ਸਬਰ-ਸੰਤੋਖ ਦੀ ਅਹਿਮੀਅਤ

ਸਬਰ-ਸੰਤੋਖ ਦੀ ਅਹਿਮੀਅਤ

ਜ਼ਿੰਦਗੀ ਇੱਕ ਸੰਘਰਸ਼ ਹੈ। ਕਈ ਵਾਰ ਸਾਨੂੰ ਜ਼ਿੰਦਗੀ ’ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਾਂ। ਜਿੰਨਾ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿੱਚ ਹੀ ਸਬਰ-ਸੰਤੋਖ ਕਰਨਾ ਚਾਹੀਦਾ ਹੈ ਅਤੇ ਪਰਮਾਤਮਾ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਿਸੇ ਕੋਲ ਵੱਧ ਹੁੰਦਾ ਹੈ, ਕਿਸੇ ਕੋਲ ਘੱਟ ਹੁੰਦਾ ਹੈ। ਕਿਸੇ ਕੋਲ ਬਹੁਤ ਘੱਟ ਸੀਮਤ ਮਾਤਰਾ ਵਿੱਚ ਸਾਧਨ ਹੁੰਦੇ ਹਨ। ਅੱਜ ਦੇ ਜ਼ਮਾਨੇ ਵਿੱਚ ਪੈਸੇ ਦੀ ਹੋੜ ਬਹੁਤ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਭਰਾ-ਭਰਾ ਦਾ ਦੁਸ਼ਮਣ ਹੋ ਚੁੱਕਿਆ ਹੈ। ਪੈਸਿਆਂ ਕਾਰਨ ਸਾਰੇ ਹੀ ਅੱਜ-ਕੱਲ੍ਹ ਰਿਸ਼ਤੇ ਟੁੱਟ ਚੁੱਕੇ ਹਨ। ਇੰਨਾ ਮਾੜਾ ਸਮਾਂ ਆ ਗਿਆ ਹੈ ਕਿ ਭਰਾ-ਭਰਾ ਇੱਕ-ਦੂਜੇ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ। ਬੱਸ ਇੱਕ-ਦੂਜੇ ਤੋਂ ਅੱਗੇ ਨਿੱਕਲਣ ਦੀ ਹੋੜ ਲੱਗੀ ਹੋਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪੈਸੇ ਨੂੰ ਹੀ ਤਰਜ਼ੀਹ ਦਿੱਤੀ ਜਾ ਰਹੀ ਹੈ।

ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਪ੍ਰਣ ਕਰੀਏ! ਕਿ ਅਸੀਂ ਸਾਰਾ ਦਿਨ ਖੁਸ਼ ਰਹਿਣਾ ਹੈ। ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਣਾ ਹੈ। ਹਮੇਸ਼ਾ ਚੰਗਾ ਸੋਚੋ। ਕਦੇ ਵੀ ਕਿਸੇ ਪ੍ਰਤੀ ਨਕਾਰਾਤਮਕ ਵਿਚਾਰ ਨਾ ਰੱਖੋ। ਸਵੇਰੇ ਉੱਠਦੇ ਸਾਰ ਹੀ ਤੁਹਾਡੇ ਚਿਹਰੇ ’ਤੇ ਖੁਸ਼ੀ ਹੋਣੀ ਚਾਹੀਦੀ ਹੈ। ਮੱਥੇ ’ਤੇ ਪਈ ਤਿਉੜੀ ਨਾਲ ਅਸੀਂ ਆਪ ਵੀ ਦੁਖੀ ਹੁੰਦੇ ਹਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸੀਬਤ ਵਿੱਚ ਪਾ ਦਿੰਦੇ ਹਾਂ। ਜੇ ਚਿਹਰੇ ’ਤੇ ਖੁਸ਼ੀ ਰਹੇਗੀ ਤਾਂ ਘਰ ਦਾ ਮਾਹੌਲ ਵੀ ਬਹੁਤ ਵਧੀਆ ਹੋਵੇਗਾ। ਘਰ ਦੇ ਜੀਅ ਇੱਕ-ਦੂਜੇ ਦੀ ਕਦਰ ਕਰਨਗੇ। ਪਿਆਰ ਬਹੁਤ ਵਧੇਗਾ। ਕਿਸੇ ਪ੍ਰਤੀ ਨਫਰਤ ਨੂੰ ਨਹੀਂ ਰੱਖਣਗੇ। ਕਹਿਣ ਦਾ ਭਾਵ ਹੈ ਕਿ ਸਾਰੇ ਘਰ ਦਾ ਮਾਹੌਲ ਸਵਰਗ ਵਰਗਾ ਪ੍ਰਤੀਤ ਹੋਵੇਗਾ। ਇੱਕ-ਦੂਜੇ ਦੀ ਇੱਜਤ ਹੋਵੇਗੀ ਮਾਣ-ਸਤਿਕਾਰ ਵਧੇਗਾ।

ਕਈ ਵਾਰ ਅਸੀਂ ਪਰਮਾਤਮਾ ਨੂੰ ਕੋਸਦੇ ਰਹਿੰਦੇ ਹਾਂ ਕਿ ਤੂੰ ਮੈਨੂੰ ਇਹ ਨਹੀਂ ਦਿੱਤਾ, ਮੈਂ ਇੰਨੀ ਮਿਹਨਤ ਕੀਤੀ! ਤੂੰ ਮੈਨੂੰ ਉਹ ਨਹੀਂ ਦਿੱਤਾ ਜਾਂ ਮੈਨੂੰ ਛੋਟੀ ਕੋਠੀ ਦਿੱਤੀ ਹੈ ਜਾਂ ਛੋਟੀ ਕਾਰ, ਜਾਂ ਮੇਰੇ ਕੋਲ ਕੁੜੀਆਂ ਹਨ, ਮੁੰਡੇ ਦੀ ਦਾਤ ਨਹੀਂ ਬਖਸ਼ੀ, ਜਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ, ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ, ਜਾਂ ਮੇਰੇ ਕੋਲ ਛੋਟੀ ਕਾਰ ਹੈ, ਹੋਰ ਵੀ ਕਈ ਤਰ੍ਹਾਂ ਦੇ ਮਨ-ਮੁਟਾਵ ਮਨ ਵਿੱਚ ਹੁੰਦੇ ਹਨ।

ਇਹ ਮਨ ਮੁਟਾਵ ਦੂਜਿਆਂ ਦੀ ਤਰੱਕੀ ਦੇਖ ਕੇ ਆਉਂਦੇ ਹਨ। ਕਈ ਵਾਰ ਅਸੀਂ ਆਪਣੇ ਦੁੱਖ ਨਾਲ ਜ਼ਿਆਦਾ ਦੁਖੀ ਨਹੀਂ ਹੁੰਦੇ, ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਜਾਂਦੇ ਹਾਂ। ਜਿੰਨਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਸਾਨੂੰ ਉਸ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ। ਅਕਸਰ ਸਾਡੇ ਸਮਾਜ ਵਿੱਚ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ ਕਿ ਜੋ ਸਾਨੂੰ ਹਮੇਸ਼ਾਂ ਖੁਸ਼ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।
ਕਈ ਵਾਰ ਸਾਡੇ ਸਾਹਮਣੇ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਸੀਮਤ ਸਾਧਨ ਹੁੰਦੇ ਹਨ ਉਹ ਬਹੁਤ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰਦੇ ਹਨ। ਜੋ ਝੁੱਗੀ-ਝੋਂਪੜੀਆਂ ਵਾਲੇ ਹੁੰਦੇ ਹਨ, ਉਹ ਹਰ ਰੋਜ਼ ਕਮਾਉਂਦੇ ਹਨ ਤੇ ਸ਼ਾਮ ਨੂੰ ਖਾ ਲੈਂਦੇ ਹਨ।

ਉਨ੍ਹਾਂ ਨੂੰ ਅਗਲੇ ਦਿਨ ਦੀ ਫ਼ਿਕਰ ਵੀ ਨਹੀਂ ਹੁੰਦੀ ਹੈ। ਫਿਰ ਵੀ ਬਹੁਤ ਵਧੀਆ ਜ਼ਿੰਦਗੀ ਗੁਜ਼ਾਰਦੇ ਹਨ। ਗਰੀਬ ਲੋਕਾਂ ਨੂੰ ਮਕਾਨ ਬਣਾਉਣ ਦੀ ਵੀ ਫਿਕਰ ਨਹੀਂ ਹੁੰਦੀ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਅੱਜ ਦਾ ਦਿਨ ਵਧੀਆ ਗੁਜ਼ਰਿਆ ਹੈ। ਸੋ ਕੱਲ੍ਹ ਦਾ ਵੀ ਦਿਨ ਵਧੀਆ ਗੁਜ਼ਰੇਗਾ! ਅਜਿਹੇ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਹੱਸ ਖੇਡ ਕੇ ਗੁਜ਼ਾਰਦੇ ਹਨ।

ਕਈ ਅਜਿਹੀ ਸ਼ਖਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ, ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਨਾਲ ਗੁਜ਼ਾਰਦੇ ਹਨ। ਅਜਿਹੇ ਲੋਕਾਂ ਦੀ ਜ਼ਿੰਦਗੀ ਵਿਚ ਫਿਰ ਦੁੱਖ ਬਹੁਤ ਘੱਟ ਹੁੰਦੇ ਹਨ। ਕਿਉਂਕਿ ਉਹ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਗੁਜ਼ਾਰਦੇ ਹਨ। ਘਰ ਵਿੱਚ ਇੱਕ-ਦੂਜੇ ਦੀ ਇੱਜਤ ਕਰਦੇ ਹਨ। ਜੇ ਉਨ੍ਹਾਂ ਕੋਲ ਸੀਮਤ ਸਾਧਨ ਹਨ ਤਾਂ ਉਸੇ ਵਿੱਚ ਖੁਸ਼ ਰਹਿੰਦੇ ਹਨ। ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਸੜਦੇ ਨਹੀਂ ਹਨ। ਹਮੇਸ਼ਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ ਕਿ ਹੇ ਰੱਬਾ!

ਜਿੰਨਾ ਵੀ ਤੂੰ ਸਾਨੂੰ ਦਿੱਤਾ ਉਸੇ ਵਿੱਚ ਹੀ ਸਾਨੂੰ ਸਬਰ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਜਿਹੇ ਲੋਕਾਂ ਨੂੰ ਜ਼ਿੰਦਗੀ ਨਾਲ ਕੋਈ ਵੀ ਸ਼ਿਕਵਾ ਨਹੀਂ ਹੁੰਦਾ। ਅਜਿਹੇ ਲੋਕ, ਜਿਨ੍ਹਾਂ ਨੂੰ ਜ਼ਿੰਦਗੀ ਨਾਲ ਗਿਲੇ-ਸ਼ਿਕਵੇ ਹੁੰਦੇ ਹਨ, ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਉਂਤਾ ਦੇ ਦਿੰਦੇ ਹਨ। ਅੱਜ-ਕੱਲ੍ਹ ਤਾਂ ਉਂਜ ਹੀ ਜ਼ਿੰਦਗੀ ਬਹੁਤ ਛੋਟੀ ਹੈ।

ਪਤਾ ਹੀ ਨਹੀਂ ਲੱਗਦਾ ਸਮੇਂ ਦਾ ਕਿ ਕਦੋਂ ਮੌਤ ਹੋ ਜਾਂਦੀ ਹੈ। ਅਕਸਰ ਅਸੀਂ ਆਮ ਸੁਣਦੇ ਹਾਂ ਕਿ ਬੰਦਾ ਵਿਚਾਰਾ ਚੰਗਾ-ਭਲਾ ਰਾਤ ਸੁੱਤਾ ਸੀ, ਸਵੇਰੇ ਉੱਠਿਆ ਹੀ ਨਹੀਂ। ਫਿਰ ਕਿਉਂ ਅਸੀਂ ਅਜਿਹੇ ਗਿਲੇ-ਸ਼ਿਕਵਿਆਂ ਕਾਰਨ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਾਂ। ਕਿਉਂ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ? ਕਿਉਂ ਅਸੀਂ ਹਮੇਸ਼ਾ ਖੁਸ਼ ਰਹਿਣਾ ਨਹੀਂ ਚਾਹੁੰਦੇ। ਜਿੰਨਾ ਵੀ ਹੈ, ਉਸੇ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਖੁਸ਼ ਰਹਾਂਗੇ ਤਾਂ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਜੇ ਅਸੀਂ ਖੁਸ਼ ਰਹਾਂਗੇ ਤਾਂ ਸਾਡੀ ਦੇਖਾ-ਦੇਖੀ ਸਾਡੇ ਪਰਿਵਾਰਕ ਮੈਂਬਰ ਵੀ ਖ਼ੁਸ਼ ਰਹਿਣਾ ਸਿੱਖ ਲੈਣਗੇ। ਇਸ ਲਈ ਆਓ! ਜ਼ਿੰਦਗੀ ਨੂੰ ਹੱਸ-ਖੇਡ ਕੇ ਗੁਜ਼ਾਰੀਏ ਤੇ ਖੁਦ ਵੀ ਖੁਸ਼ ਰਹੀਏ ਤੇ ਹੋਰਾਂ ਨੂੰ ਵੀ ਖੁਸ਼ ਰਹਿਣ ਦੇਈਏ।
ਮੋਹਾਲੀ
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ