ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Paddy in Punj...

    Paddy in Punjab: ਪੰਜਾਬ ਅੰਦਰ ਝੋਨੇ ਦਾ ਆਖਰੀ ਪੜਾਅ ਅੱਜ ਤੋਂ, ਪਾਵਰਕੌਮ ਲਈ ਪਰਖ ਦੀ ਘੜੀ ਸ਼ੁਰੂ

    Paddy in Punjab
    Paddy in Punjab: ਪੰਜਾਬ ਅੰਦਰ ਝੋਨੇ ਦਾ ਆਖਰੀ ਪੜਾਅ ਅੱਜ ਤੋਂ, ਪਾਵਰਕੌਮ ਲਈ ਪਰਖ ਦੀ ਘੜੀ ਸ਼ੁਰੂ

    Paddy in Punjab: ਝੋਨੇ ਦੇ ਪਹਿਲੇ ਦੋ ਪੜਾਵਾਂ ਤਹਿਤ ਪਾਵਰਕੌਮ ਰਿਹਾ ਸੁਖਾਲਾ

    • ਪੂਰੇ ਪੰਜਾਬ ਅੰਦਰ ਟਿਊਬਵੈੱਲਾਂ ਲਈ 8 ਘੰਟੇ ਸਪਲਾਈ ਸ਼ੁਰੂ ਹੋਣ ਨਾਲ ਪਾਵਰਕੌਮ ਦਾ ਵਧੇਗਾ ਲੋਡ | Paddy in Punjab

    Paddy in Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਝੋਨੇ ਦੀ ਲਵਾਈ ਦਾ ਤੀਜਾ ਅਤੇ ਆਖਰੀ ਪੜਾਅ 9 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 9 ਜੂਨ ਤੋਂ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਹੋ ਜਾਵੇਗੀ। ਕੱਲ੍ਹ ਤੋਂ ਪੂਰੇ ਪੰਜਾਬ ਵਿੱਚ ਕਿਸਾਨਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਪਾਵਰਕੌਮ ਲਈ ਅਸਲ ਚੁਣੌਤੀ ਸ਼ੁਰੂ ਹੋਵੇਗੀ।

    ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਵਾਰ 1 ਜੂਨ ਤੋਂ ਹੀ ਝੋਨੇ ਲਈ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪੰਜਾਬ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਸੀ। 1 ਜੂਨ ਨੂੰ ਪੰਜ ਜ਼ਿਲ੍ਹਿਆਂ ਵਿੱਚ ਜਦੋਂ ਕਿ 5 ਜੂਨ ਨੂੰ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਦੂਜਾ ਗੇੜ ਸ਼ੁਰੂ ਹੋਇਆ ਸੀ ਅਤੇ ਹੁਣ ਤੀਜਾ ਅਤੇ ਆਖਰੀ ਪੜਾਅ 9 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਜਿਹੜੇ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਆਖਰੀ ਪੜਾਅ ਸ਼ੁਰੂ ਹੋ ਰਿਹਾ ਹੈ, ਉਨ੍ਹਾਂ ਵਿੱਚ ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਮਲੇਰਕੋਟਲਾ, ਸੰਗਰੂਰ, ਪਟਿਆਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲੇ੍ਹ ਸ਼ਾਮਲ ਹਨ ਜਿੱਥੇ ਕਿ ਪਾਵਰਕੌਮ ਵੱਲੋਂ ਅੱਠ ਘੰਟੇ ਬਿਜਲੀ ਸਪਲਾਈ ਝੋਨੇ ਦੀ ਲਵਾਈ ਲਈ ਸ਼ੁਰੂ ਕਰ ਦਿੱਤੀ ਜਾਵੇਗੀ।

    Paddy in Punjab

    ਉਂਜ ਜੇਕਰ ਇਸ ਤੋਂ ਪਹਿਲਾਂ ਚੱਲ ਰਹੇ ਦੋ ਪੜਾਵਾਂ ਦੀ ਗੱਲ ਕੀਤੀ ਜਾਵੇ ਤਾਂ ਪਾਵਰਕੌਮ ਵੱਲੋਂ ਸੌਖੇ ਤਰੀਕੇ ਨਾਲ ਬਿਜਲੀ ਸਪਲਾਈ ਨੂੰ ਪੂਰਾ ਕੀਤਾ ਜਾ ਰਿਹਾ ਹੈ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਬਿਜਲੀ ਦੀ ਵੱਧ ਤੋਂ ਵੱਧ ਮੰਗ 13 ਹਜ਼ਾਰ 600 ਮੈਗਾਵਾਟ ਦੇ ਨੇੜੇ ਪੁੱਜੀ ਹੈ। ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਬਿਜਲੀ ਦੀ ਮੰਗ 13000 ਮੈਗਾਵਾਟ ਦੇ ਨੇੜੇ ਤੇੜੇ ਹੀ ਰਹੀ। ਕੱਲ੍ਹ ਤੋਂ ਪੰਜਾਬ ਦੇ ਪੂਰੇ ਕਿਸਾਨਾਂ ਨੂੰ ਅੱਠ ਘੰਟੇ ਸਪਲਾਈ ਸ਼ੁਰੂ ਹੋਣ ਨਾਲ ਪਾਵਰਕੌਮ ਲਈ ਅਸਲੀ ਚੁਣੌਤੀ ਸ਼ੁਰੂ ਹੋਵੇਗੀ। ਸੂਬੇ ਅੰਦਰ ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਨੂੰ ਪਾਰ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਝੋਨੇ ਦੇ ਸੀਜਨ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਪਿਛਲੇ ਸਾਲ ਨਾਲੋਂ ਵੱਧ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ।

    Read Also : Punjab News: ਵਧ ਰਹੀ ਐ ਪੰਜਾਬ ਸਿਰ ਕਰਜ਼ੇ ਦੀ ਪੰਡ, ਚੁੱਕਿਆ ਇੱਕ ਹਜ਼ਾਰ ਕਰੋੜ ਦਾ ਨਵਾਂ ਕਰਜ਼ਾ

    ਇੱਧਰ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਗਰਮੀ ਦਾ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਅੱਜ ਵੀ 11 ਵਜੇ ਤੋਂ ਬਾਅਦ ਗਰਮ ਹਵਾਵਾਂ ਸ਼ੁਰੂ ਹੋ ਗਈਆਂ , ਜੋ ਕਿ ਸ਼ਾਮ ਤੱਕ ਜਾਰੀ ਰਹੀਆਂ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਸ ਵਾਰ 32 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਬਿਜਾਈ ਹੋਣ ਦੀ ਉਮੀਦ ਹੈ, ਜਦੋਂਕਿ ਸਿੱਧੀ ਬਜਾਈ ਤਹਿਤ ਸਰਕਾਰ ਵੱਲੋਂ ਪੰਜ ਲੱਖ ਹੈਕਟੇਅਰ ਰਕਬੇ ਦਾ ਟੀਚਾ ਰੱਖਿਆ ਗਿਆ ਹੈ। ਖੇਤੀਬਾੜੀ ਵਿਭਾਗ ਹਰੇਕ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ ਵਾਲੇ ਰੱਖੇ ਟੀਚੇ ਤੋਂ ਪਛੜ ਰਿਹਾ ਹੈ

    ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਹੋਇਆ ਬੰਦ

    ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਦੇਖੀ ਜਾਵੇ ਤਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਦੋ ਨੰਬਰ ਯੂਨਿਟ ਅਚਾਨਕ ਬੰਦ ਹੋ ਗਿਆ ਹੈ, ਜਦੋਂਕਿ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ। ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਵੱਲੋਂ 592 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਵੱਲੋਂ 645 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂਕਿ ਇਸਦਾ ਇੱਕ ਯੂਨਿਟ ਬੰਦ ਹੈ।

    ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 500 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ। ਪ੍ਰਾਈਵੇਟ ਥਰਮਲ ਰਾਜਪੁਰਾ ਦੇ ਦੋਵੇਂ ਯੂਨਿਟਾਂ ਵੱਲੋਂ 1307 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂਕਿ ਸਭ ਤੋਂ ਵੱਡੇ ਥਰਮਲ ਤਲਵੰਡੀ ਸਾਬੋ ਦੇ ਤਿੰਨੇ ਯੂਨਿਟਾਂ ਵੱਲੋਂ 1698 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।