ਕਿਸਾਨ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ ਮੰਡੀਆਂ ਵਿੱਚ : ਡਿਪਟੀ ਕਮਿਸ਼ਨਰ
ਕਰੋਨਾ ਤੋਂ ਬਚਾਅ ਸਬੰਧੀ ਆੜਤੀਆਂ ਤੇ ਲੇਬਰ ਨੂੰ ਦਿੱਤੀ ਜਾਵੇਗੀ ਲੋੜੀਂਦੀ ਸਿਖ਼ਲਾਈ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਪੰਜਾਬ ਸਰਕਾਰ ਨੇ 15 ਅਪਰੈਲ ਤੋਂ ਕਣਕ ਖਰੀਦਣ ਦਾ ਐਲਾਨ ਕੀਤਾ ਹੈ ਪੰ੍ਰਤੂ ਮੰਡੀਆਂ ਵਿੱਚ ਅਜੇ ਤੱਕ ਸਾਫ-ਸਫਾਈ ਦਾ ਕੰਮ ਸ਼ੁਰੂ ਵੀ ਨਹੀਂ ਕੀਤਾ ਹੈ। ਸਰਕਾਰ ਨੇ ਇਸ ਵਾਰ ਕਣਕ ਦੀ ਖਰੀਦ ਲਈ ਮੰਡੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਵੀ ਫੈਸਲਾ ਕੀਤਾ ਹੈ, ਜਿਸ ਲਈ ਸੈਲਰਾਂ ਤੇ ਹੋਰ ਖੁਲ੍ਹੀਆਂ ਥਾਵਾਂ ‘ਤੇ ਆਰਜੀ ਮੰਡੀਆਂ ਸਥਾਪਤ ਕਰਨ ਦੀ ਤਜ਼ਵੀਜ ਹੈ। ਅਜੇਹੀਆਂ ਥਾਂਵਾ ਦੀ ਨਿਸ਼ਾਨਦੇਹੀ ਲਈ ਸਰਕਾਰ ਨੇ ਸਥਾਨਕ ਖੁਰਾਕ ਤੇ ਸਪਲਾਈ ਵਿਭਾਗ ਤੋਂ ਰਿਪੋਰਟ ਵੀ ਮੰਗੀ ਹੈ।
ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ, ਸ੍ਰੀਮਤੀ ਗੀਤਾ ਬਿਸ਼ੰਭੂ ਅਤੇ ਹੋਰ ਅਧਿਕਾਰੀ ਨਾਲ ਮੀਟਿੰਗ ਕੀਤੀ। ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਇਸ ਲਈ ਕਿਸਾਨਾਂ ਨੂੰ ਹੋਲੋਗਰਾਮਯੁਕਤ ਟੋਕਨ ਜਾਰੀ ਕੀਤੇ ਜਾਣਗੇ। ਉਸ ਟੋਕਨ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਸਕਣਗੇ।
ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ। ਸ੍ਰੀ ਅਗਰਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ ਦੇ ਚੱਲਦਿਆਂ ਜ਼ਿਲਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਸਫਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵਿਸ਼ੇਸ਼ ਤੌਰ ‘ਤੇ ਕੀਤਾ ਜਾਵੇ। ਉਨਾਂ ਕਿਹਾ ਕਿ ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਜਾਵੇਗੀ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਆੜਤੀ ਇਹ ਯਕੀਨੀ ਬਣਾਉਣਗੇ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮੰਡੀਆਂ ਵਿੱਚ ਆੜਤੀ ਅਤੇ ਲੇਬਰ ਦੀ ਆਮਦ ਸੰਬੰਧੀ ਉਨਾਂ ਨੂੰ ਕਰਫਿਊ ਈ-ਪਾਸ ਜਾਰੀ ਕੀਤੇ ਜਾਣਗੇ। ਕੋਈ ਵੀ ਵਿਅਕਤੀ ਇਨ੍ਹਾਂ ਕਰਫਿਊ ਪਾਸਾਂ ਦੇ ਸਿਰ ‘ਤੇ ਕਿਤੇ ਹੋਰ (ਘਰ ਜਾਂ ਮੰਡੀ ਤੋਂ ਬਿਨਾਂ) ਘੁੰਮਦਾ ਨਜ਼ਰ ਆਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆੜਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਾਰਦਾਨਾ ਮੁਹੱਈਆ ਕਰਵਾ ਦੇਣ ਤਾਂ ਜੋ ਅੰਤਿਮ ਸਮੇਂ ਬਾਰਦਾਨਾ ਲੈਣ ਲਈ ਕਸ਼ਮਕਸ਼ ਪੈਦਾ ਨਾ ਹੋਵੇ।
ਵਿਭਾਗੀ ਅਧਿਕਾਰੀਆਂ ਵੱਲੋਂ ਮਿਲੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 8.51 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਲਈ ਜ਼ਿਲਾ ਲੁਧਿਆਣਾ ਵਿੱਚ 103 ਮੰਡੀਆਂ ਮੌਜੂਦ ਹਨ। ਇਸ ਤੋਂ ਇਲਾਵਾ 128 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਵਰਤਣ ਦਾ ਪ੍ਰਸਤਾਵ ਹੈ। ਸਰਕਾਰੀ ਖਰੀਦ ਦਾ ਸਮਾਂ 15 ਅਪਰੈਲ ਤੋਂ ਲੈ ਕੇ 15 ਜੂਨ, 2020 ਤੱਕ ਰਹੇਗਾ।
ਸਹਾਇਕ ਖੁਰਾਕ ਤੇ ਸਪਲਾਈ ਅਫਸਰ ਦਰਬਾਰਾ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਮੰਡੀ ਫੜਾਂ ‘ਚ ਵਾਧਾ ਕਰਨ ਲਈ ਸ਼ੈਲਰਾਂ ਤੇ ਹੋਰ ਥਾਂਵਾ ਦੀ ਰਿਪੋਰਟ ਮੰਗੀ ਹੈ। ਕਣਕ ਦੀ ਖਰੀਦ ਲਈ ਬਾਰਦਾਨਾ ਆ ਚੁੱਕਿਆ ਹੈ ਤੇ ਹੋਰ ਪ੍ਰਬੰਧ ਵੀ ਮੁਕੰਮਲ ਹਨ। ਸਕੱਤਰ ਮਾਰਕੀਟ ਕਮੇਟੀ ਰਾਏਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਰਾਏਕੋਟ ਤੇ ਸਹਾਇਕ ਮੰਡੀਆਂ ‘ਚ ਨਦੀਨ ਸਾਫ ਕਰਨ ਲਈ ਸਪ੍ਰੇਅ ਕਰਵਾ ਦਿੱਤੀ ਗਈ ਹੈ ਤੇ 14 ਅਪਰੈਲ ਤੋਂ ਪਹਿਲਾ ਸਾਰੀਆਂ ਮੰਡੀਆਂ ਦੀ ਸਫਾਈ ਮੁਕੰਮਲ ਕਰਵਾ ਲਈ ਜਾਵੇਗੀ। ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਰਾਜ ਕੁਮਾਰ ਭੱਲਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।