ਪੈਟਰੋਲ ਪੰਪ ਕਤਲ ਕਾਂਡ ਤੇ ਲੁੱਟ ਦਾ ਮਾਮਲਾ
- ਪੁਲਿਸ ਵੱਲੋਂ ਅੱਡੀ ਚੋਟੀ ਦਾ ਜੋਰ, ਕਈ ਸ਼ੱਕੀਆਂ ਤੋਂ ਪੁੱਛਗਿਛ ਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਦਾ ਅੱਡੀ-ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਵੀ ਅੱਜ ਦੂਜੇ ਦਿਨ ਪੁਲਿਸ ਦੇ ਹੱਥ ਖਾਲੀ ਰਹੇ। ਉਂਜ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਕਈ ਸੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਜਪੁਰਾ ਰੋਡ ਦੇ ਪਿੰਡ ਚਮਾਰਹੇੜੀ ਨੇੜੇ ਸਥਿੱਤ ਗੁਰੂ ਨਾਨਕ ਫਿਲਿੰਗ ਸਟੇਸ਼ਨ ਤੇ ਤਿੰਨ ਲੁਟੇਰਿਆਂ ਵੱਲੋਂ ਦੋਂ ਕੈਂਟਰ ਡਰਾਇਵਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਸਦੇ ਨਾਲ ਗਿਆਰਾ ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਉਂਜ ਇਨ੍ਹਾਂ ਲੁਟੇਰਿਆਂ ਦੀਆਂ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਿਰਆਂ ਵਿੱਚ ਤਸਵੀਰਾਂ ਕੈਂਦ ਹੋ ਗਈਆਂ, ਪਰ ਮੂੰਹ ਬੰਨੇ ਹੋਣ ਕਾਰਨ ਪਹਿਚਾਣ ਮੁਸ਼ਕਿਲ ਹੋ ਰਹੀ ਹੈ। ਇਸ ਦੇ ਨਾਲ ਪੁਲਿਸ ਵੱਲੋਂ ਸ਼ਹਿਰ ਅੰਦਰ ਹੋਰ ਵੱਖ ਵੱਖ ਸੀਸੀਟੀਵੀ ਕੈਮਰਿਆਂ ਸਮੇਤ ਇਨ੍ਹਾਂ ਦੀ ਮੁਬਾਇਲ ਲੁਕੇਸ਼ਨ ਟ੍ਰੇਸ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋਂ ਕਈ ਸੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਦੀ ਇੱਕ ਟੀਮ ਵੱਲੋਂ ਇਨ੍ਹਾਂ ਲੁਟੇਰਿਆਂ ਦਾ ਸਕੈਂਚ ਵੀ ਤਿਆਰ ਕੀਤਾ ਜਾ ਰਿਹਾ ਹੈ ਜੋਂ ਕਿ ਕੱਲ ਤੱਕ ਜਾਰੀ ਕਰਨ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਲੁਟੇਰਿਆਂ ਨੂੰ ਨੱਪਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ, ਪਰ ਇਸਦੇ ਬਾਵਜੂਦ ਹੀ ਅੱਜ ਸ਼ਾਮ ਤੱਕ ਪੁਲਿਸ ਦੇ ਹੱਥ ਕੋਈ ਲੁਟੇਰਾ ਨਹੀਂ ਲੱਗਾ।
ਇੱਧਰ ਪਟਿਆਲਾ ਦੇ ਐਸਐਸਪੀ ਡਾ. ਐਸ. ਭੁਪਤੀ ਛੁੱਟੀ ਤੇ ਹਨ, ਉਨ੍ਹਾਂ ਦਾ ਕਾਰਜਭਾਰ ਐਸਪੀਐਚ ਕੰਵਰਦੀਪ ਕੌਰ ਵੱਲੋਂ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਪਹਿਲੂ ਨੂੰ ਬਾਰੀਕੀ ਨਾਲ ਛੋਹਿਆ ਜਾ ਰਿਹਾ ਹੈ ਅਤੇ ਜਲਦੀ ਹੀ ਪੁਲਿਸ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਪੁਸਟੀ ਕਰਦਿਆ ਕਿਹਾ ਕਿ ਇੱਕ ਲੁਟੇਰੇ ਦੀ ਪਛਾਣ ਹੋ ਗਈ ਹੈ ਅਤੇ ਬਾਕੀਆਂ ਦੀ ਪਛਾਣ ਲਈ ਚਸਮਦੀਦਾਂ ਤੋਂ ਸਕੈਚ ਬਣਵਾਏ ਜਾ ਰਹੇ ਹਨ। ਉਂਜ ਪੁਲਿਸ ਵੱਲੋਂ ਅਜੇ ਕੁਝ ਹੋਰ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।