ਗੱਲ ਬਹੁਤ ਪੁਰਾਣੀ ਹੈ। ਉਸ ਸਮੇਂ ਮਹਾਤਮਾ ਗੌਤਮ ਬੁੱਧ ਪੂਰੇ ਭਾਰਤ ’ਚ ਘੁੰਮ-ਘੰੁਮ ਕੇ ਬੌਧ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਸਨ। ਇਸ ਦੌਰਾਨ ਆਪਣੇ ਕੁਝ ਸ਼ਰਧਾਲੂਆਂ ਨਾਲ ਉਹ ਪਿੰਡ-ਪਿੰਡ ਘੁੰਮ ਰਹੇ ਸਨ। ਕਾਫ਼ੀ ਦੇਰ ਤੱਕ ਘੁੰਮਦੇ ਰਹਿਣ ਕਾਰਨ ਉਨ੍ਹਾਂ ਨੂੰ ਬਹੁਤ ਪਿਆਸ ਲੱਗੀ। ਉਨ੍ਹਾਂ ਨੇ ਆਪਣੇ ਇੱਕ ਸ਼ਿਸ਼ ਨੂੰ ਨਾਲ ਦੇ ਪਿੰਡੋਂ ਪਾਣੀ ਲਿਆਉਣ ਲਈ ਕਿਹਾ। ਸ਼ਿਸ਼ ਜਦੋਂ ਪਿੰਡ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਇੱਕ ਛੋਟੀ ਜਿਹੀ ਨਦੀ ਵਗ ਰਹੀ ਹੈ ਜਿਸ ’ਚ ਕਾਫ਼ੀ ਲੋਕ ਆਪਣੇ ਕੱਪੜੇ ਧੋ ਰਹੇ ਸਨ ਤੇ ਕਈ ਆਪਣੇ ਪਸ਼ੂ ਨਹਾ ਰਹੇ ਸਨ। ਇਸ ਕਾਰਨ ਪਾਣੀ ਕਾਫ਼ੀ ਗੰਦਾ ਹੋ ਗਿਆ ਸੀ।
ਸ਼ਿਸ਼ ਨੇ ਸੋਚਿਆ ਕਿ ਗੁਰੂ ਜੀ ਲਈ ਗੰਦਾ ਪਾਣੀ ਲਿਜਾਣਾ ਠੀਕ ਨਹੀਂ। ਇਸ ਲਈ ਉਹ ਬਿਨਾ ਪਾਣੀ ਦੇ ਹੀ ਵਾਪਸ ਆ ਗਿਆ। ਇੱਧਰ ਗੁਰੂ ਜੀ ਦਾ ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਇਸ ਲਈ ਮੁੜ ਪਾਣੀ ਲਿਆਉਣ ਲਈ ਉਨ੍ਹਾਂ ਦੂਜੇ ਸ਼ਿਸ਼ ਨੂੰ ਭੇਜਿਆ। ਇਸ ਵਾਰ ਉਹ ਸ਼ਿਸ਼ ਉਨ੍ਹਾਂ ਲਈ ਘੜੇ ’ਚ ਪਾਣੀ ਭਰ ਲਿਆਇਆ। ਇਹ ਦੇਖ ਮਹਾਤਮਾ ਬੁੱਧ ਥੋੜ੍ਹਾ ਹੈਰਾਨ ਹੋਏ। ਉਨ੍ਹਾਂ ਸ਼ਿਸ਼ ਤੋਂ ਪੁੱਛਿਆ, ‘‘ਪਿੰਡ ’ਚ ਵਗਣ ਵਾਲੀ ਨਦੀ ਦਾ ਪਾਣੀ ਤਾਂ ਗੰਦਾ ਸੀ ਫਿਰ ਇਹ ਪਾਣੀ ਕਿੱਥੋਂ ਲਿਆਏ?’’ਸ਼ਿਸ਼ ਬੋਲਿਆ, ‘‘ਹਾਂ ਗੁਰੂ ਜੀ! ਉਸ ਨਦੀ ਦਾ ਪਾਣੀ ਬਹੁਤ ਗੰਦਾ ਸੀ ਪਰ ਜਦੋਂ ਸਾਰੇ ਆਪਣਾ ਕੰਮ ਖਤਮ ਕਰਕੇ ਚਲੇ ਗਏ ਉਦੋਂ ਮੈਂ ਕੁਝ ਦੇਰ ਉੱਥੇ ਠਹਿਰ ਕੇ ਪਾਣੀ ’ਚ ਮਿਲੀ ਮਿੱਟੀ ਦੇ ਥੱਲੇ ਬੈਠਣ ਦਾ ਇੰਤਜ਼ਾਰ ਕੀਤਾ। ਜਦੋਂ ਮਿੱਟੀ ਹੇਠਾਂ ਬੈਠ ਗਈ ਤਾਂ ਪਾਣੀ ਸਾਫ਼ ਹੋ ਗਿਆ। ਉਹੀ ਪਾਣੀ ਲਿਆਇਆ ਹਾਂ।’’
ਇਹ ਵੀ ਪੜ੍ਹੋ : ਵਿਕਾਸ ਤੇ ਵਾਤਾਵਰਨ ਦਾ ਸੰਤੁਲਨ
ਮਹਾਤਮਾ ਬੁੱਧ ਸ਼ਿਸ਼ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ ਤੇ ਸ਼ਿਸ਼ਾਂ ਨੂੰ ਇੱਕ ਸਿੱਖਿਆ ਦਿੱਤੀ ਕਿ ਸਾਡਾ ਜੀਵਨ ਵੀ ਨਦੀ ਦੇ ਪਾਣੀ ਵਰਗਾ ਹੈ। ਅਨੇਕਾਂ ਵਾਰ ਜੀਵਨ ’ਚ ਅਜਿਹੇ ਵੀ ਪਲ ਆਉਦੇ ਹਨ ਜਦੋਂ ਸਾਡਾ ਜੀਵਨ ਦੁੱਖਾਂ ਤੇ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ, ਅਜਿਹੀ ਸਥਿਤੀ ’ਚ ਪਾਣੀ ਵਾਂਗ ਇਹ ਜੀਵਨ ਵੀ ਗੰਦਾ ਲੱਗਣ ਲੱਗਦਾ ਹੈ। ਇਸ ਲਈ ਸਾਨੂੰ ਜੀਵਨ ਵਿਚ ਦੁੱਖ ਤੇ ਬੁਰਾਈਆਂ ਦੇਖ ਕੇ ਆਪਣੀ ਹਿੰਮਤ ਨਹੀਂ ਛੱਡਣੀ ਚਾਹੀਦੀ ਤੇ ਹੌਂਸਲਾ ਰੱਖਣਾ ਚਾਹੀਦੈ, ਗੰਦਗੀ ਵਾਂਗ ਇਹ ਸਮੱਸਿਆਵਾਂ ਵੀ ਖੁਦ ਹੀ ਹੌਲੀ-ਹੌਲੀ ਖ਼ਤਮ ਹੋ ਜਾਂਦੀਆਂ ਹਨ।’’