ਸ਼ਹੀਦੀ ਜੋੜ ਮੇਲੇ ’ਤੇ ਵਿਸ਼ੇਸ਼
ਫ਼ਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ਉਸ ਅਦੁੱਤੀ ਸ਼ਹੀਦੀ ਦੀ ਪ੍ਰਤੀਕ ਹੈ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਨਹੀਂ ਮਿਲਦੀ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਜਿਨ੍ਹਾਂ ਦੀ ਉਮਰ ਤਰਤੀਬਵਾਰ ਸਿਰਫ਼ 7 ਸਾਲ 10 ਮਹੀਨੇ ਅਤੇ 5 ਸਾਲ 9 ਮਹੀਨੇ ਸੀ, ਨੂੰ ਜ਼ਾਬਰ ਮੁਗਲ ਰਾਜ ਦੇ ਹਾਕਮ ਨਵਾਬ ਵਜ਼ੀਰ ਖ਼ਾਨ ਦੇ ਹੁਕਮ ’ਤੇ ਜ਼ਿੰਦਾ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਛੋਟੇ ਸਾਹਿਬਜ਼ਾਦੇ ਫ਼ਤਹਿ ਸਿੰਘ ਜੀ ਦੇ ਨਾਂਅ ’ਤੇ ਹੀ ਇਸ ਜਗ੍ਹਾ ਦਾ ਨਾਂਅ ਫ਼ਤਹਿਗੜ੍ਹ ਸਾਹਿਬ ਰੱਖਿਆ ਗਿਆ।
ਪੰਜਾਬ ਦੇ ਇਤਿਹਾਸ ’ਚ 8 ਪੋਹ ਤੋਂ 15 ਪੋਹ ਤੱਕ ਦੇ ਦਿਨ ਵਿਸ਼ੇਸ਼ ਸਥਾਨ ਰੱਖਦੇ ਹਨ। ਇਨ੍ਹਾਂ ਦਿਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ, ਚਮਕੌਰ ਦੀ ਗੜੀ ਤੇ ਸਰਹਿੰਦ ਦੀਆਂ ਦੀਵਾਰਾਂ ’ਚ ਮਹਾਨ ਸਿੱਖ ਹਸਤੀਆਂ ਨੇ ਜ਼ਬਰ ਤੇ ਜ਼ੁਲਮ ਵਿਰੁੱਧ ਮਹਾਨ ਸ਼ਹਾਦਤਾਂ ਦਿੱਤੀਆਂ। ਸ੍ਰੀ ਅਨੰਦਪੁਰ ਸਾਹਿਬ ਦੇ 8 ਮਹੀਨਿਆਂ ਦੇ ਜ਼ਬਰਦਸਤ ਘੇਰੇ, ਅਨੰਦਗੜ੍ਹ ਦੇ ਕਿਲੇ ਨੂੰ ਛੱਡਣ, ਸਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ ਤੇ ਸਰਹਿੰਦ ਦੀਆਂ ਦੀਵਾਰਾਂ ’ਚ ਸਾਹਿਬਜ਼ਾਦਿਆਂ ਨੂੰ ਜਿਉਂਦੇ ਚਿਣੇ ਜਾਣ ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਯਾਦ ਕਰਕੇ ਮੁਗ਼ਲ ਸ਼ਾਸਕਾਂ ਦੇ ਅੱਤਿਆਚਾਰ ਲੂੰ ਕੰਡੇ ਖੜ੍ਹੇ ਕਰ ਦਿੰਦੇ ਹਨ ਪਰ ਇਹਨਾਂ ਕੁਰਬਾਨੀਆਂ ਅੱਗੇ ਸਿਰ ਝੁਕ ਜਾਂਦਾ ਹੈ।
ਸ੍ਰੀ ਅਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ ਖ਼ਾਨ, ਸਰਹਿੰਦ ਦੇ ਸੂਬੇਦਾਰ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਅੱਠ ਮਹੀਨਿਆਂ ਤੱਕ ਰਹੇ ਇਸ ਘੇਰੇ ਕਾਰਨ ਅਨੰਦਗੜ੍ਹ ਦੇ ਕਿਲੇ ’ਚ ਅੰਨ-ਪਾਣੀ ਆਉਣਾ ਬੰਦ ਹੋ ਗਿਆ ਪਰ ਇਸ ਦੇ ਬਾਵਜੂਦ ਸਿੱਖ ਫ਼ੌਜਾਂ ਨੇ ਸਬਰ-ਸਿਦਕ ਤੋਂ ਕੰਮ ਲਿਆ ਤੇ ਕਿਲੇ ’ਤੇ ਦੁਸ਼ਮਣਾਂ ਨੂੰ ਕਾਬਜ਼ ਨਹੀਂ ਹੋਣ ਦਿੱਤਾ। ਜਦੋਂ ਦੁਸ਼ਮਣ ਦਲਾਂ ਨੇ ਦੇਖਿਆ ਕਿ ਇਸ ਤਰ੍ਹਾਂ ਉਹ ਅਨੰਦਗੜ੍ਹ ਦੇ ਕਿਲੇ ’ਤੇ ਕਾਬਜ਼ ਨਹੀਂ ਹੋ ਸਕਦੇ ਤਾਂ ਉਨ੍ਹਾਂ ਚਾਲ ਚੱਲਦਿਆਂ ਕਸਮਾਂ ਖਾ ਕੇ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਫ਼ੌਜ ਸਮੇਤ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ।
ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣਾਂ ਨੇ ਸਿੱਖ ਫੌਜਾਂ ’ਤੇ ਹਮਲਾ ਬੋਲ ਦਿੱਤਾ। ਪੋਹ ਦੇ ਮਹੀਨੇ ਬਾਰਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਗਹਿਗੱਚ ਯੁੱਧ ਹੋਇਆ, ਜਿੱਥੇ ਭਾਈ ਬਚਿੱਤਰ ਸਿੰਘ ਤੇ ਕੁੱਝ ਹੋਰ ਸਿੱਖ ਸ਼ਹੀਦ ਹੋ ਗਏ। ਸਰਸਾ ਨਦੀ ਦੇ ਕਿਨਾਰੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ’ਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ, ਦੋਵੇਂ ਵੱਡੇ ਸਾਹਿਬਜ਼ਾਦੇ ਤੇ ਕੁੱਝ ਸਿੱਖ ਯੋਧੇ ਚਮਕੌਰ ਦੀ ਕੱਚੀ ਗੜੀ ’ਚ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ, ਗੰਗੂ ਰਸੋਈਏ ਨਾਲ ਇੱਕ ਪਾਸੇ ਚੱਲ ਪਏ। ਚਮਕੌਰ ਦੀ ਕੱਚੀ ਗੜੀ ’ਚ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੱਖਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਪਾਈ।
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਫੜਾਉਣ ਦੀ ਮੁਖ਼ਬਰੀ ਗੰਗੂ ਰਸੋਈਏ ਨੇ ਵੀ ਧਨ ਦੇ ਲਾਲਚ ’ਚ ਆ ਕੇ ਕੀਤੀ ਸੀ। ਗੰਗੂ ਰਸੋਈਏ ਦੀ ਨਿਮਰਤਾ ਤੇ ਬੇਨਤੀ ’ਤੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਨਾਂ ਦੇ ਘਰ ਜਾਣ ਲਈ ਮੰਨ ਗਏ। ਧਨ-ਦੌਲਤ ਦੇਖ ਕੇ ਗੰਗੂ ਬੇਈਮਾਨ ਹੋ ਗਿਆ ਤੇ ਪ੍ਰਸ਼ਾਦੇ ’ਚ ਜ਼ਹਿਰ ਮਿਲਾ ਕੇ ਖਵਾਉਣ ਲਈ ਆਪਣੀ ਮਾਤਾ ਨੂੰ ਕਿਹਾ ਪਰ ਰਹਿਮ ਦਿਲ ਮਾਤਾ ਸੋਹਣੀ ਦੇ ਨਾ ਮੰਨਣ ਕਾਰਨ ਗੰਗੂ ਰਸੋਈਏ ਦੀ ਇਹ ਸਕੀਮ ਫ਼ੇਲ੍ਹ ਹੋ ਗਈ।
ਗੰਗੂ ਨੇ ਮਾਤਾ ਗੁਜਰੀ ਜੀ ਦੇ ਧਨ ’ਤੇ ਕਬਜ਼ਾ ਕਰਨ ਲਈ ਧਨ ਦੀ ਥੈਲੀ ਚੁੱਕ ਕੇ ਚੋਰਚੋਰ ਦਾ ਰੌਲਾ ਪਾ ਦਿੱਤਾ, ਜਿਸ ’ਤੇ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਕਿਹਾ ਕਿ ਤੈਨੂੰ ਧਨ ਦੀ ਲੋੜ ਸੀ, ਤਾਂ ਮੇਰੇ ਕੋਲੋਂ ਮੰਗ ਕੇ ਲੈ ਲੈਂਦਾ। ਇਹ ਸੁਣ ਕੇ ਗੰਗੂ ਲੋਹਾ ਲਾਖਾ ਹੋ ਗਿਆ ਤੇ ਕਮਰੇ ਨੂੰ ਬਾਹਰੋਂ ਜਿੰਦਾ ਲਾ ਕੇ ਮੋਰਿੰਡੇ ਦੇ ਕੋਤਵਾਲ ਨੂੰ ਇਤਲਾਹ ਕਰ ਦਿੱਤੀ। ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਗਿ੍ਰਫ਼ਤਾਰ ਕਰਕੇ ਮੋਰਿੰਡੇ ਦੀ ਹਵਾਲਾਤ ’ਚ ਰੱਖਿਆ ਗਿਆ।
ਅਗਲੀ ਸਵੇਰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਜਾਇਆ ਗਿਆ। ਸੂਬਾ ਸਰਹਿੰਦ ਵਜ਼ੀਰ ਖਾਂ ਨੇ ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ। ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਆਪਣੇ ਸਿਦਕ ’ਤੇ ਅਟੱਲ ਰਹੇ। ਮਾਤਾ ਗੁਜਰੀ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਸ਼ਹੀਦਾਂ ਦੀਆਂ ਸਾਖੀਆਂ ਸੁਣਾ-ਸੁਣਾ ਕੇ ਉਨ੍ਹਾਂ ਦੇ ਇਰਾਦੇ ਮਜ਼ਬੂਤ ਕਰਦੇ ਰਹੇ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ।
ਸੂਬਾ ਸਰਹਿੰਦ ਨੇ ਉਨ੍ਹਾਂ ਨੂੰ ਡਰਾਉਣ ਲਈ ਕਿਹਾ ਕਿ ਅਸੀਂ ਤੁਹਾਡੇ ਦੋਵੇਂ ਵੱਡੇ ਭਰਾਵਾਂ ਤੇ ਪਿਤਾ ਨੂੰ ਚਮਕੌਰ ਦੀ ਜੰਗ ’ਚ ਮਾਰ ਦਿੱਤਾ ਹੈ। ਤੁਹਾਡੀ ਭਲਾਈ ਇਸੇ ’ਚ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ। ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਸਾਨੂੰ ਦੁਨੀਆ ਦਾ ਕੋਈ ਵੀ ਲਾਲਚ ਜਾਂ ਛਲ, ਕਪਟ ਸਿੱਖੀ-ਸਿਦਕ ਤੋਂ ਨਹੀਂ ਡੁਲਾ ਸਕਦਾ। ਦੋ ਦਿਨਾਂ ਦੀ ਲਗਾਤਾਰ ਪੇਸ਼ੀ ਤੋਂ ਬਾਅਦ ਤੀਜੇ ਦਿਨ ਦੀ ਪੇਸ਼ੀ ’ਤੇ ਸੂਬਾ ਸਰਹਿੰਦ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆਏ। ਵਜ਼ੀਰ ਖਾਂ ਦੀ ਕਚਹਿਰੀ ’ਚ ਭੇਜਣ ਸਮੇਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਕਿ ਮੇਰੇ ਲਾਲਾਂ ਨੇ ਵਾਪਸ ਨਹੀਂ ਆਉਣਾ ਸਗੋਂ ਵਿਰਸੇ, ਵਿਰਾਸਤ ਨੂੰ ਜ਼ਿੰਦਾ ਰੱਖਣ, ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਸ਼ਹੀਦ ਹੋ ਜਾਣਾ ਹੈ। ਕਚਹਿਰੀ ’ਚ ਲਾਲਚ, ਡਰ ਤੇ ਡਰਾਵੇ ਤੇ ਮਗਰੋਂ ਸੂਬਾ ਸਰਹਿੰਦ ਨੇ ਵੇਖਿਆ ਕਿ ਬੱਚੇ ਸਿਦਕ ’ਤੇ ਅਟੱਲ ਹਨ। ਇਸੇ ਦੌਰਾਨ ਹੀ ਸੁੱਚਾ ਨੰਦ ਨੇ ਖ਼ੁਸ਼ਾਮਦ ਕਰਦਿਆਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਕੰਨ੍ਹ ਭਰ ਦਿੱਤੇ।
ਸੂਬਾ ਸਰਹਿੰਦ ਤੇ ਕਾਜ਼ੀ ਨੇ ਫ਼ਤਵਾ ਸੁਣਾ ਕੇ ਸਾਹਿਬਜ਼ਾਦਿਆਂ ਨੂੰ ਜਿਉਦਿਆਂ ਨੂੰ ਦੀਵਾਰ ’ਚ ਚਿਣ ਕੇ ਕਤਲ ਕਰਨ ਦਾ ਹੁਕਮ ਦਿੱਤਾ। ਹੁਕਮ ਮੁਤਾਬਿਕ ਰਾਜ ਮਿਸਤਰੀਆਂ ਨੇ ਸਾਹਿਬਜ਼ਾਦਿਆਂ ਨੂੰ ਖੜ੍ਹੇ ਕਰਕੇ ਆਲੇ-ਦੁਆਲੇ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਜਦੋਂ ਕੰਧ ਛਾਤੀਆਂ ਤੱਕ ਪਹੁੰਚੀ ਤਾਂ ਛਾਤੀਆਂ ਘੁੱਟੀਆਂ ਜਾਣ ਦੇ ਨਾਲ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਕਾਜ਼ੀ ਦੇ ਇਸ਼ਾਰੇ ’ਤੇ ਦੋ ਜੱਲਾਦਾਂ ਨੇ ਤਲਵਾਰ ਦੇ ਨਾਲ ਦੋਵਾਂ ਸਾਹਿਬਜ਼ਾਦਿਆਂ ਦੇ ਸੀਸ ਧੜਾਂ ਨਾਲੋਂ ਵੱਖ ਕਰ ਦਿੱਤੇ। ਇਸੇ ਦਿਨ ਹੀ ਮਾਤਾ ਗੁਜਰੀ ਜੀ ਵੀ ਸ਼ਹੀਦੀ ਪਾ ਗਏ ਸਨ। ਸਰਹਿੰਦ ਦਾ ਸ਼ਹੀਦੀ ਸਾਕਾ ਵਾਪਰਨ ’ਤੇ ਪੂਰੇ ਜੱਗ ’ਚ ਹਾਹਾਕਾਰ ਮੱਚ ਗਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜ਼ੁਲਮ ਦੀ ਇੰਤਹਾ ਸੀ, ਗੁਰੂ ਸਾਹਿਬ ਦੀ ਇਸ ਸਾਰੇ ਜ਼ੁਲਮ ਭਰੇ ਵਰਤਾਰੇ ਵਿਰੁੱਧ ਨਿੱਡਰਤਾ, ਅਡੋਲਤਾ, ਰੋਸ ਅਤੇ ਜ਼ੁਲਮ ਦੇ ਖ਼ਾਤਮੇ ਲਈ ਤਿਆਰ ਹੋਣ ਦਾ ਸੰਦੇਸ਼ ‘ਜ਼ਫ਼ਰਨਾਮੇ’ ਵਿਚੋਂ ਸਾਫ਼ ਦਿਖਾਈ ਦਿੰਦਾ ਹੈ।
ਸਰਹਿੰਦ ਦੇ ਇਸ ਦਰਦਮਈ ਸਾਕੇ ’ਤੇ ਨਵਾਬ ਮਲੇਰਕੋਟਲਾ, ਮੋਤੀ ਮਹਿਰੇ ਤੇ ਦੀਵਾਨ ਟੋਡਰ ਮੱਲ ਨੇ ਹਾਅ ਦਾ ਨਾਅਰਾ ਮਾਰਿਆ। ਇਹ ਕੱਟੜਤਾ ਤੇ ਜ਼ੁਲਮ ਖ਼ਿਲਾਫ਼ ਨਿੱਕੀਆਂ ਜ਼ਿੰਦਾ ਦੀ ਵੱਡੀ ਕੁਰਬਾਨੀ ਹੈ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ’ਚ ਇਸ ਵਾਰ 25, 26, 27 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲ ਹੋ ਰਿਹਾ ਹੈ, ਜਿੱਥੇ ਦੇਸ਼-ਵਿਦੇਸ਼ ਦੀ ਸੰਗਤ ਤੋਂ ਇਲਾਵਾ ਵੱਡੀ ਗਿਣਤੀ ਲੋਕ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਅਨਿਲ ਲੁਟਾਵਾ
ਅਮਲੋਹ, ਫ਼ਤਹਿਗੜ੍ਹ ਸਾਹਿਬ
ਮੋ. 98141-30263
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ