ਸਮੁੰਦਰ ਦੀ ਬੇਵਸੀ
- ਚਾਰੇ ਪਾਸੇ ਗੰਦਗੀ!
- ਕੂੜਾ-ਕਰਕਟ
- ਕਾਗਜ਼-ਅਖਬਾਰੀ ਤੇ ਮੋਮੀ
- ਗੱਤੇ
- ਇਤਰਾਂ ਦੀ ਖੁਸ਼ਬੂ ਵਾਲੇ ਖਾਲੀ ਡੱਬੇ
- ਸਪਰੇਆਂ ਦਾ ਛਿੜਕਾਅ
- ਤੇ ਜ਼ਹਿਰਾਂ ਵਾਲੇ ਖਾਲੀ ਟੀਨ
- ਸੜਿਆ ਬਾਸੀ ਖਾਣਾ
- ਸੜਕਾਂ ’ਤੇ ਕੀੜਿਆਂ ਵਾਂਗ ਚੱਲਦੀਆਂ-
- ਮੋਟਰਾਂ ਦਾ ਧੂੰਆਂ
- ਪਲਾਸਟਿਕ ਤੇ ਕੱਚ ਦੀਆਂ ਦਾਰੂ ਵਾਲੀਆਂ ਸ਼ੀਸ਼ੀਆਂ
- ਠੰਢੇ ਸ਼ਰਬਤ ਪੀ-ਪੀ ਕੇ
- ਸੜਕਾਂ ’ਤੇ ਵਗਾਹ ਮਾਰੇ
- ਤਰ੍ਹਾਂ-ਤਰ੍ਹਾਂ ਦੇ ਜੂਠੇ ਠੂਠੇ
- ਤੇ ਕੂੜਿਆਂ ’ਤੇ ਸੁੱਟੀਆਂ ਮਰੀਆਂ ਨਵਜਾਤ ਬੱਚੀਆਂ
- ਖੁੱਲੇ੍ਹ ਵਿੱਚ ਹੱਗਿਆ-ਮੂਤਿਆ
- ਸੜਦੀਆਂ ਲਾਸ਼ਾਂ
- ਗੰਗਾ ’ਚ ਵਹਾਈਆਂ ਅਸਤੀਆਂ
- ਪਤਾ ਨਹੀਂ ਹੋਰ ਕੀ-ਕੀ ਊਲ-ਜਲੂਲ,
- ਲਟਰਮ-ਸ਼ਟਰਮ
- ਸਭ ਸੜਿਆਂਦ ਮਾਰਦੇ
- ਮੀਂਹ ਦੀ ਉਡੀਕ ਕਰਦੇ ਰਹਿੰਦੇ ਹਨ
- ਕਦੋਂ ਜਲ-ਥਲ ਹੋਵੇ
- ਤੇ ਨਦੀਆਂ ਬਣੀਆਂ ਨਾਲੀਆ ਥਾਣੀਂ
- ਸਭ ਕੁਝ ਵਹਿ ਕੇ
- ਬਰਸਾਤੀ ਪਾਣੀ ਨੂੰ ਠ੍ਹੋਕਰਾਂ ਮਾਰਦਾ
- ਉੱਗੜ-ਦੁੱਗੜਾ ਵਹਿ ਕੇ
- ਦਰਿਆਵਾਂ-ਨਦੀਆਂ ’ਚ ਜਾ ਪਹੁੰਚਦਾ ਹੈ
- ਪਾਣੀ ਦਾ ਬੇ-ਪ੍ਰਵਾਹ ਵਹਾਅ
- ਇਸ ਸਭ ਕਾਸੇ ਦਾ ਬੋਝ ਖਿੱਚਣ ਤੋਂ-
- ਕਤਰਾਉਂਦਾ
- ਚੀਕਾਂ ਮਾਰਦਾ
- ਗੁੱਸੇ ’ਚ ਆ ਕੇ ਦਹਾੜਦਾ
- ਬੰਨ੍ਹ ਤੋੜਦਾ
- ਫਿਰ ਵੀ ਬੇਵੱਸ ਜਾਪਦਾ
- ਸਹਿ ਨਹੀਂ ਸਕਦਾ ਇਸ ਸਭ ਕਾਸੇ ਦਾ ਭਾਰ
- ਮਜ਼ਬੂਰ ਹੋ ਕੇ
- ਇਹ ਸਭ ਮਨੁੱਖਾਂ ਦਾ ਪਾਇਆ ਖਿਲਾਰਾ
- ਸਮੁੰਦਰ ਹਵਾਲੇ ਕਰ
- ਖਾਲੀ ਹੋ
- ਅਰਾਮ ਨਾਲ ਵਗਣ ਦੀ ਕੋਸ਼ਿਸ ਕਰਦੇ,
- ਦਰਿਆ-ਨਦੀਆਂ-ਨਾਲ਼ੇ
- ਪਰ ਫਿਰ-
- ਸਮੁੰਦਰ ਦੀ ਤੜਪ ਸ਼ੁਰੂ ਹੋ ਜਾਂਦੀ ਹੈ,
- ਧਰਤੀ ਤੋਂ ਵਹਿ ਕੇ ਆਈ ਗੰਦਗੀ ਨਾਲ
- ਸਮੁੰਦਰ-
- ਆਪਣੇ ਅੰਦਰਲੇ ਮੱਛੀਆਂ, ਕੇਕੜਿਆਂ, ਕੱਛੂਆਂ, ਡੱਡੂਆਂ ਸੱਪਾਂ,
- ਤੇ ਹੋਰ ਲੱਖਾਂ ਜੀਵ-ਜੰਤੂਆਂ ਦੇ ਦਰਦ ਨਾਲ
- ਖੁਦ ਵੀ ਤੜਪਦਾ ਹੈ
- ਗੁੱਸੇ ਨਾਲ ਫੁੰਕਾਰਦਾ ਹੈ
- ਬੇਵੱਸ ਹੋ ਕੇ ਦਹਾੜਦਾ ਹੈ
- ਸੁਨਾਮੀ ਬਣਦਾ ਹੈ
- ਆਪਣੇ ਕੰਢੇ ਖੋਰਦਾ ਹੈ
- ਬਰਫ਼ ਦੇ ਪਹਾੜਾਂ ਨੂੰ ਮੱਦਦ ਲਈ ਪੁਕਾਰਦਾ ਹੈ
- ਗਲੇਸ਼ੀਅਰ,
- ਸਮੁੰਦਰ ਦੀ ਪੁਕਾਰ ਸੁਣ
- ਸਮੁੰਦਰ ਨੂੰ ਮੱਦਦ ਦਾ ਭਰੋਸਾ ਦਿੰਦੇ ਹਨ
- ਖੁਰਨ ਦੀ ਕੋਸ਼ਿਸ਼ ਕਰਦੇ ਹਨ
- ਥੋੜ੍ਹਾ-ਥੋੜ੍ਹਾ ਖੁਰੇ ਹਾਂ-ਕਹਿ ਕੇ ਸਮੁੰਦਰ ਨੂੰ ਧਰਵਾਸ ਦਿੰਦੇ ਹਨ
- ਬੇਵੱਸ ਸਮੁੰਦਰ ਕੁਝ ਸਮੇਂ ਲਈ ਸ਼ਾਂਤ ਹੋ ਜਾਂਦਾ ਹੈ
- ਸਾਗਰ ਸਭ ਕੁਝ ਭੁੱਲ ਕੇ-
- ਉੱਪਰ ਨਿਗਾਹ ਮਾਰਦਾ ਹੈ
- ਨੀਲੇ ਅਸਮਾਨ ਵੱਲ ਤੱਕਦਾ ਹੈ
- ਅੱਖਾਂ ਅੱਡ ਕੇ ਰਹਿ ਜਾਂਦਾ ਹੈ!
- ਉੱਪਰ ਵੀ ਮਨੁੱਖੀ ਕਹਿਰ ਦਿਖਾਈ ਪੈਂਦਾ ਹੈ
- ਓਜ਼ੋਨ ਪਰਤ ਬੇਬਸੀ ਦੇ ਅੱਥਰੂ ਕੇਰਦੀ
- ਡਾਡਾਂ ਮਾਰਦੀ
- ਸਮੁੰਦਰ ਨੂੰ ਨਜ਼ਰ ਆਉਂਦੀ ਹੈ
- ਸਮੁੰਦਰ ਰੋਣਹਾਕਾ ਹੋ
- ਹੰਝੂ ਪੂੰਝਦਾ ਹੈ
- ਓਜ਼ੋਨ ਨੂੰ ਚੁੱਪ ਹੋ ਜਾਣ ਦਾ ਇਸ਼ਾਰਾ ਕਰਦਾ ਹੈ
- ਮਨੁੱਖਤਾ ਨੂੰ ਮਲੀਆ-ਮੇਟ ਕਰਨ ਦਾ-
- ਮੂਕ ਪਲਾਨ ਓਜ਼ੋਨ ਨੂੰ ਇਸ਼ਾਰਿਆਂ ਨਾਲ ਸਮਝਾਉਂਦਾ ਹੈ
- ਠੰਢ ਰੱਖਣ ਲਈ ਆਖਦਾ ਹੈ
- ਕੁਝ ਸਮਾਂ ਹੋਰ ਦੁੱਖ ਸਹਿਣ ਕਰਨ ਲਈ ਮਨਾਉਂਦਾ ਹੈ
- -ਇੱਕ ਦਿਨ ਗਲੇਸ਼ੀਅਰ ਪਿੱਘਲ ਕੇ ਮੇਰੀ ਮੱਦਦ ਲਈ ਆਉਣਗੇ,
- ਚਾਰੇ ਪਾਸੇ ਜਲ-ਥਲ
- ਜਿਸ ਦਾ ਨਹੀਂ ਹੋਣਾ
- ਦੁਨੀਆਂ ਤੋਂ ਕੋਈ ਹੱਲ
- ਮੈਂ ਅੱਥਰੀ ਦੁਨੀਆਂ ਦਾ ਅੰਤ ਕਰ ਦਿਆਂਗਾ
- ਪੂਰੀ ਦੁਨੀਆਂ ਤਹਿਸ-ਨਹਿਸ ਕਰ ਕੇ ਰੱਖ ਦੇਵਾਂਗਾ
- ਫਿਰ-
- ਸਦੀਆਂ ਤੱਕ ਕੋਈ ਨਹੀਂ ਪੈਦਾ ਹੋਵੇਗਾ
- ਤੈਨੂੰ-
- ਮੈਨੂੰ ਤੇ ਮੇਰੇ ਲੱਖਾਂ ਬਸ਼ਿੰਦਿਆਂ ਨੂੰ
- ਗੰਦਗੀ ’ਚ ਲਪੇਟਣ ਵਾਲਾ
- ਖੂਨ ਦੇ ਹੰਝੂ ਰਵਾਉਣ ਵਾਲਾ
ਓਮਕਾਰ ਸੂਦ ਫ਼ਰੀਦਾਬਾਦ
ਮੋ. 96540-36080
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ