ਲਾਰੈਂਸ ਗੈਂਗ ਨੇ ਸਲਮਾਨ ਨੂੰ ਫਾਰਮ ਹਾਊਸ ਦੇ ਰਾਹ ’ਚ ਮਾਰਨ ਦੀ ਕੀਤੀ ਸੀ ਸਾਜਿਸ਼
ਮੁੰਬਈ। ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਚਿੱਠੀ ’ਚ ਨਵਾਂ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਲਾਰੈਂਸ ਗੈਂਗ ਨੇ ਦੂਜੀ ਵਾਰ ਸਲਮਾਨ ਖਾਨ ’ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਗੈਂਗ ਨੇ ਸਲਮਾਨ ਨੂੰ ਉਨ੍ਹਾਂ ਦੇ ਫਾਰਮ ਹਾਊਸ ਦੇ ਰਸਤੇ ’ਚ ਮਾਰਨ ਦੀ ਯੋਜਨਾ ਬਣਾਈ ਸੀ। ਪੁਲਿਸ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਪਲਾਨ ਏ ਫੇਲ ਹੋਣ ਤੋਂ ਬਾਅਦ, ਲਾਰੈਂਸ ਗੈਂਗ ਨੇ ਪਲਾਨ ਬੀ ਤਿਆਰ ਕੀਤਾ। ਗੋਲਡੀ ਬਰਾੜ ਇਸ ਯੋਜਨਾ ਦੀ ਅਗਵਾਈ ਕਰ ਰਿਹਾ ਸੀ। ਗੋਲਡੀ ਨੇ ਸਲਮਾਨ ਨੂੰ ਮਾਰਨ ਲਈ ਕਪਿਲ ਪੰਡਿਤ (ਲਾਰੈਂਸ ਗੈਂਗ ਦਾ ਸ਼ਾਰਪ ਸ਼ੂਟਰ) ਨੂੰ ਚੁਣਿਆ।
2018 ਵਿੱਚ ਪਹਿਲੀ ਵਾਰ ਦਿੱਤੀ ਸੀ ਧਮਕੀ
ਲਾਰੈਂਸ ਨੇ ਸਲਮਾਨ ਨੂੰ 2018 ’ਚ ਜੋਧਪੁਰ ਦੀ ਅਦਾਲਤ ’ਚ ਪੇਸ਼ ਕੀਤੇ ਜਾਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸਲਮਾਨ ਸਿਰਫ ਦੋ ਵਾਰ ਜੋਧਪੁਰ ਦੀ ਅਦਾਲਤ ’ਚ ਆਏ। ਦੋਵੇਂ ਵਾਰ ਉਨ੍ਹਾਂ ਦੀ ਸੁਰੱਖਿਆ ਸਖ਼ਤ ਰੱਖੀ ਗਈ ਸੀ। ਹਾਲ ਹੀ ’ਚ ਸਲਮਾਨ ਖਾਨ ਦੇ ਵਕੀਲ ਨੂੰ ਵੀ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸੇ ਤਰ੍ਹਾਂ ਦੀ ਚਿੱਠੀ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਵੀ ਮਿਲੀ ਸੀ। ਇਸ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਲਾਰੈਂਸ ਨੇ ਇਹ ਚਿੱਠੀਆਂ ਭੇਜੀਆਂ ਹਨ।
ਲਾਰੈਂਸ ਨੇ 4 ਵਾਰ ਕੀਤੀ ਪਲੈਨਿੰਗ
- ਸਲਮਾਨ ਖਾਨ ਨੂੰ ਮਾਰਨ ਦੀ 4 ਵਾਰ ਯੋਜਨਾ ਬਣਾ ਚੁੱਕਾ ਹੈ।
- ਪਹਿਲੇ ਲਾਰੈਂਸ ਨੇ 2018 ਵਿੱਚ ਸਲਮਾਨ ਨੂੰ ਮਾਰਨ ਲਈ ਸ਼ੂਟਰ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਸੀ।
- ਸੰਪਤ ਕੋਲ ਪਿਸਤੌਲ ਸੀ।
- ਸਲਮਾਨ ਪਿਸਤੌਲ ਦੀ ਰੇਂਜ ਤੋਂ ਕਾਫੀ ਦੂਰ ਰਹੇ।
- ਇਸ ਲਈ ਉਹ ਮਾਰ ਨਹੀਂ ਸਕਦਾ ਸੀ।
- ਇਸ ਤੋਂ ਬਾਅਦ ਲੰਬੀ ਰੇਂਜ ਵਾਲੀ ਰਾਈਫਲ 4 ਲੱਖ ਰੁਪਏ ’ਚ ਖਰੀਦੀ ਗਈ
- ਸੰਪਤ ਨੂੰ ਦਿੱਤੀ ਗਈ।
- ਸਲਮਾਨ ਨੂੰ ਮਾਰਨ ਤੋਂ ਪਹਿਲਾਂ ਹੀ ਉਹ ਫੜਿਆ ਗਿਆ ਸੀ।
- ਇਸ ਤੋਂ ਬਾਅਦ ਲਾਰੈਂਸ ਨੇ ਦੋ ਵਾਰ ਹੋਰ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ