਕਦੀ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਾਜ਼ਮ ਦੀ ਕੰਨਪਟੀ ‘ਤੇ ਬੰਦੂਕ ਤਾਣੇ ਜਾਣ ਦਾ ਪਤਾ ਲੱਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਆਏ ਦਿਨ ਸ਼ਹਿਰ ਵਿਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਅੰਦਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਉਪਰੰਤ ਆਮ ਲੋਕ ਅਤੇ ਵਪਾਰੀ ਵਰਗ ਡਰ ਅਤੇ ਸਹਿਮ ਦੇ ਮਾਹੌਲ ਵਿਚ ਹਨ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ-ਬਰਨਾਲਾ ਸੜਕ ‘ਤੇ ਪੈਂਦੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੂੰ ਸੰਜੀਵ ਜੇਠੀ ਨਾਂਅ ਦੇ ਵਿਆਕਤੀ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਪੰਪ ਤੋਂ ਬਲਕਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਢਿਪਾਲੀ ਨਾਂਅ ਦਾ ਵਿਅਕਤੀ ਲੱਖਾਂ ਰੁਪਏ ਦੀ ਨਕਦੀ ਲੈ ਕੇ ਬੈਂਕ ਆਫ ਇੰਡੀਆ ਵਿਚ ਕੈਸ਼ ਜਮ੍ਹਾਂ ਕਰਵਾਉਣ ਲਈ ਆਪਣੇ ਹੀਰੋ ਹਾਂਡਾ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਹ ਵਿਅਕਤੀ ਰੇਡੀਐਂਟ ਕੈਸ਼ ਮੈਨੇਜਮੈਂਟ ਸਰਵਿਸ ਕੰਪਨੀ ਵਿਚ ਮੁਲਾਜ਼ਮ ਲੱਗਿਆ ਹੋਇਆ ਹੈ। ਬਲਕਰਨ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਜਦੋ ਉਹ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਕੋਲ ਪੁੱਜਿਆ ਤਾਂ ਦੋ ਨਕਾਬਪੋਸ ਕਾਲੇ ਰੰਗ ਦੇ ਮੋਟਰਸਾਈਕਲ ਲੁਟੇਰੇ ਜਿਸ ਵਿਚੋਂ ਇੱਕ ਨੇ ਹੈਲਮੈਟ ਅਤੇ ਦੂਜੇ ਨੇ ਕੱਪੜੇ ਨਾਲ ਮੂੰਹ ਬੰਨਿਆ ਹੋਇਆ ਸੀ, ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੰਨਪਟੀ ਤੇ ਬੰਦੂਕ ਤਾਣ ਕੇ ਉਸ ਕੋਲੋਂ 9 ਲੱਖ 42 ਹਜਾਰ ਰੁਪਏ ਦੀ ਰਕਮ ਖੋਹ ਕੇ ਖੋਹ ਕੇ ਭੱਜ ਗਏ ਇਸ ਮੁਲਾਜਮ ਕੋਲ 4/5 ਲੱਖ ਰੁਪਏ ਹੋਰ ਵੀ ਦੱਸੇ ਜਾ ਰਹੇ ਹਨ, ਜੋਂ ਉਸ ਦੀਆਂ ਜੇਬ੍ਹਾਂ ਵਿਚ ਹੋਣ ਕਾਰਨ ਬਚ ਗਏ। ਇਸ ਮਾਮਲੇ ਕਪਤਾਨ ਪੁਲਿਸ ਸਵਰਨ ਸਿੰਘ ਖੰਨਾ ਨੇ ਕਿਹਾ ਕਿ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਪੂਰੇ ਜਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਣ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।