(ਗੁਰਪ੍ਰੀਤ ਸਿੰਘ) ਬਰਨਾਲਾ । ਲੰਘੀ ਰਾਤ ਆਏ ਭਾਰੀ ਝੱਖੜ ਕਾਰਨ ਜਿੱਥੇ ਸੜਕਾਂ ਅਤੇ ਖੇਤਾਂ ਵਿੱਚ ਖੜੇ ਦਰੱਖ਼ਤ ਜੜ ਤੋਂ ਪੁੱਟੇ ਗਏ, ਉਥੇ ਘਰਾਂ ਦੀਆਂ ਛੱਤਾਂ ਤੇ ਕੰਧਾਂ ਵੀ ਕਈ ਥਾਈ ਡਿੱਗ ਗਈਆਂ । (Fury Of Storm) ਇੱਥੋਂ ਨੇੜਲੇ ਪਿੰਡ ਨਾਈਵਾਲਾ ਵਿਖੇ ਇੱਕ ਕਿਸਾਨ ਵੱਲੋਂ ਬਣਾਈ ਪਸ਼ੂ ਡਾਇਰੀ ਦਾ ਸ਼ੈਡ ਡਿੱਗਣ ਕਾਰਨ ਤਿੰਨ ਮੱਝਾਂ ਮਰ ਗਈਆਂ ਅਤੇ ਕਈ ਮੱਝਾਂ ਦੇ ਸੱਟਾਂ ਲੱਗੀਆਂ। ਪਿੰਡ ਠੁੱਲੀਵਾਲ ਵਿਖੇ ਛੱਤ ਡਿੱਗਣ ਕਾਰਨ ਥੱਲੇ ਖੜੀਆਂ ਗੱਡੀਆਂ ਬੁਰੀ ਤਰਾਂ ਟੁੱਟ ਗਈਆਂ। ਪਿੰਡ ਗਹਿਲ ਵਿਖੇ ਗੋਲਡਨ ਰਾਇਸ ਮਿੱਲ ਬਾਰ ਸ਼ੈਲਰ ਦੀ ਕੰਧ ਢਹਿ ਢੇਰੀ ਹੋਣ ਕਾਰਨ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ : ਰਾਤ ਦੇ ਝੱਖੜ ਨੇ ਡੇਗੀ ਛੱਤ, ਇੱਕੋ ਪਰਿਵਾਰ ਦੇ ਤਿੰਨ ਜੀਅ ਜਖ਼ਮੀ
ਇਸ ਮੌਕੇ ਰਾਇਸ ਮਿੱਲ ਦੇ ਮਾਲਕ ਪੁਨੀਤ ਮਾਨ ਗਹਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਆਏ ਭਾਰੀ ਝੱਖੜ ਅਤੇ ਬਾਰਿਸ਼ ਦੇ ਕਾਰਨ ਚੰਨਣਵਾਲ ਰੋਡ ਪਿੰਡ ਗਹਿਲ ਵਿਖੇ ਬਣੇ ਗੋਲਡਨ ਰਾਇਸ ਮਿੱਲ ਬਾਰ ਸ਼ੈਲਰ ਦੀ ਚਾਰਦਿਵਾਰੀ ਵਾਲੀ ਕੰਧ ਡਿੱਗਣ ਕਾਰਨ ਨੁਕਸਾਨ ਹੋ ਗਿਆ ਹੈ । (Fury Of Storm) ਸੰਘੇੜਾ ਤੋਂ ਪਿੰਡ ਸਹਿਜੜਾ ਤੱਕ ਲੁਧਿਆਣਾ ਮੁੱਖ ਮਾਰਗ ਤੇ ਦਰੱਖ਼ਤ ਡਿੱਗਣ ਕਾਰਨ ਸਵੇਰੇ 9 ਵਜੇ ਤੱਕ ਆਵਾਜਾਈ ਪ੍ਰਭਾਵਿਤ ਹੋਈ। ਝੱਖੜ ਹਨੇਰੀ ਏਨੀ ਤੇਜ਼ ਸੀ ਕਿ ਆਸ ਪਾਸ ਦੇ ਲਿੰਕ ਰੋਡ ਬੰਦ ਹੋ ਗਏ, ਤੇ ਲੋਕ ਖੇਤਾਂ ਵਿੱਚ ਦੀ ਜਾਂਦੇ ਰਹੇ। ਇਸ ਹਨ੍ਹੇਰੀ ਦੀ ਲਪੇਟ ਵਿੱਚ ਆਉਣ ਨਾਲ ਬਿਜਲੀ ਖੰਬੇ ਅਤੇ ਟਰਾਸਫਾਰਮ ਡਿੱਗ ਗਏ ਜਿਸ ਕਾਰਨ ਪੂਰਾ ਦਿਨ ਬਿਜਲੀ ਬੰਦ ਰਹੀ ਤੇ ਬਿਜਲੀ ਕਰਮਚਾਰੀ ਪਿੰਡਾਂ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਬਿਜਲੀ ਸਪਲਾਈ ਚਾਲੂ ਕਰਨ ਲਈ ਜੱਦੋ ਜਹਿਦ ਕਰਦੇ ਰਹੇ।