ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਸਥਿਤ ਲੇਬਰ ਕਮਿਸ਼ਨ ਦੇ ਦਫ਼ਤਰ ਵਿੱਚ ਜਦੋਂ ਹਲਕਾ ਸਨੌਰ ਦੇ ਕੁੱਝ ਵਿਅਕਤੀ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ ਤਾਂ Àੁੱਥੇ ਪੂਰਾ ਦਫ਼ਤਰ ਖਾਲੀ ਸੀ। ਲੋਕਾਂ ਨੇ ਆਪਣੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮੌਕੇ ‘ਤੇ ਸੂਚਿਤ ਕੀਤਾ ਤਾਂ ਉਹ ਲੋਕਾਂ ਦੀ ਸੁਣਵਾਈ ਲਈ ਖੁਦ ਲੇਬਰ ਕਮਿਸ਼ਨ ਦੇ ਦਫ਼ਤਰ ਪਹੁੰਚ ਗਏ। ਜਦੋਂ ਜਾ ਕੇ ਦੇਖਿਆ ਤਾਂ ਪੂਰਾ ਦਫ਼ਤਰ ਖਾਲੀ ਸੀ। ਉਨ੍ਹਾਂ ਨੇ ਲੇਬਰ ਕਮਿਸ਼ਨਰ ਜਤਿੰਦਰਪਾਲ ਸਿੰਘ ਨੂੰ ਫੋਨ ਕੀਤਾ ਅਤੇ ਜਤਿੰਦਰਪਾਲ ਸਿੰਘ ਨੇ ਮੌਕੇ ‘ਤੇ ਅਧਿਕਾਰੀ ਨੂੰ ਭੇਜਿਆ।
ਇਸ ਤੋਂ ਬਾਅਦ ਵਿਧਾਇਕ ਚੰਦੂਮਾਜਰਾ ਨੇ ਖੁਦ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਅਧਿਕਾਰੀ ਨੂੰ ਨੋਟ ਕਰਵਾਈਆਂ ਅਤੇ ਨਿਰਧਾਰਿਤ ਸਮੇਂ ਵਿਚ ਉਨ੍ਹਾਂ ‘ਤੇ ਫੈਸਲਾ ਕਰਨ ਦੀ ਅਪੀਲ ਵੀ ਕੀਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਸਰਕਾਰ ਦੇ ਮੁੱਖ ਮੰਤਰੀ ਹੀ ਕੁਰਸੀ ‘ਤੇ ਨਹੀਂ ਬੈਠਦੇ, ਉਸ ਸਰਕਾਰ ਦੇ ਅਧਿਕਾਰੀ ਕਿਉਂ ਕੁਰਸੀ ‘ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਵਰਕ ਕਲਚਰ ਉੱਪਰੋਂ ਪੈਦਾ ਹੁੰਦਾ ਹੈ।
ਜਦੋਂ ਸਰਕਾਰ ਦੇ ਮੁਖੀ ਵੱਲੋਂ ਹੀ ਵਰਕ ਕਲਚਰ ਨੂੰ ਕੋਈ ਪਹਿਲ ਨਹੀਂ ਦਿੱਤੀ ਜਾ ਰਹੀ ਤਾਂ ਫਿਰ ਹੇਠਲੇ ਅਧਿਕਾਰੀ ਕਿਉਂ ਲੋਕਾਂ ਦੀ ਸੁਣਵਾਈ ਕਰਨਗੇ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਅੱਤ ਦੀ ਗਰਮੀ ਵਿਚ ਲੋਕ ਧੁੱਪ ਵਿਚ ਖੜ੍ਹ ਕੇ ਲੇਬਰ ਕਮਿਸ਼ਨ ਦਫ਼ਤਰ ਦੇ ਸਟਾਫ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਪੀਣ ਲਈ ਪਾਣੀ ਤੱਕ ਵੀ ਨਹੀਂ ਮਿਲਦਾ। ਅਜਿਹੇ ਹਾਲਾਤਾਂ ਵਿਚ ਮਜ਼ਦੂਰ ਲੋਕ ਅਜਿਹੇ ਕਮਿਸ਼ਨ ਤੋਂ ਇਨਸਾਫ ਦੀ ਕੀ ਉਮੀਦ ਕਰ ਸਕਦੇ ਹਨ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਲਗਭਗ ਡੇਢ ਘੰਟਾ ਦਫ਼ਤਰ ਵਿਚ ਹੀ ਰਹੇ ਅਤੇ ਜਦੋਂ ਤੱਕ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਨੋਟ ਨਹੀਂ ਹੋ ਗਈਆਂ, ਉਦੋਂ ਤੱਕ ਨਹੀਂ ਗਏ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਅਤੇ ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਹਰ ਸੁੱਖ-ਦੁੱਖ ਵਿਚ ਖੜ੍ਹਨ।