ਕੋਰੋਨਾ ਵਾਇਰਸ ਤੋਂ ਬਚਣ ਲਈ ਓਬਰਾਏ ਦਾ ਵੱਡਾ ਉਪਰਾਲਾ

ਪੰਜਾਬ ਵਿੱਚ ਆਮ ਲੋਕਾਂ ਦੇ ਸਾਬਣ ਨਾਲ ਹੱਥ ਧੋਣ ਲਈ 100 ਪਾਣੀ ਦੇ ਟੈਂਕਰ ਮੁਹੱਈਆ ਕਰਵਾਏ

ਪਟਿਆਲਾ ਵਿੱਚ ਐੱਸਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਸ਼ੁਰੂਆਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਭਰ ਵਿੱਚ ਕੋਰੋਨਾ ਵਾਇਰਸ ਤੋਂ ਬਚਣ ਲਈ ਆਮ ਲੋਕਾਂ ਦੇ ਹੱਥ ਧੋਣ ਲਈ ਪਾਣੀ ਦੇ ਟੈਂਕਰ ਟੂਟੀਆਂ ਸਮੇਤ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੀ ਸ਼ੁਰੂਆਤ ਅੱਜ ਪਟਿਆਲਾ ਤੋਂ ਕੀਤੀ ਗਈ ਜਿੱਥੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਬੱਸ ਸਟਾਪ ਵਿੱਚ ਇੱਕ ਪਾਣੀ ਦਾ ਟੈਂਕਰ ਸਥਾਪਤ ਕਰ ਦਿੱਤਾ ਗਿਆ ਜਿਸ ਨੂੰ ਲੋਕਾਂ ਲਈ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਸਮਰਪਿਤ ਕੀਤਾ।

ਮਨਦੀਪ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸਪੀ ਸਿੰਘ ਓਬਰਾਏ ਹਮੇਸ਼ਾ ਹੀ ਸਮਾਜ ਸੇਵੀ ਕਾਰਵਾਈਆਂ ‘ਚ ਅੱਗੇ ਰਹਿੰਦੇ ਹਨ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਵਿੱਚ ਚੇਤੰਨਤਾ ਪੈਦਾ ਕਰਨ ਲਈ ਇਹ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਟੂਟੀਆਂ ਆਟੋਮੈਟਿਕ ਲੱਗ ਜਾਣ ਤਾਂ ਬਹੁਤ ਹੀ ਚੰਗਾ ਹੋਵੇਗਾ। ਇਸ ਮੌਕੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਆਉਂਦੇ ਦਿਨਾਂ ਤੱਕ 100 ਦੇ ਕਰੀਬ ਟੈਂਕਰ ਸਥਾਪਤ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਟੈਂਕਰਾਂ ‘ਤੇ ਸੈਂਸਰ ਯੁਕਤ ਟੂਟੀਆਂ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਵੀ ਬਚਾਇਆ ਜਾ ਸਕੇ।

ਡਾਕਟਰ ਓਬਰਾਏ ਨੇ ਦੱਸਿਆ ਕਿ ਪਟਿਆਲਾ ਵਿੱਚ ਅੱਜ 4 ਥਾਵਾਂ ‘ਤੇ ਟੈਂਕਰ ਖੜ੍ਹੇ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਤੋਂ ਇਲਾਵਾ ਰੇਲਵੇ ਸਟੇਸ਼ਨ ਮਾਤਾ ਕੁਸ਼ੱਲਿਆ ਹਸਪਤਾਲ ਅਤੇ ਮਿੰਨੀ ਸਕੱਤਰੇਤ ਵਿੱਚ ਵੀ ਇਹ ਸੁਵਿਧਾ ਦਿੱਤੀ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ, ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ, ਹੈਲਥ ਸੇਵਾਵਾਂ ਦੇ ਸਲਾਹਕਾਰ ਡਾਕਟਰ ਡੀ ਐੱਸ ਗਿੱਲ ਅਤੇ ਡਾਕਟਰ ਅਟਵਾਲ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।